ਆਸਟ੍ਰੇਲੀਆ ਵੀ ਕਰੇਗਾ 2 ਰੂਸੀ ਅਧਿਕਾਰੀਆਂ ਨੂੰ ਬਰਖਾਸਤ

03/28/2018 2:19:54 AM

ਮੈਲਬੋਰਨ-ਬ੍ਰਿਟੇਨ ਵਿਚ ਇਕ ਸਾਬਕਾ ਰੂਸੀ ਜਾਸੂਸ ਨੂੰ ਮਾਸਕੋ ਵਲੋਂ ਕਥਿਤ ਤੌਰ 'ਤੇ ਜ਼ਹਿਰ ਦਿੱਤੇ ਜਾਣ ਦੇ ਮੁੱਦੇ 'ਤੇ ਆਸਟ੍ਰੇਲੀਆਈ ਸਰਕਾਰ ਦੋ ਰੂਸੀ ਅਧਿਕਾਰੀਆਂ ਨੂੰ ਬਰਖਾਸਤ ਕਰੇਗੀ। ਅਧਿਕਾਰੀਆਂ ਨੂੰ ਇਕ ਹਫਤੇ ਦੇ ਅੰਦਰ ਆਸਟ੍ਰੇਲੀਆ ਛੱਡਣ ਦੇ ਨਿਰਦੇਸ਼ ਦਿੱਤੇ ਜਾਣਗੇ।
ਆਸਟ੍ਰੇਲੀਆ ਆਪਣੇ ਇਸ ਕਦਮ ਤੋਂ ਬਾਅਦ ਬ੍ਰਿਟੇਨ, ਅਮਰੀਕਾ, ਯੂਰਪੀ ਸੰਘ ਦੇ 14 ਮੈਂਬਰ ਦੇਸ਼ਾਂ ਅਤੇ ਹੋਰ ਸਹਿਯੋਗੀ ਦੇਸ਼ਾਂ ਵਿਚ ਸ਼ਾਮਲ ਹੋ ਜਾਵੇਗਾ ਜਿਨ੍ਹਾਂ ਨੇ ਕਲ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਕਈ ਰੂਸੀ ਡਿਪਲੋਮੈਟਾਂ ਨੂੰ ਆਪਣੇ-ਆਪਣੇ ਦੇਸ਼ ਤੋਂ ਬਰਖਾਸਤ ਕਰਨ ਦਾ ਐਲਾਨ ਕੀਤਾ। ਵਿਦੇਸ਼ ਮੰਤਰੀ ਜੂਲੀ ਵਿਸ਼ਪ ਨੇ ਇਕ ਅਧਿਕਾਰਤ ਬਿਆਨ ਵਿਚ ਕਿਹਾ, ''ਵਿਆਨਾ ਸੰਧੀ ਦੇ ਉਲਟ ਕਦਮਾਂ ਕਾਰਨ ਦੋ ਰੂਸੀ ਡਿਪਲੋਮੈਟਾਂ ਜਿਨ੍ਹਾਂ ਦੀ ਪਛਾਣ ਅਣ-ਐਲਾਨੇ ਖੁਫੀਆ ਅਧਿਕਾਰੀਆਂ ਦੇ ਤੌਰ 'ਤੇ ਹੋਈ ਹੈ, ਨੂੰ ਆਸਟ੍ਰੇਲੀਆ ਵਲੋਂ ਬਰਖਾਸਤ ਕੀਤਾ ਜਾਵੇਗਾ।''


Related News