ਆਸਟਰੇਲੀਆ 'ਚ ਤੀਜੇ ਦਿਨ ਸਾਹਮਣੇ ਆਏ ਕੋਰੋਨਾ ਦੇ 2,000 ਤੋਂ ਵੱਧ ਨਵੇਂ ਮਾਮਲੇ
Saturday, Oct 02, 2021 - 12:33 PM (IST)
ਕੈਨਬਰਾ (ਭਾਸ਼ਾ)- ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨਾਲ ਜੂਝ ਰਹੇ ਆਸਟ੍ਰੇਲੀਆ ਵਿਚ ਲਗਾਤਾਰ ਤੀਜੇ ਦਿਨ ਕੋਰੋਨਾ ਦੇ 2,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਸ਼ਨੀਵਾਰ ਦੀ ਸਵੇਰ ਨੂੰ ਦੇਸ਼ ਭਰ ਵਿਚ 2,355 ਸਥਾਨਕ ਤੌਰ 'ਤੇ ਕੋਰੋਨਾ ਦੇ ਨਵੇਂ ਮਾਮਲੇ ਮਿਲੇ। ਆਸਟਰੇਲੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਨਿਊ ਸਾਊਥ ਵੇਲਜ਼ (ਐੱਨ.ਐੱਸ.ਡਬਲਯੂ.), ਜਿਸ ਦੀ ਰਾਜਧਾਨੀ ਸਿਡਨੀ ਹੈ, ਨੇ 813 ਨਵੇਂ ਸਥਾਨਕ ਮਾਮਲੇ ਦਰਜ ਕੀਤੇ ਅਤੇ 10 ਮੌਤਾਂ ਦਰਜ ਕੀਤੀਆਂ ਗਈਆਂ ਹਨ। ਐੱਨ.ਐੱਸ.ਡਬਲਯੂ. ਹੈਲਥ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਸਾਲ 16 ਜੂਨ ਤੋਂ ਐੱਨ.ਐੱਸ.ਡਬਲਯੂ. ਵਿਚ 362 ਕੋਵਿਡ-19 ਨਾਲ ਸਬੰਧਤ ਮੌਤਾਂ ਹੋਈਆਂ ਹਨ।
ਵਿਕਟੋਰੀਆ, ਦੂਜਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ, ਜਿਸ ਦੀ ਰਾਜਧਾਨੀ ਮੈਲਬੌਰਨ ਹੈ, ਇੱਥੇ 1,488 ਹੋਰ ਨਵੇਂ ਸਥਾਨਕ ਮਾਮਲੇ ਅਤੇ 2 ਮੌਤਾਂ ਦਰਜ ਕੀਤੀਆਂ ਗਈਆਂ ਹਨ। ਆਸਟ੍ਰੇਲੀਅਨ ਕੈਪੀਟਲ ਟੈਰੀਟਰੀ (ਏ.ਸੀ.ਟੀ) ਨੇ 52 ਨਵੇਂ ਕੇਸ ਦਰਜ ਕੀਤੇ ਹਨ। ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਦੇ ਮੁੱਖ ਮੰਤਰੀ ਐਂਡਰਿਊ ਬਰਰ ਨੇ ਕਿਹਾ ਕਿ ਸਤੰਬਰ ਇਕ ਮੁਸ਼ਕਲ ਮਹੀਨਾ ਸੀ, ਪਰ ਕੈਨਬਰਾ ਵਿਚ ਲੱਗੀ ਤਾਲਾਬੰਦੀ ਨਾਲ ਬਿਹਤਰ ਸਮੇਂ ਦੇ ਸੰਕੇਤ ਮਿਲੇ ਹਨ। ਇਹ ਤਾਲਾਬੰਦੀ 12 ਅਗਸਤ ਤੋਂ ਸ਼ੁਰੂ ਹੋਈ ਸੀ ਅਤੇ 15 ਅਕਤੂਬਰ ਨੂੰ ਖ਼ਤਮ ਹੋਣ ਵਾਲੀ ਹੈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, ਇਕ ਬਹੁਤ ਹੀ ਮਜ਼ਬੂਤਟੀਕਾਕਰਣ ਪ੍ਰੋਗਰਾਮ ਨਾਲ ਅਕਤੂਬਰ ਦੇ ਅੰਤ ਤੱਕ ਅਤੇ ਨਵੰਬਰ ਵਿਚ ਅਤੇ ਫਿਰ ਗਰਮੀਆਂ ਵਿਚ ਸਾਡੇ ਸ਼ਹਿਰ ਲਈ ਅੱਗੇ ਬਿਹਤਰ ਸਮਾਂ ਆਵੇਗਾ। ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ 78.5 ਫ਼ੀਸਦੀ ਆਸਟ੍ਰੇਲੀਆਈ ਲੋਕਾਂ ਨੂੰ ਘੱਟੋ-ਘੱਟ ਇਕ ਕੋਵਿਡ -19 ਟੀਕੇ ਦੀ ਖੁਰਾਕ ਮਿਲੀ ਹੈ ਅਤੇ 55.1 ਫ਼ੀਸਦੀ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਜਾ ਚੁੱਕਾ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।