ਆਸਟ੍ਰੇਲੀਆਈ ਵਿਗਿਆਨੀਆਂ ਨੇ ਕੀਤੀ ਮੋਤੀਆਬਿੰਦ ਨਾਲ ਜੁੜੇ 40 ਨਵੇਂ ਜੀਨ ਦੀ ਪਛਾਣ

Saturday, Jul 28, 2018 - 06:06 PM (IST)

ਸਿਡਨੀ (ਆਈ.ਏ.ਐਨ.ਐਸ.)- ਵਿਗਿਆਨੀਆਂ ਨੇ ਮੋਤੀਆਬਿੰਦ ਦਾ ਖਤਰਾ ਵਧਾਉਣ ਵਾਲੇ 40 ਨਵੇਂ ਜੀਨ ਦੀ ਪਛਾਣ ਕੀਤੀ ਹੈ। ਇਸ ਸਫਲਤਾ ਤੋਂ ਬਾਅਦ ਅੰਨ੍ਹੇਪਨ ਦੇ ਮੁੱਖ ਕਾਰਨਾਂ ਵਿਚੋਂ ਇਕ ਇਸ ਬੀਮਾਰੀ ਦੀ ਪਛਾਣ ਕਰਨ ਵਿਚ ਸਹਾਇਤਾ ਮਿਲ ਸਕਦੀ ਹੈ। ਆਸਟ੍ਰੇਲੀਆ ਦੇ ਕਿਊ.ਆਈ.ਐਮ.ਆਰ. ਬਰਘੋਫਰ ਮੈਡੀਕਲ ਰਿਸਰਚ ਇੰਸਟੀਚਿਊਟ ਵਿਚ ਹੋਈ ਖੋਜ ਮੁਤਾਬਕ ਜ਼ਿਆਦਾ ਜੈਨੇਟਿਕ ਨਿਸ਼ਾਨ ਵਾਲੇ ਵਿਅਕਤੀਆਂ ਵਿਚ ਮੋਤੀਆਬਿੰਦ ਦਾ ਖਤਰਾ ਘੱਟ ਜੀਨ ਵਾਲਿਆਂ ਤੋਂ 6 ਗੁਣਾ ਜ਼ਿਆਦਾ ਹੁੰਦਾ ਹੈ।
ਇਸ ਬੀਮਾਰੀ ਕਾਰਨ ਰੇਟਿਨਾ ਦੀ ਤੰਤਰਿਕਾ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਹੌਲੀ-ਹੌਲੀ ਵਿਅਕਤੀ ਦੀ ਦੇਖਣ ਦੀ ਸਮਰੱਥਾ ਘੱਟਣ ਲੱਗਦੀ ਹੈ। 2013 ਵਿਚ 6.43 ਕਰੋੜ ਲੋਕ ਇਸ ਬੀਮਾਰੀ ਤੋਂ ਪੀੜਤ ਸਨ। 2040 ਤੱਕ ਇਨ੍ਹਾਂ ਦੀ ਗਿਣਤੀ 11.18 ਕਰੋੜ ਤੱਕ ਹੋਣ ਦਾ ਅੰਦਾਜ਼ਾ ਹੈ। ਸਹੀ ਸਮੇਂ 'ਤੇ ਇਨ੍ਹਾਂ ਦੀ ਪਛਾਣ ਹੋ ਜਾਵੇ ਤਾਂ ਦਵਾਈਆਂ ਅਤੇ ਆਪ੍ਰੇਸ਼ਨ ਨਾਲ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ।
ਹਾਲਾਂਕਿ ਇਸ ਬੀਮਾਰੀ ਦੇ ਖਤਰੇ ਦੀ ਪਛਾਣ ਲਈ ਅਜੇ ਤੱਕ ਕੋਈ ਤਕਨੀਕ ਵਿਕਸਿਤ ਨਹੀਂ ਹੋਈ ਸੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜੀਨ ਦੀ ਪਛਾਣ ਹੋਣ ਨਾਲ ਅਸੀਂ ਪਹਿਲਾਂ ਤੋਂ ਹੀ ਬੀਮਾਰੀ ਦਾ ਪਤਾ ਲਗਾ ਸਕਾਂਗੇ। ਇਸ ਨਾਲ ਉਨ੍ਹਾਂ ਦਾ ਸਹੀ ਸਮੇਂ 'ਤੇ ਇਲਾਜ ਕਰਕੇ ਅੰਨ੍ਹੇਪਨ ਤੋਂ ਬਚਾਅ ਕੀਤਾ ਜਾ ਸਕੇਗਾ। ਜੀਨ ਦੀ ਪਛਾਣ ਕਰਨ ਲਈ 134,000 ਲੋਕਾਂ 'ਤੇ ਖੋਜ ਕੀਤੀ ਗਈ ਸੀ।


Related News