ਆਸਟ੍ਰੇਲੀਆ-ਅਮਰੀਕਾ ਪਣਡੁੱਬੀ ਸਮਝੌਤਾ ਇਕ ਵੱਡੀ ਗਲਤੀ : ਫਰਾਂਸ
Sunday, Sep 19, 2021 - 11:10 AM (IST)
ਕੇਨਬਰਾ- ਫਰਾਂਸ ਦੇ ਰਾਜਦੂਤ ਨੇ ਅਮਰੀਕਾ ਨਾਲ ਆਸਟ੍ਰੇਲੀਆ ਦੇ ਪਣਡੁੱਬੀ ਸਮਝੌਤੇ ਨੂੰ ਵੱਡੀ ਭੁੱਲ ਦੱਸਿਆ। ਫਰਾਂਸ ਅਤੇ ਆਸਟ੍ਰੇਲੀਆ ਵਿਚਾਲੇ 12 ਰਵਾਇਤੀ ਡੀਜ਼ਲ-ਇਲੈਕਟ੍ਰਿਕ ਪਣਡੁੱਬੀਆਂ ਦੇ ਨਿਰਮਾਣ ਲਈ 2016 ਵਿਚ 90 ਅਰਬ ਆਸਟ੍ਰੇਲੀਆਈ ਡਾਲਰ (66 ਅਰਬ ਡਾਲਰ) ਦਾ ਸਮਝੌਤਾ ਹੋਇਆ ਸੀ। ਆਸਟ੍ਰੇਲੀਆ ਨੇ ਅਚਾਨਕ ਉਸ ਨੂੰ ਰੱਦ ਕਰ ਕੇ 8 ਪ੍ਰਮਾਣੂ ਪਣਡੁੱਬੀਆਂ ਲਈ ਅਮਰੀਕਾ ਅਤੇ ਬ੍ਰਿਟੇਨ ਨਾਲ ਸਮਝੌਤਾ ਕਰ ਲਿਆ।
ਸਮਝੌਤਾ ਰੱਦ ਹੋਣ ਨਾਲ ਫਰਾਂਸ ਕਲਪ ਗਿਆ ਹੈ ਅਤੇ ਉਸਨੇ ਅਮਰੀਕਾ ਤੋਂ ਸਸਮਝੌਤੇ ’ਤੇ ਵਿਰੋਧ ਪ੍ਰਗਟਾਉਂਦੇ ਹੋਏ ਸ਼ੁੱਕਰਵਾਰ ਨੂੰ ਅਮਰੀਕਾ ਅਤੇ ਆਸਟ੍ਰੇਲੀਆ ਤੋਂ ਆਪਣੇ ਰਾਜਦੂਤਾਂ ਨੂੰ ਵਾਪਸ ਸੱਦ ਲਿਆ। ਫਰਾਂਸਿਸੀ ਰਾਜਦੂਤ ਜਯਾਂ ਪਿਅਰੇ ਥੇਬਾਲਟ ਨੇ ਰਾਜਧਾਨੀ ਕੇਨਬਰਾ ਵਿਚ ਸ਼ਨੀਵਾਰ ਨੂੰ ਕਿਹਾ ਕਿ ਇਹ ਸਾਂਝੇਦਾਰੀ ਦਾ ਇਕ ਬੇਹੱਦ ਖਰਾਬ ਪ੍ਰਬੰਧਨ ਹੈ। ਉਨ੍ਹਾਂ ਨੇ ਕਿਹਾ ਕਿ ਪੈਰਿਸ ਅਤੇ ਕੇਨਬਰਾ ਵਿਚਾਲੇ ਹਥਿਆਰਾਂ ਦਾ ਸਮਝੌਤਾ ਵਿਸ਼ਵਾਸ, ਆਪਸੀ ਸਮਝ ਅਤੇ ਇਮਾਨਦਾਰੀ ’ਤੇ ਆਧਾਰਿਤ ਮੰਨਿਆ ਜਾਂਦਾ ਸੀ।