ਰਾਹਤ! ਕੈਨੇਡਾ ਦੇ ਬੀ. ਸੀ. ਸੂਬੇ ''ਚ ਕੋਰੋਨਾ ਵਾਇਰਸ ਦੀ ਰੁਕੀ ਰਫਤਾਰ

Wednesday, Jun 03, 2020 - 01:02 PM (IST)

ਰਾਹਤ! ਕੈਨੇਡਾ ਦੇ ਬੀ. ਸੀ. ਸੂਬੇ ''ਚ ਕੋਰੋਨਾ ਵਾਇਰਸ ਦੀ ਰੁਕੀ ਰਫਤਾਰ

ਵਿਕਟੋਰੀਆ— ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (ਬੀ. ਸੀ.) 'ਚ ਕੋਰੋਨਾ ਵਾਇਰਸ ਦੀ ਰਫਤਾਰ ਕਾਫੀ ਮੱਧਮ ਪੈ ਗਈ ਹੈ। ਇੱਥੇ ਪਿਛਲੇ 24 ਘੰਟੇ 'ਚ ਸਿਰਫ 4 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਇਸ ਦੌਰਾਨ ਹੋਰ ਕੋਈ ਨਵੀਂ ਮੌਤ ਨਹੀਂ ਹੋਈ। ਸੂਬੇ ਦੀ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਇਸ ਨੂੰ ਇਕ ਮਹੱਤਵਪੂਰਣ ਸਕਾਰਾਤਮਕ ਸੰਕੇਤ ਦੱਸਦੇ ਹੋਏ ਕਿਹਾ ਕਿ ਬ੍ਰਿਟਿਸ਼ ਕੋਲੰਬੀਆ 'ਚ ਸੰਕਰਮਣ ਘੱਟ ਹੋ ਰਿਹਾ ਹੈ।


ਪਿਛਲੇ 24 ਘੰਟੇ 'ਚ ਸਾਹਮਣੇ ਆਏ ਚਾਰ ਨਵੇਂ ਮਾਮਲਿਆਂ ਨਾਲ ਸੂਬੇ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਸਿਰਫ ਇੱਥੇ 2,601 ਲੋਕ ਸੰਕਰਮਿਤ ਹੋਏ ਹਨ। ਵੈਨਕੂਵਰ ਕੋਸਟਲ ਹੈਲਥ ਖੇਤਰ 'ਚ 904 ਅਤੇ ਫਰੇਜ਼ਰ ਹੈਲਥ ਖੇਤਰ 'ਚ 1,311 ਮਾਮਲਿਆਂ ਦੇ ਨਾਲ ਇਨ੍ਹਾਂ 'ਚੋਂ ਬਹੁਤੇ ਮਾਮਲੇ ਬੀ. ਸੀ. ਦੇ ਲੋਅਰ ਮੇਨਲੈਂਡ 'ਚ ਹਨ। ਬੀ. ਸੀ. 'ਚ ਕੋਵਿਡ-19 ਦੇ 207 ਸਰਗਰਮ ਮਾਮਲੇ ਹਨ, ਜਿਨ੍ਹਾਂ 'ਚ 31 ਲੋਕ ਹਸਪਤਾਲ 'ਚ ਅਤੇ 8 ਵਿਅਕਤੀ ਗੰਭੀਰ ਦੇਖਭਾਲ 'ਚ ਹਨ।

ਹਾਲਾਂਕਿ, ਕਾਰੋਬਾਰਾਂ ਜਿਨ੍ਹਾਂ ਨੇ ਦੁਬਾਰਾ ਕੰਮ ਖੋਲ੍ਹਣਾ ਸ਼ੁਰੂ ਕੀਤਾ ਹੈ ਉਨ੍ਹਾਂ ਨੂੰ ਲੈ ਕੇ ਸੂਬਾਈ ਸਿਹਤ ਅਧਿਕਾਰੀ ਨੇ ਚਿਤਾਵਨੀ ਦਿੱਤੀ ਕਿ ਇਕੱਲੇ ਟੈਸਟਿੰਗ ਕਾਮਿਆਂ ਅਤੇ ਗਾਹਕਾਂ ਦੀ ਸੁਰੱਖਿਆ ਲਈ ਕਾਫ਼ੀ ਨਹੀਂ ਹੈ। ਡਾ. ਹੈਨਰੀ ਨੇ ਕਿਹਾ ਕਿ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਲੱਛਣਾਂ ਦੀ ਜਾਂਚ, ਸਾਫ-ਸਫਾਈ, ਸੁਰੱਖਿਆ ਉਪਕਰਣ ਤੇ ਇਕ-ਦੂਜੇ ਤੋਂ ਲੋੜੀਂਦੀ ਦੂਰੀ ਵਰਗੇ ਬਹੁਤ ਸਾਰੇ ਕਦਮ ਜ਼ਰੂਰੀ ਹਨ। ਉੱਥੇ ਹੀ, ਬੀ. ਸੀ. 'ਚ 2,229 ਲੋਕ ਜਿਨ੍ਹਾਂ 'ਚ ਕੋਰੋਨਾ ਵਾਇਰਸ ਹੋਣ ਦਾ ਸ਼ੱਕ ਸੀ, ਉਹ ਹੁਣ ਪੂਰੀ ਤਰ੍ਹਾਂ ਠੀਕ ਹੋ ਗਏ ਹਨ।


author

Lalita Mam

Content Editor

Related News