ਆਸਟ੍ਰੇਲੀਆ ''ਚ ਪ੍ਰੋਫੈਸਰ ਮੁਹਿੰਦਰ ਸਿੰਘ ਬਨਵੈਤ ਨਾਲ ਹੋਈ ਸਾਹਿਤਕ ਮਿਲਣੀ

Monday, May 27, 2019 - 09:37 AM (IST)

ਆਸਟ੍ਰੇਲੀਆ ''ਚ ਪ੍ਰੋਫੈਸਰ ਮੁਹਿੰਦਰ ਸਿੰਘ ਬਨਵੈਤ ਨਾਲ ਹੋਈ ਸਾਹਿਤਕ ਮਿਲਣੀ

ਮੈਲਬੌਰਨ, (ਮਨਦੀਪ ਸਿੰਘ ਸੈਣੀ)— ਦਿਨ ਐਤਵਾਰ ਦੀ ਸ਼ਾਮ ਨੂੰ ਪੰਜਾਬੀ ਸੱਥ ਮੈਲਬਰਨ ਵੱਲੋਂ ਪੰਜਾਬ ਤੋਂ ਮੈਲਬੌਰਨ ਪਹੁੰਚੇ ਹੋਏ ਸਤਿਕਾਰਯੋਗ ਪ੍ਰੋਫੈਸਰ ਮੁਹਿੰਦਰ ਸਿੰਘ ਬਨਵੈਤ ਜੀ ਨਾਲ ਇੱਕ ਸਾਹਿਤਕ ਮਿਲਣੀ ਕਰਾਈ ਗਈ। ਇਹ ਪ੍ਰੋਗਰਾਮ ਸੱਥ ਦੇ ਸੰਚਾਲਕ ਬਿੱਕਰ ਬਾਈ ਜੀ ਦੇ ਗ੍ਰਹਿ ਵਿੱਖੇ ਉਲੀਕਿਆ ਗਿਆ, ਜਿਸ ਵਿੱਚ ਪੰਜਾਬੀ ਸੱਥ ਦੀ ਸੇਵਾ ਨਿਭਾਅ ਰਹੇ ਸੇਵਾਦਾਰਾਂ ਕੁਲਜੀਤ ਕੌਰ ਗ਼ਜ਼ਲ, ਬਿੱਕਰ ਬਾਈ ਅਤੇ ਮਧੂ ਸ਼ਰਮਾ ਤੋਂ ਇਲਾਵਾ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਬਾਸ਼ਿੰਦਿਆਂ ਨੇ ਹਿੱਸਾ ਲਿਆ ਤੇ ਪ੍ਰੋਫੈਸਰ ਸਾਹਿਬ ਨਾਲ ਸਾਹਿਤਕ ਵਿਚਾਰ ਵਟਾਂਦਰਾ ਕੀਤਾ। 

ਪ੍ਰੋਫੈਸਰ ਮੁਹਿੰਦਰ ਸਿੰਘ ਬਨਵੈਤ ਜੀ ਆਪਣੀ ਉਮਰ ਦੇ 44 ਸਾਲ ਪੰਜਾਬ ਦੇ ਕਾਲਜਾਂ ਵਿੱਚ ਪੰਜਾਬੀ ਦੇ ਪ੍ਰੋਫੈਸਰ ਰਹੇ ਹਨ ਤੇ ਆਰ. ਕੇ. ਆਰੀਆ ਕਾਲਜ ਨਵਾਂ ਸ਼ਹਿਰ ਤੋਂ ਰਿਟਾਇਰ ਹੋਏ ਹਨ, ਆਸਟ੍ਰੇਲੀਆ ਫੇਰੀ ਦੌਰਾਨ ਉਨ੍ਹਾਂ ਨੇ ਇਥੋਂ ਦੀ ਧਰਤੀ ਵਿੱਚ ਅਪਣਾਪਨ ਤੇ ਨਿੱਘ ਮਹਿਸੂਸ ਕੀਤਾ ਹੈ । ਉਨ੍ਹਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਕੈਨੇਡਾ, ਇੰਗਲੈਂਡ ਦੇ ਸਾਹਿਤ ਦੀ ਤਰ੍ਹਾਂ ਆਸਟ੍ਰੇਲੀਆ ਦੇ ਪੰਜਾਬੀ ਸਾਹਿਤ ਵਿੱਚ ਭੂ- ਹੇਰਵਾ ਨਜ਼ਰ ਨਹੀਂ ਆਉਂਦਾ ਫਿਰ ਉਹ ਆਪਣੀ ਸਮਝ ਮੁਤਾਬਕ ਇਹ ਸਪੱਸ਼ਟ ਕਰਦੇ ਹਨ ਕਿ ਆਸਟ੍ਰੇਲੀਆ ਆਉਣ ਵਾਲੀ ਪੀੜੀ ਸਮੇਂ ਦੇ ਨਾਲ ਚੱਲਣ ਵਾਲੀ ਹੈ ਤੇ ਪੜ੍ਹੀ-ਲਿਖੀ ਹੈ ਜਿਹਨਾਂ ਨੇ ਆਪਣੇ ਆਪ ਨੂੰ ਇਸ ਦੇਸ਼ ਮੁਤਾਬਿਕ ਢਾਲਣ ਦੀ ਸਫਲ ਕੋਸਿਸ਼ ਕੀਤੀ ਹੈ।

ਉਹ ਇਸ ਪੀੜੀ ਤੋਂ ਬਹੁਤ ਖੁਸ਼ ਹਨ ਤੇ ਭਵਿੱਖ ਵਿੱਚ ਵੀ ਇਸ ਪੀੜੀ ਤੋਂ ਬਹੁਤ ਵਧੀਆ ਆਸਾਂ ਰੱਖਦੇ ਹਨ, ਪ੍ਰੋਫੈਸਰ ਸਾਹਿਬ ਤੋਂ ਬਹੁਤ ਹੀ ਕੀਮਤੀ ਤੇ ਜਾਣਕਾਰੀ ਗੱਲਾਂ ਸੁਣਨ ਦੇ ਨਾਲ-ਨਾਲ ਹਾਜਰ ਲੇਖਕਾਂ ਨੇ ਆਪਣੀਆਂ ਰਚਨਾਵਾਂ ਨਾਲ ਵੀ ਰੰਗ ਬੰਨ੍ਹਿਆ, ਜਿਸ 'ਚ ਹਰ ਵਾਰ ਦੀ ਤਰ੍ਹਾਂ ਮਧੂ ਸ਼ਰਮਾ ਨੇ ਸਟੇਜ ਵਾਲੀ ਸੇਵਾ ਨਿਭਾਉਂਦਿਆਂ ਆਪਣੀ ਇੱਕ ਖੂਬਸੂਰਤ ਕਵਿਤਾ 'ਫੁਲਕਾਰੀ ਤੇਰੀ ਸਿਰ ਤੋਂ ਲਾਹ ਕੇ ਸੁੱਟੀ ਨਹੀਓਂ ਮਾਂ,'ਜੈਸਾ ਦੇਸ਼ ਵੈਸਾ ਵੇਸ' ਪੁਗਾਵਣ ਲੱਗੀ ਆਂ' ਵੀ ਸੁਣਾਈ ਅਤੇ ਵਾਹ-ਵਾਹ ਖੱਟੀ, ਮੈਲਬੌਰਨ ਦੇ ਹੀ ਹਰਮਨ-ਪਿਆਰੇ ਕਵੀ 'ਜਿੰਦਰ' ਨੇ ਆਪਣੀ ਕਵਿਤਾ 'ਹਨੇਰਿਆਂ ਘਰਾਂ ਨੂੰ ਚਾਨਣ ਦੇਈਂ , ਭੁੱਖਿਆਂ ਘਰਾਂ ਨੂੰ ਦਾਣੇ' ਨਾਲ ਸਰੋਤਿਆਂ ਨੂੰ ਨਿਹਾਲ ਕੀਤਾ। ਇੱਥੋਂ ਦੇ ਹੀ ਨੌਜਵਾਨ ਲੇਖਕ ਹਰਪ੍ਰੀਤ ਸਿੰਘ ਤਲਵੰਡੀ ਖੁੰਮਣ ਨੇ ਆਪਣੀ ਰਚਨਾ 'ਬਾਬਲ ਤੈਥੋਂ ਸਦਕੇ ਜਾਵਾਂ, ਸੁੱਚੀ ਪੱਗ ਨੂੰ ਦਾਗ ਨਾ ਲਾਵਾਂ' ਨਾਲ ਇਹ ਸਾਬਤ ਕਰ ਦਿੱਤਾ ਕੇ ਪੰਜਾਬੀ ਸਾਹਿਤ ਵਿੱਚ ਮਾਂ ਵਰਗੇ ਰਿਸ਼ਤੇ ਦੇ ਨਾਲ ਨਾਲ ਪਿਤਾ ਦਾ ਰਿਸ਼ਤਾ ਵੀ ਬੜਾ ਮਹੱਤਵ ਰੱਖਦਾ ਹੈ। ਬਿੱਕਰ ਬਾਈ ਜੀ ਦੇ ਗੀਤ 'ਦਿਲ ਤਾਂ ਬੜਾ ਕਰਦਾ ਮੈਂ ਨਿੱਤ ਦਸਤਾਰ ਸਜਾਵਾਂ' ਨੇ ਸਰੋਤਿਆਂ ਦਾ ਮਨ ਕੀਲ ਲਿਆ, ਇਸ ਤੋਂ ਇਲਾਵਾ ਪ੍ਰੋਫੈਸਰ ਮੁਹਿੰਦਰ ਸਿੰਘ ਬਨਵੈਤ ਜੀ ਨਾਲ ਸਾਹਿਤਕ ਸੁਆਲਾਂ- ਜੁਆਬਾਂ ਦੌਰਾਨ ਕਵਿਤਾ ਦਾ ਦੌਰ ਚਲਦਾ ਰਿਹਾ । ਪ੍ਰੋਗਰਾਮ ਦੇ ਅੰਤ ਵਿੱਚ ਪ੍ਰੋਫੈਸਰ ਸਾਹਿਬ ਨੂੰ ਪੰਜਾਬੀ ਸੱਥ ਮੈਲਬੌਰਨ ਦਾ ਇੱਕ ਯਾਦਗਾਰੀ ਚਿੰਨ੍ਹ ਤੇ ਇੱਕ ਤੋਹਫ਼ਾ ਭੇਟ ਕੀਤਾ ਗਿਆ। ਰਾਤ ਦੇ ਖਾਣੇ ਦੇ ਨਾਲ ਪੰਜਾਬੀ ਸਾਹਿਤ ਦੇ ਰੰਗਾਂ ਨਾਲ ਰੰਗੀ ਹੋਈ ਇਸ ਹੁਸੀਨ, ਯਾਦਗਾਰ ਤੇ ਸਫਲਤਾ ਭਰਭੂਰ ਮਹਿਫ਼ਿਲ ਦੀ ਸਮਾਪਤੀ ਕਰ ਦਿੱਤੀ ਗਈ।


Related News