ਬ੍ਰਿਟਿਸ਼ ਕੋਲੰਬੀਆ ''ਚ ਹੁਣ ਤੱਕ 33 ਹਜ਼ਾਰ ਤੋਂ ਵੱਧ ਲੋਕ ਹੋਏ ਕੋਰੋਨਾ ਦੇ ਸ਼ਿਕਾਰ
Wednesday, Dec 02, 2020 - 10:40 AM (IST)
ਵਿਕਟੋਰੀਆ- ਬ੍ਰਿਟਿਸ਼ ਕੋਲੰਬੀਆ ਵਿਚ ਬੀਤੇ 24 ਘੰਟੇ ਦੌਰਾਨ ਕੋਰੋਨਾ ਵਾਇਰਸ ਦੇ 656 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੌਰਾਨ ਇੱਥੇ ਹੋਰ 16 ਲੋਕਾਂ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ ਹੈ।
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਹੁਣ ਤੱਕ ਕੋਰੋਨਾ ਦੇ 33,894 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਣ ਤੱਕ ਇੱਥੇ 457 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋ ਚੁੱਕੀ ਹੈ। ਇਸ ਸਮੇਂ ਸੂਬੇ ਵਿਚ ਕੋਰੋਨਾ ਦੇ 8,796 ਸਰਗਰਮ ਮਾਮਲੇ ਦਰਜ ਹਨ।
ਸਿਹਤ ਮੁਖੀ ਡਾਕਟਰ ਬੋਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਆਨ ਡਿਕਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਉਨ੍ਹਾਂ ਦਾ ਦੁੱਖ ਸਾਂਝਾ ਕਰਦੇ ਹਨ। ਕੋਰੋਨਾ ਨੂੰ ਰੋਕਣ ਲਈ ਲੋਕਾਂ ਨੂੰ ਸਮਾਜਕ ਦੂਰੀ ਅਤੇ ਮਾਸਕ ਪਾਉਣ ਦੀ ਜ਼ਰੂਰਤ ਹੈ। ਸੂਬੇ ਦੇ ਹਸਪਤਾਲਾਂ ਵਿਚ ਇਸ ਸਮੇਂ 336 ਲੋਕ ਇਲਾਜ ਕਰਵਾ ਰਹੇ ਹਨ ਜਦਕਿ 76 ਲੋਕਾਂ ਦੀ ਸਥਿਤੀ ਖਰਾਬ ਦੱਸੀ ਜਾ ਰਹੀ ਹੈ।
ਬੀਤੇ 24 ਘੰਟਿਆਂ ਦੌਰਾਨ ਹੋਰ ਲਾਂਗ ਟਰਮ ਕੇਅਰ ਹੋਮ ਵੀ ਕੋਰੋਨਾ ਦੀ ਲਪੇਟ ਵਿਚ ਆ ਗਏ ਹਨ। ਇਸ ਸਮੇਂ ਤਕ ਸੂਬੇ ਦੇ 61 ਹੈਲਥ ਕੇਅਰ ਸੈਂਟਰਾਂ ਵਿਚ ਕੋਰੋਨਾ ਦੇ ਸਰਗਰਮ ਮਾਮਲੇ ਸਾਹਮਣੇ ਆ ਚੁੱਕੇ ਹਨ। ਮੰਗਲਵਾਰ ਨੂੰ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਲੋਅਰ ਮੇਨਲੈਂਡ ਤੋਂ ਦਰਜ ਹੋਏ ਹਨ। ਰਾਹਤ ਦੀ ਖ਼ਬਰ ਇਹ ਹੈ ਕਿ ਮੰਗਲਵਾਰ ਤੱਕ 23,774 ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਸਿਹਤ ਮੰਤਰੀ ਨੇ ਅਪੀਲ ਕੀਤੀ ਕਿ ਲੋਕ 7 ਦਸੰਬਰ ਤੱਕ ਲਾਗੂ ਕੀਤੀਆਂ ਗਈਆਂ ਸਖ਼ਤ ਪਾਬੰਦੀਆਂ ਦੀ ਪਾਲਣਾ ਕਰਨ। ਜੇਕਰ ਬਹੁਤ ਜ਼ਰੂਰੀ ਨਾ ਹੋਵੇ ਤਾਂ ਲੋਕ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਦੂਰੀ ਹੀ ਬਣਾ ਕੇ ਰੱਖਣ।