ਸਿੱਖ ਭਾਈਚਾਰੇ ਲਈ ਚੰਗੀ ਖ਼ਬਰ, ਜਲਦ ਹਟੇਗੀ ਸਿਡਨੀ ਦੇ ਸਕੂਲਾਂ 'ਚ ਲੱਗੀ ਕਿਰਪਾਨ 'ਤੇ ਪਾਬੰਦੀ

Friday, Jun 18, 2021 - 05:28 PM (IST)

ਸਿਡਨੀ (ਸਨੀ ਚਾਂਦਪੁਰੀ): ਆਸਟ੍ਰੇਲੀਆ ਤੋਂ ਸਿੱਖ ਭਾਈਚਾਰੇ ਲਈ ਚੰਗੀ ਖ਼ਬਰ ਹੈ। ਪਿਛਲੇ ਦਿਨੀਂ ਸਿਡਨੀ ਦੇ ਸਕੂਲਾਂ ਵਿੱਚ ਜਿਹੜੀ ਸਿੱਖ ਬੱਚਿਆਂ ਦੇ ਕਿਰਪਾਨ ਪਾਉਣ 'ਤੇ ਪਾਬੰਦੀ ਲਗਾਈ ਗਈ ਸੀ ਉਹ ਹੁਣ ਜਲਦ ਹੀ ਹੱਟ ਸਕਦੀ ਹੈ। ਇਸ ਦੀ ਜਾਣਕਾਰੀ ਸਿੱਖ ਐਸੋਸੀਏਸ਼ਨ ਦੇ ਮੈਂਬਰ ਅਮਰਦੀਪ ਸਿੱਧੂ ਨੇ ਦਿੱਤੀ। ਸਿੱਖ ਐਸੋਸੀਏਸ਼ਨ ਜੋ ਕਿ ਇਸ ਮੁੱਦੇ ਉੱਤੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰ ਰਹੀ ਹੈ, ਦੀ ਲੰਮੇ ਸਮੇਂ ਦੀ ਮਿਹਨਤ ਅਤੇ ਯਤਨਾਂ ਕਰਕੇ ਇਸ ਪਾਬੰਦੀ ਦੇ ਹਟਣ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ। ਸਰਕਾਰ ਅਤੇ ਸਿੱਖ ਐਸੋਸੀਏਸ਼ਨ ਵਿਚਾਲੇ ਇਸ ਮਾਮਲੇ ਵਿੱਚ ਲੰਬੀਆਂ ਮੀਟਿੰਗਾਂ ਚੱਲਣ ਤੋਂ ਬਾਅਦ ਕਿਰਪਾਨ ਪਾਉਣ ਵਿੱਚ ਕੁਝ ਬਦਲਾਵਾਂ 'ਤੇ ਸਹਿਮਤੀ ਬਣੀ ਹੈ, ਜਿਸ ਦਾ ਧਿਆਨ ਸਕੂਲ ਵਿੱਚ ਕਿਰਪਾਨ ਪਹਿਨ ਰਹੇ ਬੱਚੇ ਲਈ ਲਾਜ਼ਮੀ ਰੱਖਣਾ ਹੋਵੇਗਾ। 

ਪੜ੍ਹੋ ਇਹ ਅਹਿਮ ਖਬਰ - ਪੰਜਾਬ ਦੀ ਧੀ ਅਮਨਦੀਪ ਕੌਰ ਨੇ ਵਧਾਇਆ ਦੇਸ਼ ਦਾ ਮਾਣ, ਕੈਲੀਫੋਰਨੀਆ 'ਚ ਬਣੀ 'ਸ਼ੈਰਿਫ'

ਬੱਚਿਆਂ ਲਈ ਕਿਰਪਾਨ ਸੰਬੰਧੀ ਇਹ ਹੋਣਗੇ ਬਦਲਾਅ: 
ਸਕੂਲ ਵਿੱਚ ਸਿੱਖ ਬੱਚਿਆਂ ਵੱਲੋਂ ਪਹਿਨੀ ਜਾਣ ਵਾਲੀ ਕਿਰਪਾਨ ਆਕਾਰ ਵਿੱਚ ਛੋਟੀ ਹੋਵੇਗੀ ਭਾਵ ਕਿਰਪਾਨ ਦਾ ਆਕਾਰ 8.5 ਸੈ.ਮੀ. ਜਾਂ ਇਸ ਤੋਂ ਘੱਟ ਹੋਵੇਗਾ। ਹੱਥਾ ਜੋੜ ਕੇ ਇਸ ਦਾ ਆਕਾਰ 16.5 ਸੈ.ਮੀ. ਹੋਵੇਗਾ। ਕਿਰਪਾਨ ਦੀ ਧਾਰ ਤਿੱਖੀ ਨਹੀਂ ਹੋਵੇਗੀ ਤਾਂ ਜੋ ਕਿਸੇ ਨੂੰ ਜ਼ਖਮੀ ਨਾ ਕਰ ਸਕੇ। ਹੱਥੇ ਅਤੇ ਮਿਆਨ ਨੂੰ ਸੰਗਲ਼ੀ (ਰਿੰਗ ਨੂੰ ਸੋਲਡਰ) ਲੱਗੇਗੀ ਤਾਂ ਜੋ ਕਿਰਪਾਨ ਬਾਹਰ ਕੱਢੀ ਨਾ ਜਾ ਸਕੇ ਜਾਂ ਹੱਥਾ ਅਤੇ ਕਿਰਪਾਨ ਮੋਟੇ ਕੱਪੜੇ ਨਾਲ ਸਿਉਂ ਦਿੱਤੇ ਜਾਣਗੇ ਤਾਂ ਕਿ ਬਾਹਰ ਨਾ ਕੱਢੇ ਜਾ ਸਕਣ। ਕਿਰਪਾਨ ਕੱਪੜਿਆਂ ਦੇ ਹੇਠਾਂ ਪਹਿਨੀ ਜਾਵੇਗੀ ਤਾਂ ਜੋ ਕਿਸੇ ਨੂੰ ਦਿਖਾਈ ਨਾ ਦੇਵੇ। ਖੇਡਣ ਜਾਂ ਹੋਰ ਜਿਸਮਾਨੀ ਗਤੀਵਿਧੀਆਂ ਦੌਰਾਨ ਕਿਰਪਾਨ ਉਤਾਰ ਕੇ ਸਾਂਭ ਕੇ ਰੱਖੀ ਜਾਵੇਗੀ ਭਾਵ ਮੋਟੇ ਕੱਪੜੇ ਵਿੱਚ ਲਪੇਟ ਕੇ ਲੱਕ ਨਾਲ ਲਪੇਟੀ ਜਾਵੇਗੀ। ਅੰਮ੍ਰਿਤਧਾਰੀ ਵਿਦਿਆਰਥੀਆਂ ਲਈ ਜ਼ਰੂਰੀ ਹੈ ਕਿ ਉਹਨਾਂ ਨੂੰ ਨਿਰਦੇਸ਼ਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦੀ ਵਧੇਰੇ ਢੁਕਵੀਂ ਸੁਰੱਖਿਆ ਜਾਣਕਾਰੀ ਨੂੰ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਸਾਂਝਾ ਕੀਤਾ ਜਾਵੇਗਾ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੀ ਵੱਡੀ ਪਹਿਲ, ਕੋਰੋਨਾ ਖਾਤਮੇ ਦੀ 'ਦਵਾਈ' ਬਣਾਉਣ ਲਈ ਦਿੱਤੇ 3.2 ਅਰਬ ਡਾਲਰ

ਇਸ ਸਮਝੌਤੇ ਨੂੰ ਇੰਝ ਚਾੜਿਆ ਗਿਆ ਨੇਪਰੇ:
ਇਸ ਸਮਝੌਤੇ ਤੱਕ ਪਹੁੰਚਣ ਲਈ ਕੈਨੇਡਾ, ਯੂ ਕੇ, ਅਤੇ ਆਸਟ੍ਰੇਲੀਆ ਦੇ ਹੋਰ ਡਿਪਾਰਟਮੈਂਟਾਂ ਵਿੱਚ ਲਾਗੂ ਪਿਛਲੇ ਸਮਝੌਤਿਆਂ ਨੂੰ ਦੇਖਿਆ ਗਿਆ ਅਤੇ ਹੋਰਨਾਂ ਦੇਸ਼ਾਂ ਦੇ ਕਾਨੂੰਨ ਮਾਹਰਾਂ ਦੀ ਮਦਦ ਵੀ ਲਈ ਗਈ। 25/06/21 ਤੱਕ ਇਸ ਸਮਝੌਤੇ ਉੱਤੇ ਲੋਕਾਂ ਦੀ ਰਾਏ ਲਈ ਜਾਵੇਗੀ ਅਤੇ ਬਾਅਦ ਵਿੱਚ ਜੇ ਸਭ ਕੁਝ ਸਹੀ ਰਿਹਾ ਤਾਂ ਇਸ ਸਮਝੌਤੇ ਨੂੰ ਮੰਨ ਲਿਆ ਜਾਵੇਗਾ।ਇੱਥੇ ਗੌਰਤਲਬ ਹੈ ਕਿ ਸਿਡਨੀ ਦੇ ਗਲੇਨਵੁੱਡ ਇਲਾਕੇ ਵਿੱਚ ਹੋਈ ਘਟਨਾ ਤੋਂ ਬਾਅਦ ਸਰਕਾਰ ਵੱਲੋਂ ਸਿਡਨੀ ਦੇ ਸਕੂਲਾਂ ਵਿੱਚ ਕਿਰਪਾਨ ਪਹਿਨਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਜਿਸ ਨਾਲ ਸਿੱਖ ਧਰਮ ਦੇ ਲੋਕਾਂ ਵਿੱਚ ਭਾਰੀ ਨਿਰਾਸ਼ਾ ਫੈਲ ਗਈ ਸੀ ਅਤੇ ਸਿੱਖ ਐਸੋਸੀਏਸ਼ਨ ਨੂੰ ਇਸ ਸਾਰੇ ਮਾਮਲੇ ਨੂੰ ਸੁਲਝਾਉਣ ਵਿੱਚ ਲੱਗੀ ਹੋਈ ਸੀ। ਹੁਣ ਇਸ ਮਾਮਲੇ ਵਿੱਚ ਸਿੱਖ ਐਸੋਸੀਏਸ਼ਨ ਆਫ ਆਸਟ੍ਰੇਲੀਆ ਨੂੰ ਸਫਲਤਾ ਮਿਲਦੀ ਨਜ਼ਰ ਆ ਰਹੀ ਹੈ।


Vandana

Content Editor

Related News