''ਆਸਟ੍ਰੇਲੀਆ ਦੇ ਜ਼ਿਆਦਾਤਰ ਲੋਕ ਆਰਥਿਕ ਮੰਦੀ ਦੀ ਮਾਰ ਹੇਠ''

07/16/2019 9:03:08 AM

ਬ੍ਰਿਸਬੇਨ, (ਸੁਰਿੰਦਰਪਾਲ ਖੁਰਦ)— ਆਸਟਰੇਲੀਆਈ ਲੋਕਾਂ ਦੀ ਆਰਥਿਕ ਸਥਿਤੀ ਸਬੰਧੀ ਮੁਲਾਂਕਣ ਕਰਨ ਵਾਲੀ ਸੰਸਥਾ ਦੇ ਤਾਜ਼ਾ ਸਰਵੇਖਣ ਅਨੁਸਾਰ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਸਰਵੇਖਣ ਅਨੁਸਾਰ ਆਸਟ੍ਰੇਲੀਆਈ ਲੋਕ ਨੌਕਰੀ ਜਾਣ ਦੀ ਸੂਰਤ ਵਿਚ ਜਾਂ ਅਚਾਨਕ ਕੰਮ ਕਰਨ ਤੋਂ ਅਸਮਰੱਥ ਹੋ ਜਾਣ ਤਾਂ 46% ਜਾਂ 5.9 ਮਿਲੀਅਨ ਆਸਟ੍ਰੇਲੀਆਈ ਲੋਕ ਇਕ ਮਹੀਨੇ ਤੱਕ ਘਰ ਦਾ ਗੁਜ਼ਾਰਾ ਕਰਨ ਦੇ ਯੋਗ ਨਹੀਂ ਹਨ। 2.1 ਮਿਲੀਅਨ ਲੋਕਾਂ ਦਾ ਤਾਂ ਇਕ ਹਫਤੇ ਦੇ ਅੰਦਰ-ਅੰਦਰ ਘਰ ਦਾ ਗੁਜ਼ਾਰਾ ਕਰਨ ਲਈ ਪੈਸਾ ਖ਼ਤਮ ਹੋਣ ਦਾ ਖ਼ਦਸ਼ਾ ਹੈ। ਖੋਜਕਰਤਾ ਸੰਸਥਾ ਦੇ ਨਿੱਜੀ ਬੁਲਾਰੇ ਸੋਫੀ ਵਾਲਸ਼ ਨੇ ਕਿਹਾ ਕਿ ਇਹ ਜ਼ਿੰਦਗੀ ਜਿਊਣ ਦਾ ਬਹੁਤ ਤਣਾਅਪੂਰਣ ਤਰੀਕਾ ਹੈ, ਜੇਕਰ ਕੋਈ ਅਚਾਨਕ ਖ਼ਰਚਾ ਆ ਜਾਵੇ ਤਾਂ ਉਹ ਗਲੇ ਦੀ ਹੱਡੀ ਬਣ ਸਕਦਾ ਹੈ।

ਉਨ੍ਹਾਂ ਕਿਹਾ ਕਿ ਲੱਖਾਂ ਘਰਾਂ ਨੂੰ ਹਰ ਮਹੀਨੇ ਬਿੱਲ ਦੀਆਂ ਅਦਾਇਗੀਆਂ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ, ਕੁਝ ਲੋਕ ਦੋ ਨੌਕਰੀਆਂ ਕਰਨ ਲਈ ਵੀ ਮਜਬੂਰ ਹਨ। ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕ ਆਪਣੀ ਤਨਖ਼ਾਹ ਦਾ ਵੱਡਾ ਹਿੱਸਾ ਰੋਜ਼ਾਨਾ ਲੋੜੀਂਦੇ ਜੀਵਨ ਖਰਚਿਆਂ 'ਤੇ ਖਰਚ ਕਰ ਰਹੇ ਹਨ ਪਰ ਅਚਾਨਕ ਆਉਣ ਵਾਲੇ ਵਿੱਤੀ ਸੰਕਟ ਦੇ ਹੱਲ ਲਈ ਕੋਈ ਵੀ ਪੈਸਾ ਨਹੀਂ ਬਚਾ ਪਾ ਰਹੇ।

1,780 ਲੋਕਾਂ ਦੇ ਸਰਵੇਖਣ ਵਿਚ ਆਸਟ੍ਰੇਲੀਆ ਦੇ ਸਿਰਫ 37 ਪ੍ਰਤੀਸ਼ਤ ਨੇ ਕੰਮ ਕੀਤੇ ਬਿਨਾਂ ਚਾਰ ਜਾਂ ਵਧੇਰੇ ਮਹੀਨਿਆਂ ਦੇ ਗੁਜ਼ਾਰੇ ਲਈ ਬੱਚਤ 'ਤੇ ਤਸੱਲੀ ਪ੍ਰਗਟਾਈ ਹੈ। ਵਾਲਸ਼ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਆਪਣੀ ਆਰਥਿਕ ਸਥਿਤੀ ਦੀ ਪੜਚੋਲ ਕਰ ਕੇ ਦੇਖਣ ਕਿ ਤੁਸੀਂ ਆਰਥਿਕ ਖਤਰੇ ਵਿਚ ਨਹੀਂ ਹੋ। ਨਿੱਜੀ ਵਿੱਤੀ ਮਾਹਿਰ ਵਾਲਸ਼ ਵਲੋਂ ਬੱਚਤ ਕਰਨ ਲਈ ਚਾਰ ਸੁਝਾਅ ਵੀ ਦਿੱਤੇ ਗਏ ਹਨ।

1. ਖਰਚੇ ਦੀ ਸਮੀਖਿਆ ਕਰੋ
ਆਪਣੇ ਖਰਚਿਆਂ 'ਤੇ ਨਜ਼ਰ ਰੱਖਦੇ ਹੋਏ ਤੁਹਾਨੂੰ ਇਹ ਵਿਚਾਰ ਮਿਲੇਗਾ ਕਿ ਤੁਸੀਂ ਸੰਕਟਕਾਲੀਨ ਸੇਵਿੰਗ (ਬੱਚਤ) ਫੰਡ ਵਿਚ ਕਿੰਨੇ ਪੈਸੇ ਜਮ੍ਹਾ ਕਰਨ ਦੇ ਯੋਗ ਹੋ, ਜੋ ਭਵਿੱਖ ਲਈ ਲਾਭਦਾਇਕ ਸਿੱਧ ਹੋਣਗੇ।

2. ਬਜਟ ਬਣਾਓ
ਬਜਟ ਬਣਾਉਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਖਰਚੇ ਕੱਟਣ ਦੀ ਲੋੜ ਹੈ, ਇਸ ਦੀ ਬਜਾਏ, ਤੁਹਾਨੂੰ ਸਿਰਫ ਬਜਟ ਬਣਾਉਣਾ ਚਾਹੀਦਾ ਹੈ, ਕੁਝ ਖਾਸ ਖਰਚਿਆਂ ਲਈ ਰੋਜ਼ਾਨਾ, ਹਫ਼ਤਾਵਾਰੀ ਜਾਂ ਮਾਸਿਕ ਭੱਤਾ ਅਤੇ ਫਿਰ ਬਜਟ ਅਨੁਸਾਰ ਹੀ ਖ਼ਰਚਾ ਕਰੋ।

3. ਇਕਮੁੱਠ ਹੋ ਕੇ ਚੱਲੋ
ਇਹ ਇਕ ਸਹਿਭਾਗੀ, ਦੋਸਤ, ਪਰਿਵਾਰਕ ਮੈਂਬਰ ਜਾਂ ਤੁਹਾਡੇ ਵਰਗੇ ਉਸੇ ਸਥਿਤੀ ਵਿਚ ਤਕਰੀਬਨ ਪਰਿਵਾਰ ਦਾ ਕੋਈ ਹੋਰ ਵਿਅਕਤੀ ਵੀ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਪਿਛਾਂਹ ਖਿੱਚਿਆ ਜਾਂ ਬਜਟ ਨਾਲੋਂ ਜ਼ਿਆਦਾ ਖ਼ਰਚਾ ਕਰਦੇ ਹੋ ਤਾਂ ਉਹ ਤੁਹਾਡੇ ਖ਼ਰਚੇ ਸਬੰਧੀ ਸਲਾਹ ਮਸ਼ਵਰਾ ਕਰ ਕੇ ਵਿੱਤੀ ਮਦਦ ਕਰ ਸਕਦੇ ਹਨ, ਇਸ ਲਈ ਆਪਣੇ ਪਰਿਵਾਰਕ ਨੈਤਿਕ ਸਹਾਇਤਾ ਦੀ ਸ਼ਕਤੀ ਨੂੰ ਘੱਟ ਨਾ ਸਮਝੋ।

4. ਪਹਿਲੇ ਕਰਜ਼ੇ ਖਤਮ ਕਰੋ
ਜੇ ਤੁਹਾਡੇ ਕੋਲ ਕ੍ਰੈਡਿਟ ਕਾਰਡ ਦਾ ਕਰਜ਼ਾ ਹੈ ਤਾਂ ਆਪਣੀ ਬੱਚਤ ਬਣਾਉਣ ਤੋਂ ਪਹਿਲਾਂ ਇਸ ਦਾ ਭੁਗਤਾਨ ਕਰਨ 'ਤੇ ਧਿਆਨ ਕੇਂਦਰਿਤ ਕਰਨਾ ਚੰਗਾ ਵਿਚਾਰ ਹੈ। ਔਸਤ ਕ੍ਰੈਡਿਟ ਕਾਰਡ ਦੀ ਖਰੀਦ ਦਰ 17% ਹੈ, ਜਦਕਿ ਔਸਤ ਆਨਲਾਈਨ ਬੱਚਤ ਦੀ ਦਰ 0.85% ਹੈ, ਇਸ ਲਈ ਜਿੰਨੀ ਛੇਤੀ ਹੋ ਸਕੇ ਆਪਣੇ ਕ੍ਰੈਡਿਟ ਕਾਰਡ ਕਰਜ਼ੇ ਦਾ ਭੁਗਤਾਨ ਕਰਨ ਲਈ ਵਾਧੂ ਨਕਦੀ ਦੀ ਵਰਤੋਂ ਕਰੋ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਆਰਥਿਕ ਸਥਿਤੀ 'ਤੇ ਹਮੇਸ਼ਾ ਨਜ਼ਰਸਾਨੀ ਕਰਦੇ ਰਹਿਣਾ ਚਾਹੀਦਾ ਹੈ, ਇਸ ਨਾਲ ਜ਼ਿੰਦਗੀ ਖ਼ੁਸ਼ਹਾਲ ਹੋਵੇਗੀ।


Related News