ਸੋਲੋਮਨ ''ਚ ਜਾਰੀ ਸੰਘਰਸ਼ ''ਤੇ ਕਾਬੂ ਪਾਉਣ ਲਈ ਫ਼ੌਜ ਅਤੇ ਪੁਲਸ ਭੇਜ ਰਿਹੈ ਆਸਟ੍ਰੇਲੀਆ
Friday, Nov 26, 2021 - 12:03 PM (IST)
ਕੈਨਬਰਾ (ਭਾਸ਼ਾ)- ਆਸਟ੍ਰੇਲੀਆ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਸੋਲੋਮਨ ਟਾਪੂ ਲਈ ਫ਼ੌਜ, ਪੁਲਸ ਅਤੇ ਡਿਪਲੋਮੈਟਾਂ ਨੂੰ ਭੇਜ ਰਿਹਾ ਹੈ। ਉਸ ਨੇ ਇਹ ਕਦਮ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਵੱਲੋਂ ਤਾਲਾਬੰਦੀ ਦੀ ਉਲੰਘਣਾ ਕਰਨ ਅਤੇ ਲਗਾਤਾਰ ਦੂਜੇ ਦਿਨ ਸੜਕਾਂ 'ਤੇ ਹਿੰਸਕ ਪ੍ਰਦਰਸ਼ਨ ਕਰਨ ਦੇ ਬਾਅਦ ਚੁੱਕਿਆ ਹੈ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਹਾ ਕਿ ਆਸਟ੍ਰੇਲੀਆ ਵੱਲੋਂ ਟਾਪੂ ਦੇਸ਼ ਵਿਚ ਤਾਇਨਾਤੀ ਦੇ ਤਹਿਤ ਫੈਡਰਲ ਪੁਲਸ ਦੇ 23 ਅਧਿਕਾਰੀ ਅਤੇ ਲਗਭਗ 50 ਹੋਰ ਸੁਰੱਖਿਆ ਕਰਮਚਾਰੀ ਦੀ ਤਾਇਨਾਤੀ ਅਹਿਮ ਬੁਨਿਆਦੀ ਢਾਂਚਿਆਂ ਦੀ ਸੁਰੱਖਿਆ ਲਈ ਕੀਤੀ ਜਾਏਗੀ। ਇਸ ਦੇ ਨਾਲ ਹੀ ਹਥਿਆਰਬੰਦ ਬਲਾਂ ਦੇ 43 ਜਵਾਨਾਂ, ਗਸ਼ਤੀ ਕਿਸ਼ਤੀਆਂ ਅਤੇ ਘੱਟੋ-ਘੱਟ ਪੰਜ ਡਿਪਲੋਮੈਟ ਭੇਜੇ ਜਾਣਗੇ। ਮੌਰੀਸਨ ਨੇ ਕਿਹਾ ਕਿ ਅਧਿਕਾਰੀਆਂ ਦੀ ਪਹਿਲੀ ਤਾਇਨਾਤੀ ਵੀਰਵਾਰ ਰਾਤ ਨੂੰ ਹੋ ਚੁੱਕੀ ਹੈ ਅਤੇ ਹੋਰ ਸੁਰੱਖਿਆ ਕਰਮਚਾਰੀ ਸ਼ੁੱਕਰਵਾਰ ਨੂੰ ਆਪਣੀਆਂ ਡਿਊਟੀਆਂ ਮੁੜ ਸੰਭਾਲਣਗੇ। ਪਿਛਲੇ ਕਈ ਹਫ਼ਤਿਆਂ ਤੋਂ ਇਨ੍ਹਾਂ ਦੀ ਤਾਇਨਾਤੀ ਦੀ ਉਮੀਦ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ, 'ਇਸ ਦਾ ਉਦੇਸ਼ ਸਥਿਰਤਾ ਅਤੇ ਸੁਰੱਖਿਆ ਨੂੰ ਬਣਾਈ ਰੱਖਣਾ ਹੈ।'
ਇਹ ਵੀ ਪੜ੍ਹੋ : ਲੰਡਨ ਤੋਂ ਆਈ ਦੁਖਦਾਇਕ ਖ਼ਬਰ, 16 ਸਾਲਾ ਬ੍ਰਿਟਿਸ਼ ਸਿੱਖ ਮੁੰਡੇ ਦਾ ਕਤਲ
ਮੌਰੀਸਨ ਨੇ ਕਿਹਾ ਕਿ ਸੋਲੋਮਨ ਦੇ ਪ੍ਰਧਾਨ ਮੰਤਰੀ ਦੀ ਬੇਨਤੀ 'ਤੇ ਆਸਟ੍ਰੇਲੀਆ ਦੁਵੱਲੇ ਸੁਰੱਖਿਆ ਸਮਝੌਤੇ ਤਹਿਤ ਮਦਦ ਕਰ ਰਿਹਾ ਹੈ ਅਤੇ ਉਸ ਦਾ ਇਰਾਦਾ ਸੁਲੇਮਾਨ ਦੇ ਅੰਦਰੂਨੀ ਮਾਮਲਿਆਂ 'ਚ ਕਿਸੇ ਤਰ੍ਹਾਂ ਦੀ ਦਖ਼ਲਅੰਦਾਜ਼ੀ ਕਰਨ ਦਾ ਨਹੀਂ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਸੋਲੋਮਨ ਟਾਪੂ ਦੇ ਪ੍ਰਧਾਨ ਮੰਤਰੀ ਮਨੀਸੇਹ ਸੋਗਵੇਅਰ ਨੇ ਬੁੱਧਵਾਰ ਨੂੰ ਤਾਲਾਬੰਦੀ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਇਹ ਕਦਮ ਰਾਜਧਾਨੀ ਹੋਨਿਆਰਾ 'ਚ ਇਕ ਹਜ਼ਾਰ ਦੇ ਕਰੀਬ ਪ੍ਰਦਰਸ਼ਨਕਾਰੀਆਂ ਦੇ ਇਕੱਠੇ ਹੋ ਕੇ ਘਰੇਲੂ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰਨ ਤੋਂ ਬਾਅਦ ਚੁੱਕਿਆ। ਸੋਲੋਮਨ ਟਾਪੂ ਦੀ ਸਰਕਾਰ ਮੁਤਾਬਕ ਪ੍ਰਦਰਸ਼ਨਕਾਰੀ ਰਾਸ਼ਟਰੀ ਸੰਸਦ ਦੀ ਇਮਾਰਤ ਵਿਚ ਦਾਖ਼ਲ ਹੋ ਗਏ ਹਨ ਅਤੇ ਨੇੜਲੀ ਇਮਾਰਤ ਦੀ ਛੱਤ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਪੁਲਸ ਸਟੇਸ਼ਨ ਅਤੇ ਹੋਰ ਇਮਾਰਤਾਂ ਨੂੰ ਵੀ ਅੱਗ ਲਾ ਦਿੱਤੀ।
ਇਹ ਵੀ ਪੜ੍ਹੋ : ਦੱਖਣੀ ਅਫਰੀਕਾ 'ਚ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਵੈਰੀਐਂਟ, WHO ਨੇ ਸੱਦੀ ਐਮਰਜੈਂਸੀ ਮੀਟਿੰਗ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।