ਆਸਟ੍ਰੇਲੀਆਈ ਨਾਗਰਿਕ 'ਤੇ ਸ਼ੱਕੀ ਚੀਨੀ ਜਾਸੂਸਾਂ ਨੂੰ ਜਾਣਕਾਰੀ ਦੇਣ ਦਾ ਦੋਸ਼
Monday, Apr 17, 2023 - 06:06 PM (IST)
ਸਿਡਨੀ (ਏਜੰਸੀ): ਆਸਟ੍ਰੇਲੀਆ ਅਤੇ ਚੀਨ ਵਿਚਾਲੇ ਸਬੰਧ ਤਣਾਅਪੂਰਨ ਬਣੇ ਹੋਏ ਹਨ। ਇਸ ਦੌਰਾਨ ਸਰਕਾਰੀ ਵਕੀਲਾਂ ਨੇ ਸੋਮਵਾਰ ਨੂੰ ਸਥਾਨਕ ਅਦਾਲਤ ਨੂੰ ਦੱਸਿਆ ਕਿ ਦੋ ਸ਼ੱਕੀ ਚੀਨੀ ਜਾਸੂਸਾਂ ਨੇ ਆਸਟ੍ਰੇਲੀਆ ਨੂੰ ਪ੍ਰਮਾਣੂ ਸ਼ਕਤੀ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਦਾ ਬੇੜਾ ਬਣਾਉਣ ਲਈ ਅਮਰੀਕਾ ਅਤੇ ਬ੍ਰਿਟੇਨ ਨਾਲ ਹੋਏ ਸਰਕਾਰੀ ਸਮਝੌਤੇ ਸਮੇਤ ਵਿਸ਼ਿਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਸਿਡਨੀ ਦੇ ਇਕ ਵਪਾਰੀ ਨੂੰ ਨਕਦ ਭੁਗਤਾਨ ਕੀਤਾ। ਸ਼ੱਕੀ ਚੀਨੀ ਜਾਸੂਸਾਂ ਨੂੰ ਜਾਣਕਾਰੀ ਦੇਣ ਲਈ ਪੈਸੇ ਲੈਣ ਦਾ ਦੋਸ਼ੀ ਅਲੈਗਜ਼ੈਂਡਰ ਸੇਰਗੋ ਇੱਕ ਕਾਰੋਬਾਰੀ ਹੈ। ਉਸ ਨੂੰ ਜੇਲ੍ਹ ਤੋਂ ਵੀਡੀਓ ਲਿੰਕ ਰਾਹੀਂ ਸਿਡਨੀ ਦੇ ਡਾਊਨਿੰਗ ਸੈਂਟਰ ਦੀ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ-ਚੀਨ ਨਾਲ ਸਬੰਧ ਸੁਧਰਨ ਦੀ ਸੰਭਾਵਨਾ ਬਾਰੇ ਆਸਟ੍ਰੇਲੀਆ ਦਾ ਬਿਆਨ ਆਇਆ ਸਾਹਮਣੇ
ਕਾਨੂੰਨ ਦੇ ਅਨੁਸਾਰ ਜਾਸੂਸੀ ਅਤੇ ਗੁਪਤ ਵਿਦੇਸ਼ੀ ਦਖਲਅੰਦਾਜ਼ੀ ਵਰਗੇ ਦੋਸ਼ਾਂ ਵਿੱਚ ਵੱਧ ਤੋਂ ਵੱਧ 15 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਸੇਰਗੋ 'ਤੇ 2021 ਤੋਂ ਆਸਟ੍ਰੇਲੀਆਈ ਰੱਖਿਆ, ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਪ੍ਰਬੰਧਾਂ 'ਤੇ ਹੱਥ ਲਿਖਤ ਜਾਣਕਾਰੀ ਦੇ ਬਦਲੇ ਦੋ ਸ਼ੱਕੀ ਚੀਨੀ ਜਾਸੂਸਾਂ- ਕੇਨ ਅਤੇ ਐਵਲਿਨ ਤੋਂ ਪੈਸੇ ਲੈਣ ਦਾ ਦੋਸ਼ ਹੈ। ਉਸ ਸਮੇਂ ਸੇਰਗੋ ਨੇ ਸ਼ੰਘਾਈ ਵਿੱਚ ਕੰਮ ਕੀਤਾ ਅਤੇ ਉੱਥੇ ਇੱਕ ਸੰਚਾਰ ਅਤੇ ਤਕਨਾਲੋਜੀ ਬੁਨਿਆਦੀ ਢਾਂਚਾ ਸਲਾਹਕਾਰ ਕਾਰੋਬਾਰ ਸੀ। ਇਸਤਗਾਸਾ ਨੇ ਦੋਸ਼ ਲਾਇਆ ਕਿ ਸ਼ੱਕੀ ਜਾਸੂਸਾਂ ਨੇ ਅਮਰੀਕਾ, ਜਾਪਾਨ ਅਤੇ ਭਾਰਤ ਨਾਲ ਆਸਟ੍ਰੇਲੀਆ ਦੀ ਭਾਈਵਾਲੀ ਬਾਰੇ ਜਾਣਕਾਰੀ ਮੰਗੀ ਸੀ। ਇਸ ਸਾਂਝੇਦਾਰੀ ਨੂੰ "ਕਵਾਡ" ਵੀ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਵਿੱਚ ਲਿਥੀਅਮ ਅਤੇ ਲੋਹੇ ਦੀ ਮਾਈਨਿੰਗ ਬਾਰੇ ਵੀ ਜਾਣਕਾਰੀ ਮੰਗੀ ਗਈ। ਸੇਰਗੋ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।