ਫੇਸਬੁੱਕ ਖ਼ਿਲਾਫ਼ ਭਾਰਤ ਸਣੇ ਕਈ ਦੇਸ਼ਾਂ ਤੋਂ ਆਸਟ੍ਰੇਲੀਆਈ PM ਨੇ ਮੰਗਿਆ ਸਾਥ
Saturday, Feb 20, 2021 - 05:27 PM (IST)
ਸਿਡਨੀ- ਆਸਟ੍ਰੇਲੀਆ 'ਚ ਖ਼ਬਰਾਂ ਤੇ ਐਮਰਜੈਂਸੀ ਪੋਸਟਾਂ ਬੰਦ ਕਰ ਕੇ ਫੇਸਬੁੱਕ ਫਸ ਗਿਆ ਹੈ। ਆਸਟ੍ਰੇਲੀਆਈ ਸਰਕਾਰ ਨੇ ਇਸ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਅਸੀਂ ਕੰਪਨੀਆਂ ਦੀ ਧਮਕੀ ਤੋਂ ਨਹੀਂ ਡਰਾਂਗੇ। ਮੌਰੀਸਨ ਨੇ ਇਸ ਮੁੱਦੇ 'ਤੇ ਸਮਰਥਨ ਪ੍ਰਾਪਤ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਕੈਨੇਡਾ, ਫਰਾਂਸ ਅਤੇ ਬ੍ਰਿਟੇਨ ਦੇ ਮੁਖੀਆਂ ਨਾਲ ਗੱਲ ਕੀਤੀ।
ਆਸਟ੍ਰੇਲੀਆ ਫੇਸਬੁੱਕ 'ਤੇ ਕਾਰਵਾਈ ਲਈ ਕਾਨੂੰਨੀ ਲੜਾਈ ਲਈ ਵੀ ਤਿਆਰੀ ਕਰ ਰਿਹਾ ਹੈ। ਇਸ ਵਿਚਕਾਰ ਸੋਸ਼ਲ ਮੀਡੀਆ 'ਤੇ 'ਡਿਲੀਟ ਫੇਸਬੁੱਕ' ਤੇ 'ਬਾਇਕਾਟ ਜ਼ੁਕਰਬਰਗ' ਵਰਗੀਆਂ ਮੁਹਿੰਮਾਂ ਤੇਜ਼ ਹੋ ਗਈਆਂ ਹਨ। ਸੋਸ਼ਲ ਮੀਡੀਆ ਕੰਪਨੀ ਤੋਂ ਨਾਰਾਜ਼ ਮੌਰੀਸਨ ਨੇ ਕਿਹਾ, "ਫੇਸਬੁੱਕ ਦਾ ਇਹ ਕਦਮ ਸਿੱਧ ਕਰਦਾ ਹੈ ਕਿ ਵੱਡੀਆਂ ਟੈੱਕ ਕੰਪਨੀਆਂ ਸੋਚਦੀਆਂ ਹਨ ਕਿ ਉਹ ਸਰਕਾਰਾਂ ਤੋਂ ਵੱਡੀਆਂ ਹੋ ਗਈਆਂ ਹਨ ਤੇ ਉਨ੍ਹਾਂ 'ਤੇ ਨਿਯਮ ਲਾਗੂ ਨਹੀਂ ਹੁੰਦੇ। ਉਹ ਦੁਨੀਆ ਨੂੰ ਬਦਲ ਰਹੀਆਂ ਹੋਣਗੀਆਂ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਹੁਣ ਦੁਨੀਆ ਚਲਾਉਣਗੀਆਂ ਵੀ। ਉਹ ਸੰਸਦ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿਉਂਕਿ ਅਸੀਂ ਨਿਊਜ਼ ਮੀਡੀਆ ਬਾਰਗੇਨਿੰਗ ਕੋਡ 'ਤੇ ਵੋਟਿੰਗ ਕਰ ਰਹੇ ਹਾਂ।"
ਇਹ ਵੀ ਪੜ੍ਹੋ- ਸਾਊਦੀ ਅਰਬ 'ਚ ਭਾਰੀ ਬਰਫਬਾਰੀ ਨੇ ਤੋੜਿਆ 50 ਸਾਲ ਦਾ ਰਿਕਾਰਡ
ਜ਼ਿਕਰਯੋਗ ਹੈ ਕਿ ਨਵੇਂ ਕਾਨੂੰਨ ਦੇ ਬਾਅਦ ਟੈੱਕ ਕੰਪਨੀਆਂ ਨੂੰ ਆਸਟ੍ਰੇਲੀਆ ਦੇ ਨਿਊਜ਼ ਕੰਟੈਂਟ ਦੀ ਵਰਤੋਂ ਕਰਨ 'ਤੇ ਮੀਡੀਆ ਕੰਪਨੀਆਂ ਨੂੰ ਭੁਗਤਾਨ ਕਰਨਾ ਪਵੇਗਾ। ਆਸਟ੍ਰੇਲੀਆ ਦੀ ਸੰਸਦ ਦੇ ਹੇਠਲੇ ਸਦਨ ਵਿਚ ਇਹ ਬਿੱਲ ਬੁੱਧਵਾਰ ਰਾਤ ਪਾਸ ਹੋ ਗਿਆ। ਦੂਜੇ ਪਾਸੇ, ਫੇਸਬੁੱਕ ਦੀਆਂ ਨੀਤੀਆਂ ਤੋਂ ਪਰੇਸ਼ਾਨ ਹੋਰ ਦੇਸ਼ ਖੁੱਲ੍ਹ ਕੇ ਸਾਹਮਣੇ ਆਉਣ ਲੱਗੇ ਹਨ। ਬ੍ਰਿਟੇਨ ਦੇ ਡਿਜੀਟਲ, ਕਲਚਰ ਅਤੇ ਮੀਡੀਆ ਕਮੇਟੀ ਦੇ ਮੁਖੀ ਜੂਲੀਅਨ ਨਾਈਟ ਨੇ ਕਿਹਾ ਕਿ ਫੇਸਬੁੱਕ ਨੂੰ ਗੋਡੇ ਟੇਕਣ ਲਈ ਮਜਬੂਰ ਕਰਨ ਦੀ ਜ਼ਰੂਰਤ ਹੈ। ਉਸ ਨੂੰ ਬ੍ਰਿਟੇਨ ਵਿਚ ਵੀ ਨਿਊਜ਼ ਕੰਟੈਂਟ ਲਈ ਭੁਗਤਾਨ ਕਰਨਾ ਪਵੇਗਾ।
►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ