ਆਸਟ੍ਰੇਲੀਆ ਫੈਡਰਲ ਚੋਣਾਂ : ਅੱਜ ਪੈ ਰਹੀਆਂ ਹਨ ਵੋਟਾਂ, ਜਾਣੋ ਪਾਰਟੀਆਂ ਦੀ ਸਥਿਤੀ

Saturday, May 21, 2022 - 09:49 AM (IST)

ਆਸਟ੍ਰੇਲੀਆ ਫੈਡਰਲ ਚੋਣਾਂ : ਅੱਜ ਪੈ ਰਹੀਆਂ ਹਨ ਵੋਟਾਂ, ਜਾਣੋ ਪਾਰਟੀਆਂ ਦੀ ਸਥਿਤੀ

ਐਡੀਲੇਡ (ਗੁਰਪ੍ਰੀਤ ਸਿੰਘ ਨਿਆਮੀਆਂ)- ਆਸਟ੍ਰੇਲੀਆ ਵਿਖੇ ਫੈਡਰਲ ਚੋਣਾਂ ਭਾਵੇਂ 9 ਮਈ ਤੋਂ ਸ਼ੁਰੂ ਹੋ ਚੁੱਕੀਆਂ ਹਨ ਪ੍ਰੰਤੂ ਫਾਈਨਲ ਚੋਣਾਂ 21 ਮਈ ਯਾਨੀ ਅੱਜ ਪੈਣਗੀਆਂ। ਇਸ ਸੰਬੰਧ ਵਿਚ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਚੋਣਾਂ ਸਵੇਰੇ 8 ਵਜੇ ਤੋਂ ਸ਼ਾਮੀਂ 5 ਵਜੇ ਤੱਕ ਹੋਣਗੀਆਂ ਪਰ ਜਿੱਤਣ ਵਾਲੀਆਂ ਪਾਰਟੀਆਂ ਦੇ ਰੁਝਾਨ ਬਾਅਦ ਦੁਪਹਿਰ 3 ਵਜੇ ਤੋਂ ਹੀ ਆਉਣੇ ਸ਼ੁਰੂ ਹੋ ਜਾਣਗੇ ਅਤੇ ਅੰਦਾਜ਼ਾ ਲਾਇਆ ਜਾ ਸਕੇਗਾ ਕਿ ਕਿਹੜੀ ਪਾਰਟੀ ਇਸ ਵਾਰ ਆਸਟ੍ਰੇਲੀਆ ਵਿੱਚ ਸਰਕਾਰ ਬਣਾਵੇਗੀ। 

ਇਥੇ ਇਹ ਗੱਲ ਖਾਸ ਤੌਰ ਤੇ ਜ਼ਿਕਰਯੋਗ ਹੈ ਕਿ ਭਾਵੇਂ ਆਸਟ੍ਰੇਲੀਆ ਵਿਚ ਚੋਣਾਂ ਵੱਖਰੇ ਤਰੀਕੇ ਨਾਲ ਹੁੰਦੀਆਂ ਹਨ ਜੋ ਕਿ ਭਾਰਤ ਨਾਲੋਂ ਬਿਲਕੁਲ ਹੀ ਵੱਖਰਾ ਤਰੀਕਾ ਹੁੰਦਾ ਹੈ। ਪ੍ਰੰਤੂ ਫਿਰ ਵੀ ਇੱਥੇ ਇਕ ਦੂਸਰੇ ਉਮੀਦਵਾਰਾਂ ਪ੍ਰਤੀ ਦੂਸ਼ਣਬਾਜ਼ੀ ਕਾਫ਼ੀ ਜ਼ੋਰ ਤੇ ਹੈ। ਥਾਂ-ਥਾਂ 'ਤੇ ਉਮੀਦਵਾਰਾਂ ਵੱਲੋਂ ਆਪਣੇ ਬੋਰਡ ਲਗਾਏ ਹੋਏ ਹਨ ਅਤੇ ਕਈ ਬੋਰਡ ਤਾਂ ਅਜਿਹੇ ਵੀ ਹਨ ਜਿਨ੍ਹਾਂ ਉਤੇ ਵਿਰੋਧੀ ਉਮੀਦਵਾਰਾਂ ਪ੍ਰਤੀ ਕਾਫ਼ੀ ਦੂਸ਼ਣ ਭਰੇ ਸ਼ਬਦ ਲਿਖੇ ਮਿਲਦੇ ਹਨ। ਭਾਵੇਂ ਸਿੱਧੇ ਤੌਰ 'ਤੇ ਕਿਸੇ ਵੀ ਉਮੀਦਵਾਰ ਪ੍ਰਤੀ ਜ਼ਿਆਦਾ ਭੱਦੀ ਸ਼ਬਦਾਵਲੀ ਨਹੀਂ ਵਰਤੀ ਜਾਂਦੀ ਪ੍ਰੰਤੂ ਉਨ੍ਹਾਂ ਦੀ ਪਿਛਲੀ ਕਾਰਗੁਜ਼ਾਰੀ ਨੂੰ ਲੈ ਕੇ ਸਿੱਧੇ ਰੂਪ ਵਿਚ ਉਨ੍ਹਾਂ 'ਤੇ ਵਿਅੰਗ ਕਸੇ ਜਾਂਦੇ ਹਨ। ਆਸਟਰੇਲੀਆ ਵਿਚ ਫੈਡਰਲ ਚੋਣਾਂ ਹਰ 3 ਸਾਲ ਬਾਅਦ ਕਰਵਾਈਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ: ਜੁੜਵਾਂ ਭੈਣਾਂ ਦੇ ਨਾਲ ਅਜੀਬ ਸੰਯੋਗ, ਇੱਕੋ ਦਿਨ ਇੱਕੋ ਜਿਹੇ ਪੁੱਤਰਾਂ ਨੂੰ ਜਨਮ ਦਿੱਤਾ

ਇਸ ਵੇਲੇ ਆਸਟ੍ਰੇਲੀਆ ਦੇ ਮੌਜੂਦਾ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਹਨ, ਜੋ ਕਿ ਲਿਬਰਲ ਪਾਰਟੀ ਨਾਲ ਸਬੰਧ ਰੱਖਦੇ ਹਨ ਅਤੇ ਉਹ ਲਗਾਤਾਰ ਪਿਛਲੀਆਂ ਤਿੰਨ ਟਰਮਾਂ ਤੋਂ ਪ੍ਰਧਾਨ ਮੰਤਰੀ ਚੁਣੇ ਜਾ ਰਹੇ ਹਨ। ਇਸ ਵਾਰ ਲੇਬਰ ਪਾਰਟੀ ਵੱਲੋਂ ਐਂਥਨੀ ਐਲਬਨੀਜ਼ੀ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਵਾਰ ਲੇਬਰ ਪਾਰਟੀ ਦਾ ਪ੍ਰਧਾਨ ਮੰਤਰੀ ਬਣਨ ਦੀਆਂ ਜ਼ਿਆਦਾ ਸੰਭਾਵਨਾਵਾਂ ਦੱਸੀਆਂ ਜਾ ਰਹੀਆਂ ਹਨ। ਕਈ ਥਾਵਾਂ 'ਤੇ ਮੁਕਾਬਲਾ ਬਹੁਤ ਫਸਵਾਂ ਹੈ ਅਤੇ ਵੱਡੇ ਸ਼ਹਿਰਾਂ ਜਿਵੇਂ ਸਿਡਨੀ ਆਦਿ ਵਿਚ ਦੁਬਾਰਾ ਲਿਬਰਲ ਪਾਰਟੀ ਨੂੰ ਹੀ ਲਿਆਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਪ੍ਰੰਤੂ ਦੂਜੇ ਵੱਡੇ ਸ਼ਹਿਰਾਂ ਵਿੱਚ ਲੇਬਰ ਪਾਰਟੀ ਦਾ ਦਬਦਬਾ ਹੈ। ਜਿਵੇਂ ਐਡੀਲੇਡ ਵਿੱਚ ਹਾਲ ਹੀ ਵਿੱਚ ਹੋਈਆਂ ਰਾਜ ਦੀਆਂ ਚੋਣਾਂ ਵਿੱਚ ਲੇਬਰ ਪਾਰਟੀ ਨੂੰ ਜਿੱਤ ਨਸੀਬ ਹੋਈ ਹੈ। ਇਸ ਲਈ ਇੱਥੋਂ ਦੇ ਲੋਕਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਲੇਬਰ ਪਾਰਟੀ ਦਾ ਹੀ ਹੋਵੇਗਾ। ਆਸਟ੍ਰੇਲੀਆ ਵਿੱਚ ਚੋਣ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਸੀ। ਪ੍ਰਧਾਨਮੰਤਰੀ ਸਕਾਟ ਮਾਰੀਸਨ ਐਡੀਲੇਡ ਵਿਖੇ ਚੋਣ ਪ੍ਰਚਾਰ ਦੇ ਅੰਤਮ ਸਮੇਂ ਦੌਰਾਨ ਲੋਕਾਂ ਨਾਲ ਖੁੱਲ੍ਹ ਕੇ ਚੋਣ ਪ੍ਰਚਾਰ ਕਰਦੇ ਦਿਖਾਈ ਦਿੱਤੇ। ਉਹ ਗੁਰਦੁਆਰਾ ਸਾਹਿਬ ਵਿਖੇ ਵੀ ਗਏ ਜਿੱਥੇ ਉਨ੍ਹਾਂ ਲੰਗਰ ਵਿਚ ਸੇਵਾ ਵੀ ਕੀਤੀ ਤਾਂ ਜੋ ਵੱਧ ਤੋਂ ਵੱਧ ਵੋਟਾਂ ਖਿੱਚੀਆਂ ਜਾ ਸਕਣ।

ਕਿੰਨੀਆਂ ਸੀਟਾਂ ਲਈ ਹੋ ਰਹੀਆਂ ਹਨ ਚੋਣਾਂ: ਆਸਟ੍ਰੇਲੀਆ ਵਿਚ ਉਪਰਲਾ ਅਤੇ ਹੇਠਲਾ ਦੋ ਸਦਨ ਹੁੰਦੇ ਹਨ। ਹੇਠਲੇ ਸਦਨ ਨੂੰ ਹਾਊਸ ਆਫ ਰੀਪ੍ਰੀਜੈਂਟੇਟਿਵ ਅਤੇ ਉਪਰਲੇ ਸਦਨ ਨੂੰ ਸੈਨੇਟਰ ਹਾਊਸ ਕਿਹਾ ਜਾਂਦਾ ਹੈ। ਹਾਊਸ ਆਫ ਰੀਪ੍ਰੀਜੈਂਟੇਟਿਵ ਦੀਆਂ ਕੁੱਲ 151 ਸੀਟਾਂ ਹਨ, ਜਦਕਿ ਸੈਨੇਟਰ ਹਾਊਸ ਦੀਆਂ 76 ਸੀਟਾਂ ਹਨ। ਆਸਟ੍ਰੇਲੀਆ ਦੇ ਕੁੱਲ 6 ਰਾਜ ਅਤੇ 2 ਯੂਨੀਅਨ ਟੈਰੀਟਰੀਜ਼ ਹਨ। ਹਰ ਇੱਕ ਯੂਨੀਅਨ ਟੈਰੀਟਰੀ ਤੋਂ ਦੋ-ਦੋ ਸੈਨੇਟਰ ਚੁਣੇ ਜਾਂਦੇ ਹਨ, ਜਦ ਕਿ ਹਰ ਇਕ ਰਾਜ ਤੋਂ ਚੁਣੇ ਜਾਣ ਵਾਲੇ ਸੈਨੇਟਰਾਂ ਦੀ ਗਿਣਤੀ 12-12 ਹੁੰਦੀ ਹੈ। ਆਬਾਦੀ ਦੇ ਹਿਸਾਬ ਨਾਲ ਹਾਊਸ ਆਫ਼ ਰੀਪ੍ਰੀਜੈਂਟੇਟਿਵ ਲਈ ਸਾਂਸਦਾਂ ਦੀ ਗਿਣਤੀ ਵਧਦੀ ਘਟਦੀ ਰਹਿੰਦੀ ਹੈ। ਇਸ ਵਾਰੀ ਵਿਕਟੋਰੀਆ ਸੂਬੇ ਲਈ ਹਾਊਸ ਆਫ ਰੀਪ੍ਰੀਜੈਂਟੇਟਿਵ ਵਾਲੇ ਐੱਮ.ਪੀ. ਦੀ ਇਕ ਸੀਟ ਵੱਧ ਗਈ ਹੈ, ਜਦਕਿ ਸਾਊਥ ਆਸਟਰੇਲੀਆ ਸੂਬੇ ਦੀ ਇਕ ਸੀਟ ਘੱਟ ਗਈ ਹੈ। ਇਸ ਵੇਲੇ ਨਿਊ ਸਾਊਥ ਵੇਲਜ਼ ਸੂਬੇ ਤੋਂ 47, ਵਿਕਟੋਰੀਆ ਤੋਂ 38, ਕੁਈਨਜ਼ਲੈਂਡ ਤੋਂ 30, ਵੈਸਟਰਨ ਆਸਟ੍ਰੇਲੀਆ ਤੋਂ 16, ਸਾਊਥ ਆਸਟ੍ਰੇਲੀਆ ਤੋਂ 10, ਤਸਮਾਨੀਆ ਤੋਂ 5, ਕੈਨਬਰਾ ਤੋਂ 3 ਅਤੇ ਨਾਰਦਰਨ ਟੈਰੀਟਰੀ ਤੋਂ 2 ਸ਼ੀਟਾਂ ਹਾਊਸ ਆਫ਼ ਰੀਪ੍ਰੀਜੈਂਟੇਟਿਵ ਲਈ ਹਨ।

ਇਹ ਵੀ ਪੜ੍ਹੋ: 7 ਮਹੀਨੇ ਦੀ ਗਰਭਵਤੀ ਨੂੰ ਢਿੱਡ 'ਚ ਲੱਗੀ ਗੋਲੀ, ਮੌਤ ਨਾਲ ਲੜ ਬੱਚੇ ਨੂੰ ਜਨਮ ਦੇਣ ਮਗਰੋਂ ਤੋੜਿਆ ਦਮ

ਮੌਜੂਦਾ ਸਰਕਾਰ ਵਿੱਚ ਇਹ ਹੈ ਪਾਰਟੀਆਂ ਦੀ ਸਥਿਤੀ: ਪਿਛਲੀਆਂ ਚੋਣਾਂ 18 ਮਈ 2019 ਨੂੰ ਹੋਈਆਂ ਸਨ, ਜਿਨ੍ਹਾਂ ਵਿਚ ਤੀਸਰੀ ਵਾਰ ਲਿਬਰਲ ਪਾਰਟੀ ਦੇ ਸਕਾਟ ਮਾਰੀਸਨ ਪ੍ਰਧਾਨ ਮੰਤਰੀ ਵਜੋਂ ਚੁਣੇ ਗਏ ਸਨ। ਜਿਸ ਤਰ੍ਹਾਂ ਭਾਰਤ ਵਿੱਚ ਵੱਖ-ਵੱਖ ਹਮ ਖਿਆਲੀਆਂ ਨੇ ਮਿਲ ਕੇ ਯੂ. ਪੀ. ਏ. ਅਤੇ ਐੱਨ. ਪੀ. ਏ. ਬਣਾਏ ਹੋਏ ਹਨ, ਉਸੇ ਤਰ੍ਹਾਂ ਆਸਟ੍ਰੇਲੀਆ ਵਿੱਚ ਵੀ ਲਿਬਰਲ ਕੋਲੀਸ਼ਨ ਅਤੇ ਲੇਬਰ ਪਾਰਟੀਆਂ ਬਣਾਈਆਂ ਹੋਈਆਂ ਹਨ। ਲੇਬਰ ਪਾਰਟੀ ਕਿਉਂਕਿ ਕਾਫ਼ੀ ਵੱਡੀ ਪਾਰਟੀ ਹੈ ਅਤੇ ਉਸ ਨੂੰ ਗਰੀਨਜ਼ ਪਾਰਟੀ ਦੀ ਹਮਾਇਤ ਮਿਲਦੀ ਹੈ। ਲਿਬਰਲ ਕੋਲੀਸ਼ਨ ਗਰੁੱਪ ਵਿਚ ਲਿਬਰਲ ਪਾਰਟੀ, ਲਿਬਰਲ ਨੈਸ਼ਨਲ ਕੁਈਂਜ਼ਲੈਂਡ ਪਾਰਟੀ, ਨੈਸ਼ਨਲ ਪਾਰਟੀ ਅਤੇ ਕੰਟਰੀ ਲਿਬਰਲ ਪਾਰਟੀ ਸ਼ਾਮਲ ਹਨ। ਪਿਛਲੀ ਵਾਰ ਲਿਬਰਲ ਕੋਲੀਸ਼ਨ ਗਰੁੱਪ ਨੂੰ 77 ਸੀਟਾਂ ਪ੍ਰਾਪਤ ਹੋਈਆਂ ਸਨ, ਜਦਕਿ ਇਕੱਲੀ ਲੇਬਰ ਪਾਰਟੀ ਨੇ 68 ਸੀਟਾਂ ਲਈਆਂ ਸਨ। ਇਕ ਸੀਟ ਗਰੀਨਜ਼ ਪਾਰਟੀ ਨੂੰ ਮਿਲੀ ਸੀ, ਜੋ ਕਿ ਉਸ ਨੇ ਲੇਬਰ ਪਾਰਟੀ ਨੂੰ ਹਮਾਇਤ ਵਜੋਂ ਦਿੱਤੀ ਸੀ ਪ੍ਰੰਤੂ ਕਿਉਂਕਿ ਲਿਬਰਲ ਕੋਲੀਸ਼ਨ ਗਰੁੱਪ ਦੀਆਂ ਵੋਟਾਂ ਦੀ ਪ੍ਰਤੀਸ਼ਤਤਾ 51.53 ਸੀ, ਇਸ ਲਈ ਉਸ ਦਾ ਪ੍ਰਧਾਨ ਮੰਤਰੀ ਬਣ ਗਿਆ। ਦੂਸਰੇ ਪਾਸੇ ਲੇਬਰ ਪਾਰਟੀ ਦੀਆਂ ਵੋਟਾਂ ਦੀ ਪ੍ਰਤੀਸ਼ਤ 48.47 ਸੀ। ਜੋ ਮੌਜੂਦਾ ਰੁਝਾਨ ਹਨ, ਉਨ੍ਹਾਂ ਅਨੁਸਾਰ ਇਸ ਵਾਰ ਲੇਬਰ ਪਾਰਟੀ ਦੀ ਸਰਕਾਰ ਬਣਨ ਦੇ ਜ਼ਿਆਦਾ ਆਸਾਰ ਹਨ ਪ੍ਰੰਤੂ ਮੁਕਾਬਲਾ ਬਹੁਤ ਜ਼ਿਆਦਾ ਫਸਵਾਂ ਹੈ, ਇਸ ਲਈ ਸਾਰੀਆਂ ਹੀ ਪਾਰਟੀਆਂ ਵੱਲੋਂ ਜ਼ੋਰ-ਸ਼ੋਰ ਨਾਲ ਅੱਜ ਆਖ਼ਰੀ ਦਿਨ ਚੋਣ ਪ੍ਰਚਾਰ ਕੀਤਾ ਗਿਆ।

ਮੁੱਖ ਤੌਰ 'ਤੇ ਇਹ ਪਾਰਟੀਆਂ ਲੜ ਰਹੀਆਂ ਹਨ ਚੋਣਾਂ: ਆਸਟ੍ਰੇਲੀਆ ਵਿਖੇ ਮੁੱਖ ਤੌਰ 'ਤੇ ਆਸਟਰੇਲੀਅਨ ਲੇਬਰ ਪਾਰਟੀ ਅਤੇ ਲਿਬਰਲ ਨੈਸ਼ਨਲ ਪਾਰਟੀ ਹਨ। ਆਸਟ੍ਰੇਲੀਆ ਦੀ ਤੀਸਰੀ ਵੱਡੀ ਪਾਰਟੀ ਗਰੀਨਜ਼ ਹੈ। ਇਸ ਤੋਂ ਇਲਾਵਾ ਖੱਬੇ ਪੱਖੀ ਪਾਰਟੀ ਪੋਲਿਨ ਹੈਨਸਨਜ਼ ਵਨ ਨੇਸ਼ਨ ਪਾਰਟੀ ਹੈ ਜੋ ਕਿ ਕੇਵਲ ਤੇ ਕੇਵਲ ਇੱਥੋਂ ਦੇ ਵਸਨੀਕਾਂ ਦੀ ਹੀ ਵਕਾਲਤ ਕਰਦੀ ਹੈ। ਇਸ ਪਾਰਟੀ ਵੱਲੋਂ ਸਾਰੇ ਹੀ ਵਿਦੇਸ਼ੀਆਂ ਨੂੰ ਬੁਰੀ ਨਜ਼ਰ ਨਾਲ ਦੇਖਿਆ ਜਾਂਦਾ ਹੈ, ਜਿਸ ਕਰਕੇ ਇਸ ਦੇ ਵੋਟਰ ਕੱਟੜ ਕਿਸਮ ਦੇ ਲੋਕ ਹਨ ਅਤੇ ਉਹ ਇੰਗਲੈਂਡ ਦੀ ਵਿਚਾਰਧਾਰਾ ਵਾਲੇ ਚਿੱਟੇ ਲੋਕ ਹੀ ਹਨ।

ਇਹ ਵੀ ਪੜ੍ਹੋ: 'ਜੇਲੇਂਸਕੀ' ਦੇ ਪਿਆਰ 'ਚ ਪਾਗਲ ਪੁਤਿਨ ਦੀ ਧੀ ਕੈਟਰੀਨਾ, 5 ਸਾਲਾਂ ਤੋਂ ਹੈ ਰਿਲੇਸ਼ਨਸ਼ਿਪ 'ਚ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News