ਕੈਨੇਡਾ : ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ, ਐਮਰਜੈਂਸੀ ਦਾ ਐਲਾਨ

Thursday, Aug 16, 2018 - 12:55 PM (IST)

ਬੀ. ਸੀ. (ਏਜੰਸੀ)— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਲੋਕਾਂ ਲਈ ਵੱਡੀ ਪਰੇਸ਼ਾਨੀ ਬਣ ਗਈ ਹੈ। ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਸੂਬੇ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਜੰਗਲਾਂ 'ਚ ਲੱਗੀ ਅੱਗ ਨਾਲ ਨਜਿੱਠਣ ਲਈ ਫਾਇਰ ਫਾਈਟਰਜ਼ ਪੂਰੀ ਮੁਸਤੈਦੀ ਨਾਲ ਜੁਟੇ ਹੋਏ ਹਨ। ਪਬਲਿਕ ਸੇਫਟੀ (ਜਨਤਕ ਸੁਰੱਖਿਆ) ਮੰਤਰੀ ਮਾਈਕ ਫਰੈਂਨਵੌਰਥ ਨੇ ਬੁੱਧਵਾਰ ਨੂੰ ਐਮਰਜੈਂਸੀ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਨਤਾ ਦੀ ਸੁਰੱਖਿਆ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਮਾਈਕ ਨੇ ਕਿਹਾ ਕਿ ਸਟੇਟ ਐਮਰਜੈਂਸੀ 14 ਦਿਨਾਂ ਲਈ ਹੁੰਦੀ ਹੈ ਅਤੇ ਲੋੜ ਪਈ ਤਾਂ ਇਹ ਵਧਾਈ ਜਾਂ ਘਟਾਈ ਵੀ ਜਾ ਸਕਦੀ ਹੈ। 

ਅੱਗ ਲੱਗਣ ਕਾਰਨ ਜੰਗਲਾਂ 'ਚ ਵੱਡੀ ਮਾਤਰਾ 'ਚ ਧੂੰਆਂ ਫੈਲ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਲੱਗੀ ਅੱਗ ਕਾਰਨ ਹੁਣ ਤਕ 380,000 ਹੈਕਟੇਅਰ ਜ਼ਮੀਨ ਨੂੰ ਨੁਕਸਾਨ ਪੁੱਜਾ ਹੈ। ਅੱਗ ਲੱਗਣ ਕਾਰਨ ਘਰਾਂ ਨੂੰ ਖਾਲੀ ਕਰਨ ਕਾਰਨ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ। ਸੂਬੇ ਵਿਚ 566 ਥਾਵਾਂ 'ਤੇ ਅੱਗ ਲੱਗੇ ਹੋਣ ਦੀਆਂ ਖਬਰਾਂ ਹਨ। 29 ਵਾਰ ਘਰਾਂ ਨੂੰ ਖਾਲੀ ਕਰਨ ਦੇ ਹੁਕਮ ਕਾਰਨ 3,000 ਤੋਂ ਵਧੇਰੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਨੇ ਪਏ ਹਨ। ਹੁਣ ਮੁੜ ਤੋਂ 48ਵੀਂ ਵਾਰ ਘਰਾਂ ਨੂੰ ਖਾਲੀ ਕਰਨ ਕਾਰਨ 19,000 ਦੇ ਕਰੀਬ ਲੋਕ ਪ੍ਰਭਾਵਿਤ ਹੋਏ ਹਨ। ਓਧਰ ਬੀ. ਸੀ. ਵਾਈਲਫਾਇਰ ਸਰਵਿਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਐਮਰਜੈਂਸੀ ਐਲਾਨ ਮਗਰੋਂ ਹੁਣ ਉਨ੍ਹਾਂ ਕੋਲ ਪੂਰੇ ਅਧਿਕਾਰ ਹਨ ਕਿ ਉਹ ਜੰਗਲਾਂ ਦੀ ਅੱਗ ਨਾਲ ਨਜਿੱਠਣ ਅਤੇ ਲੋਕਾਂ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕ ਸਕਦੇ ਹਨ।


Related News