ਆਸਟ੍ਰੇਲੀਆ ''ਚ ਓਮੀਕਰੋਨ ਦੇ 3 ਮਾਮਲਿਆਂ ਦੀ ਪੁਸ਼ਟੀ, PM ਮੌਰੀਸਨ ਨੇ ਬੁਲਾਈ ਕੈਬਨਿਟ ਦੀ ਮੀਟਿੰਗ
Monday, Nov 29, 2021 - 01:21 PM (IST)
ਕੈਨਬਰਾ (ਯੂ.ਐੱਨ.ਆਈ.): ਆਸਟ੍ਰੇਲੀਆ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ ਨਵੇਂ ਓਮੀਕਰੋਨ ਵੈਰੀਐਂਟ ਦੇ 3 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਮਗਰੋਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਨਵੇਂ ਓਮੀਕ੍ਰੋਨ ਕੋਵਿਡ-19 ਵੇਰੀਐਂਟ ਨਾਲ ਨਜਿੱਠਣ ਲਈ ਰਾਜ ਅਤੇ ਖੇਤਰੀ ਨੇਤਾਵਾਂ ਦੀ ਮੀਟਿੰਗ ਬੁਲਾਈ ਹੈ।ਮੌਰੀਸਨ ਨੇ ਸੋਮਵਾਰ ਸਵੇਰੇ ਪੁਸ਼ਟੀ ਕੀਤੀ ਕਿ ਉਹ ਸੋਮਵਾਰ ਜਾਂ ਮੰਗਲਵਾਰ ਨੂੰ ਰਾਸ਼ਟਰੀ ਕੈਬਨਿਟ ਦੀ ਮੀਟਿੰਗ ਵਿੱਚ ਓਮੀਕਰੋਨ ਕੋਰੋਨਾ ਵਾਇਰਸ ਵੈਰੀਐਂਟ ਪ੍ਰਤੀ ਆਸਟ੍ਰੇਲੀਆ ਦੀ ਪ੍ਰਤੀਕਿਰਿਆ 'ਤੇ ਵਿਚਾਰ ਵਟਾਂਦਰੇ ਲਈ ਪ੍ਰੀਮੀਅਰਾਂ ਅਤੇ ਮੁੱਖ ਮੰਤਰੀਆਂ ਨਾਲ ਮੁਲਾਕਾਤ ਕਰਨਗੇ। ਇਸ ਮੀਟਿੰਗ ਦਾ ਐਲਾਨ ਸਿਰਫ ਦੋ ਦਿਨ ਪਹਿਲਾਂ ਹੋਇਆ ਹੈ ਜਦੋਂ ਆਸਟ੍ਰੇਲੀਆ 1 ਦਸੰਬਰ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਕੁਝ ਵੀਜ਼ਾ ਧਾਰਕਾਂ ਲਈ ਆਪਣੀਆਂ ਸਰਹੱਦਾਂ ਖੋਲ੍ਹਣ ਵਾਲਾ ਹੈ।
ਮੌਰੀਸਨ ਨੇ ਸੈਵਨ ਨੈੱਟਵਰਕ ਟੀਵੀ ਨੂੰ ਦੱਸਿਆ ਕਿ ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਵਿਦੇਸ਼ਾਂ ਤੋਂ ਆਉਣ ਵਾਲਿਆਂ ਲਈ ਲਾਜ਼ਮੀ 14-ਦਿਨ ਦੀ ਕੁਆਰੰਟੀਨ ਮਿਆਦ ਨੂੰ ਬਹਾਲ ਕਰਨ ਬਾਰੇ ਵਿਚਾਰ ਕਰਨਾ ਬਹੁਤ ਜਲਦੀ ਹੈ।ਅਸੀਂ ਨਵੀਂ ਜਾਣਕਾਰੀ ਦੇ ਮੱਦੇਨਜ਼ਰ ਇਸ 'ਤੇ ਵਿਚਾਰ ਕਰਾਂਗੇ। ਉੱਧਰ ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ ਆਸਟ੍ਰੇਲੀਆ ਦੀ ਉੱਚ ਕੋਵਿਡ ਟੀਕਾਕਰਨ ਦਰ ਨੇ ਦੇਸ਼ ਨੂੰ ਇੱਕ ਮਜ਼ਬੂਤ ਸਥਿਤੀ ਵਿੱਚ ਲਿਆ ਦਿੱਤਾ ਹੈ। ਉਹਨਾਂ ਨੇ ਕੈਨਬਰਾ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅਸੀਂ 1 ਫਰਵਰੀ 2020 ਤੋਂ ਇੱਕ ਬਹੁਤ ਵੱਖਰੀ ਸਥਿਤੀ ਵਿੱਚ ਹਾਂ। ਹੰਟ ਨੇ ਘੋਸ਼ਣਾ ਕੀਤੀ ਕਿ ਉਹਨਾਂ ਨੇ ਆਸਟ੍ਰੇਲੀਅਨ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਨ ਇਮਯੂਨਾਈਜ਼ੇਸ਼ਨ (ਏਟੀਜੀਆਈ) ਨੂੰ ਬੂਸਟਰ ਟੀਕਾਕਰਨ ਲਈ ਸਮਾਂ ਸੀਮਾਵਾਂ ਦੀ ਸਮੀਖਿਆ ਕਰਨ ਲਈ ਕਿਹਾ ਹੈ, ਜੋ ਵਰਤਮਾਨ ਵਿੱਚ ਸਾਰੇ 18 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਦੂਜੇ ਟੀਕੇ ਤੋਂ ਛੇ ਮਹੀਨਿਆਂ ਬਾਅਦ ਨਿਰਧਾਰਤ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਕੋਵਿਡ-19 ਦੇ ਓਮੀਕਰੋਨ ਵੈਰੀਐਂਟ ਦੇ ਦੋ ਮਾਮਲਿਆਂ ਦੀ ਪੁਸ਼ਟੀ
ਆਸਟ੍ਰੇਲੀਆ ਦੇ ਰਾਜ ਨਿਊ ਸਾਊਥ ਵੇਲਜ਼ ਦੇ ਸਿਹਤ ਅਧਿਕਾਰੀਆਂ ਨੇ ਐਤਵਾਰ ਨੂੰ ਵਿਦੇਸ਼ੀ ਯਾਤਰੀਆਂ ਤੋਂ ਤੁਰੰਤ ਜੀਨੋਮਿਕ ਸੀਕਵੈਂਸਿੰਗ ਕਰਵਾਉਣ ਤੋਂ ਬਾਅਦ ਨਵੇਂ ਓਮੀਕਰੋਨ ਕੋਰੋਨਾ ਵਾਇਰਸ ਵੇਰੀਐਂਟ ਦੇ ਤਿੰਨ ਮਾਮਲਿਆਂ ਦੀ ਪੁਸ਼ਟੀ ਕੀਤੀ। ਤੀਜੀ ਲਹਿਰ ਨਾਲ ਜੂਝ ਰਹੇ ਆਸਟ੍ਰੇਲੀਆ ਨੇ ਅੱਜ ਭਾਵ ਸੋਮਵਾਰ ਸਵੇਰੇ 1,100 ਤੋਂ ਵੱਧ ਨਵੇਂ ਸਥਾਨਕ ਤੌਰ 'ਤੇ ਪ੍ਰਾਪਤ ਕੀਤੇ ਕੋਵਿਡ-19 ਕੇਸਾਂ ਦੀ ਰਿਪੋਰਟ ਕੀਤੀ।ਜ਼ਿਆਦਾਤਰ ਨਵੇਂ ਕੇਸ ਵਿਕਟੋਰੀਆ ਵਿੱਚ ਸਨ ਜੋ ਦੇਸ਼ ਦਾ ਦੂਜਾ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਹੈ ਅਤੇ ਜਿਸ ਦੀ ਰਾਜਧਾਨੀ ਮੈਲਬੌਰਨ ਹੈ। ਇੱਥੇ 1,007 ਕੇਸ ਅਤੇ ਤਿੰਨ ਮੌਤਾਂ ਹੋਈਆਂ ਹਨ।ਸਿਹਤ ਵਿਭਾਗ ਮੁਤਾਬਕ, ਹੁਣ ਤੱਕ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲਗਭਗ 92.3 ਪ੍ਰਤੀਸ਼ਤ ਆਸਟ੍ਰੇਲੀਅਨਾਂ ਨੇ ਟੀਕੇ ਦੀ ਇੱਕ ਖੁਰਾਕ ਲਗਵਾਈ ਹੈ ਅਤੇ 86.7 ਪ੍ਰਤੀਸ਼ਤ ਨੂੰ ਦੂਜੀ ਖੁਰਾਕ ਲੱਗ ਚੁੱਕੀ ਹੈ।