ਯਮਨ ''ਚ ਅਗਵਾ ਕੀਤਾ ਗਿਆ ਆਸਟਰੇਲੀਆਈ ਨਾਗਰਿਕ ਰਿਹਾਅ, ਵਿਦੇਸ਼ ਮੰਤਰੀ ਨੇ ਕੀਤਾ ਧੰਨਵਾਦ

05/24/2017 6:11:39 PM

ਮੈਲਬੌਰਨ/ਯਮਨ— ਬੀਤੇ ਸਾਲੇ ਯਮਨ 'ਚ ਅਗਵਾ ਕੀਤੇ ਗਏ ਆਸਟਰੇਲੀਆ ਦੇ ਨਾਗਰਿਕ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਆਸਟਰੇਲੀਆ ਦੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਇਹ ਜਾਣਕਾਰੀ ਦਿੱਤੀ। ਅਗਵਾ ਕੀਤਾ ਗਿਆ ਨਾਗਰਿਕ ਆਸਟਰੇਲੀਅਨ ਫੁੱਟਬਾਲ ਦਾ ਕੋਚ ਸੀ। ਬਿਸ਼ਪ ਨੇ ਕਿਹਾ ਕਿ ਉਹ ਸੁਰੱਖਿਅਤ ਅਤੇ ਸਹੀ ਸਲਾਮਤ ਹਨ। ਇੱਥੇ ਦੱਸ ਦੇਈਏ ਕਿ ਕਰੇਗ ਬਰੂਸ ਮੈਕਐਲਿਸਟਰ ਨੂੰ ਬੀਤੇ ਸਾਲ ਯਮਨ ਦੀ ਰਾਜਧਾਨੀ ਸਨਾ 'ਚ ਅਕਤੂਬਰ ਮਹੀਨੇ 'ਚ ਅਗਵਾ ਕੀਤਾ ਗਿਆ ਸੀ। ਆਸਟਰੇਲੀਆ ਵਾਪਸ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਓਮਾਨ ਭੇਜ ਦਿੱਤਾ ਗਿਆ ਸੀ। ਉਹ ਏਸ਼ੀਆ ਅਤੇ ਯੂਰਪ 'ਚ ਮਨੁੱਖਤਾ ਦੀ ਭਲਾਈ ਦੇ ਕੰਮਾਂ ਲਈ ਚੈਰੀਟੇਬਲ ਈਸਾਈ ਗਰੁੱਪ ਨਾਲ ਕੰਮ ਕਰਦੇ ਹਨ।
ਇਸ ਫੁੱਟਬਾਲ ਕੋਚ ਨੇ ਅਕਤੂਬਰ ਮਹੀਨੇ 'ਚ ਇਕ ਵੀਡੀਓ ਜਾਰੀ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਰਿਹਾਈ ਦੀ ਮੰਗ ਕੀਤੀ ਸੀ। ਉਨ੍ਹਾਂ ਨੂੰ ਅਣਪਛਾਤੇ ਇਸਲਾਮਿਕ ਅੱਤਵਾਦੀ ਸਮੂਹ ਵਲੋਂ ਅਗਵਾ ਕੀਤਾ ਗਿਆ ਸੀ, ਜਿਸ ਨੇ ਆਸਟਰੇਲੀਆਈ ਸਰਕਾਰ ਤੋਂ ਰਿਹਾਅ ਲਈ ਫਿਰੌਤੀ ਦੀ ਮੰਗ ਕੀਤੀ ਸੀ। ਉਨ੍ਹਾਂ ਦੀ ਰਿਹਾਈ ਲਈ ਓਮਾਨ ਅਥਾਰਟੀ ਅਧਿਕਾਰੀਆਂ ਨੇ ਮਦਦ ਕੀਤੀ। ਇਸ ਲਈ ਬਿਸ਼ਪ ਨੇ ਅਧਿਕਾਰੀਆਂ ਅਤੇ ਓਮਾਨ ਦੇ ਸੁਲਤਾਨ ਕਿਬੋਸ ਬਿਨ ਸੈਦ ਅਲ-ਸੈਦ ਦਾ ਧੰਨਵਾਦ ਕੀਤਾ।


Related News