ਆਸਟ੍ਰੇਲੀਆਈ ਪੁਲਸ ਨੇ ਫੜਿਆ 766 ਕਿਲੋ ਦਾ ਨਸ਼ਾ, 4 ਸ਼ੱਕੀ ਕਾਬੂ
Wednesday, Aug 14, 2019 - 03:35 PM (IST)

ਸਿਡਨੀ— ਆਸਟ੍ਰੇਲੀਅਨ ਪੁਲਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੁਲਸ ਵਲੋਂ 766 ਕਿਲੋ ਦੇ ਨਸ਼ੀਲੇ ਪਦਾਰਥ ਫੜੇ ਗਏ ਹਨ, ਇਸ ਦੇ ਨਾਲ ਹੀ 4 ਸ਼ੱਕੀ ਵੀ ਹਿਰਾਸਤ 'ਚ ਲਏ ਗਏ ਹਨ। ਬੁੱਧਵਾਰ ਨੂੰ ਆਸਟ੍ਰੇਲੀਆਈ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਕੌਮਾਂਤਰੀ ਪੱਧਰ 'ਤੇ ਹੋ ਰਹੀ ਤਸਕਰੀ ਨੂੰ ਅਸਫਲ ਕੀਤਾ ਹੈ। ਸੂਬੇ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਸਮੇਤ ਨਿਊਜ਼ੀਲੈਂਡ ਦੀ ਪੁਲਸ ਅਤੇ ਖਾਸ ਏਜੰਸੀਆਂ ਵਲੋਂ ਮਿਲ ਕੇ ਇਸ ਤਸਕਰੀ ਨੂੰ ਅਸਫਲ ਕੀਤਾ ਗਿਆ।
ਅਧਿਕਾਰੀਆਂ ਮੁਤਾਬਕ ਇਨ੍ਹਾਂ ਮਹਿੰਗੇ ਨਸ਼ੀਲੇ ਪਦਾਰਥਾਂ ਮੈਥਾਈਲਨੇਡਓਕਸੀਮੇਥੈਫੇਟਾਮਾਈਨ (ਐਮ. ਡੀ. ਐਮ.ਏ.) ਦੀ ਵਰਤੋਂ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਤੋਂ ਲਗਭਗ 6 ਤੋਂ 12 ਮਿਲੀਅਨ ਕੈਪਸੂਲ ਬਣਾਏ ਜਾਣੇ ਸਨ, ਜਿਸ ਨਾਲ ਕਈ ਲੋਕਾਂ ਦੀ ਜ਼ਿੰਦਗੀ ਬਰਬਾਦ ਹੋਣੀ ਸੀ। ਆਸਟ੍ਰੇਲੀਆਈ ਕਰੰਸੀ 'ਚ ਇਸ ਨਸ਼ੀਲੇ ਪਦਾਰਥਾਂ ਦੀ ਕੀਮਤ 90 ਮਿਲੀਅਨ ਡਾਲਰ ਦੱਸੀ ਗਈ ਹੈ। ਪੁਲਸ ਨੇ ਕਈ ਵਾਹਨਾਂ 'ਚੋਂ 1,08,000 ਆਸਟ੍ਰੇਲੀਅਨ ਡਾਲਰਾਂ ਦਾ ਕੈਸ਼ ਅਤੇ ਹੋਰ ਵੀ ਨਸ਼ੀਲੇ ਪਦਾਰਥ ਫੜੇ ਹਨ।
ਕੁਈਨਜ਼ਲੈਂਡ 'ਚ ਬ੍ਰਿਟੇਨ ਦੇ ਦੋ ਵਿਅਕਤੀਆਂ ਨੂੰ ਨਸ਼ਾ ਤਸਕਰੀ ਦੇ ਦੋਸ਼ 'ਚ ਹਿਰਾਸਤ 'ਚ ਲਿਆ ਗਿਆ ਹੈ। ਨਿਊਜ਼ੀਲੈਂਡ ਦੀ ਪੁਲਸ ਨੇ ਵੀ ਬ੍ਰਿਟੇਨ ਦੇ ਦੋ ਵਿਅਕਤੀਆਂ ਨੂੰ ਫੜਿਆ। ਇਕ ਰਿਪੋਰਟ ਮੁਤਾਬਕ ਆਸਟ੍ਰੇਲੀਆ 'ਚ ਹਰ ਸਾਲ 1.1 ਟਨ ਐਮ. ਡੀ. ਐਮ.ਏ. ਦੀ ਵਰਤੋਂ ਕੀਤੀ ਜਾਂਦੀ ਹੈ, ਜਿਨ੍ਹਾਂ 'ਚੋਂ ਇਕੱਲੇ ਕੁਈਨਜ਼ਲੈਂਡ 'ਚ ਹੀ 223 ਕਿਲੋਗ੍ਰਾਮ ਨਸ਼ਾ ਵਰਤਿਆ ਜਾਂਦਾ ਹੈ।