ਆਸਟ੍ਰੇਲੀਆ ਨੇ ਪੀ. ਆਰ. ਲਈ ਨਵਾਂ ਨਿਯਮ ਕੀਤਾ ਲਾਗੂ, 2021 ਤੋਂ ਹੋਵੇਗਾ ਲਾਜ਼ਮੀ

Friday, Oct 16, 2020 - 09:07 AM (IST)

ਆਸਟ੍ਰੇਲੀਆ ਨੇ ਪੀ. ਆਰ. ਲਈ ਨਵਾਂ ਨਿਯਮ ਕੀਤਾ ਲਾਗੂ, 2021 ਤੋਂ ਹੋਵੇਗਾ ਲਾਜ਼ਮੀ

ਬ੍ਰਿਸਬੇਨ,(ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆਈ ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟੱਜ ਵਲੋਂ ਨਵੀਂ ਪ੍ਰਵਾਸ ਨੀਤੀ 2021 'ਚ ਵੱਡੇ ਬਦਲਾਅ ਦਾ ਐਲਾਨ ਕਰਦਿਆਂ ਪਾਰਟਨਰ ਵੀਜ਼ਾ ਬਿਨੈਕਾਰ ਅਤੇ ਉਨ੍ਹਾਂ ਦੇ ਸਥਾਈ ਨਿਵਾਸੀ ਸਪਾਂਸਰਾਂ ਲਈ ਨਵੇਂ ਨਿਯਮਾਂ ਤਹਿਤ ਮੁੱਢਲੀ ਕਾਰਜਸ਼ੀਲ ਪੱਧਰ ਦੀ ਅੰਗਰੇਜ਼ੀ ਭਾਸ਼ਾ ਦਾ ਗਿਆਨ ਹੋਣਾ ਲਾਜ਼ਮੀ ਹੋਵੇਗਾ ਅਤੇ ਬਿਨੈਕਾਰ ਵਲੋਂ ਅੰਗਰੇਜ਼ੀ ਭਾਸ਼ਾ ਸਿੱਖਣ ਦੇ ਲਈ ਉਚਿਤ ਯਤਨ ਕੀਤੇ ਗਏ ਸਾਬਤ ਹੋਣੇ ਚਾਹੀਦੇ ਹਨ। ਮੌਰੀਸਨ ਸਰਕਾਰ ਦਾ ਮੰਨਣਾ ਹੈ ਕਿ ਇਸ ਨਵੀਂ ਨੀਤੀ ਨਾਲ ਮਹਾਮਾਰੀ ਤੋਂ ਬਾਅਦ ਦੇ ਆਸਟ੍ਰੇਲੀਆ ਵਿਚ ਪਰਵਾਸੀਆਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਮੁਹੱਈਆ ਕਰਵਾਏ ਜਾ ਸਕਣਗੇ।

ਗੌਰਤਲਬ ਹੈ ਕਿ ਇਹ ਟੈਸਟ ਜੋ ਬਿਨੈਕਾਰ ਅਤੇ ਉਨ੍ਹਾਂ ਦੇ ਸਪਾਂਸਰ ਦੋਵਾਂ 'ਤੇ ਲਾਗੂ ਹੁੰਦਾ ਹੈ ਜੇ ਉਹ ਇੱਕ ਆਸਟ੍ਰੇਲੀਆਈ ਨਾਗਰਿਕ ਦੀ ਬਜਾਏ ਸਥਾਈ ਨਿਵਾਸੀ (ਪੀ. ਆਰ) ਹਨ। ਸਰਕਾਰ ਦਾ ਮੰਨਣਾ ਹੈ ਕਿ ਉਸਨੇ ਇਸ ਸਾਲ ਦੇ ਸ਼ੁਰੂ ਵਿਚ ਏ. ਐੱਮ. ਈ. ਪੀ. ਵਿਚ ਤਬਦੀਲੀਆਂ ਕਰਨ ਦੀ ਘੋਸ਼ਣਾ ਕੀਤੀ ਸੀ, ਜਿਸ ਨਾਲ ਪ੍ਰਵਾਸੀਆਂ ਦੀ ਅੰਗਰੇਜ਼ੀ ਭਾਸ਼ਾ ਦੀਆਂ ਜਮਾਤਾਂ ਵਿਚ ਪਹੁੰਚ ਪਹਿਲਾਂ ਨਾਲੋਂ ਵੱਧ ਗਈ ਹੈ। ਦੱਸਣਯੋਗ ਹੈ ਕਿ ਸਾਥੀ ਵੀਜ਼ਾ ਦੋ-ਪੜਾਅ ਦੀ ਪ੍ਰਕਿਰਿਆ ਹੈ। ਜਿਸ ਅਧੀਨ ਤੁਹਾਨੂੰ ਪਹਿਲਾਂ ਦੋ ਸਾਲਾਂ ਲਈ ਆਰਜ਼ੀ ਵੀਜ਼ਾ ਮਿਲਦਾ ਹੈ ਜਿਸ ਤੋਂ ਬਾਅਦ ਤੁਸੀਂ ਆਪਣੇ ਸਪਾਂਸਰ ਸਾਥੀ ਦੀ ਸਹਿਮਤੀ ਨਾਲ ਸਥਾਈ ਵੀਜ਼ਾ (ਪੀ. ਆਰ) ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ। 

ਇੱਥੇ ਇਹ ਦੱਸਣਾ ਮਹੱਤਵਪੂਰਣ ਹੈ ਕਿ ਨਵੀਂ ਨੀਤੀ ਅਨੁਸਾਰ ਬਿਨੈਕਾਰਾਂ ਅਤੇ ਸਪਾਂਸਰ ਨੂੰ ਆਰਜ਼ੀ ਵੀਜ਼ਾ ਦੇ ਜਾਰੀ ਹੋਣ ਸਮੇਂ ਆਪਣੀ ਅੰਗਰੇਜ਼ੀ ਭਾਸ਼ਾ ਦੀ ਯੋਗਤਾ ਸਾਬਤ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ, ਪਰ ਸਥਾਈ ਵੀਜ਼ਾ ਅਰਜ਼ੀ ਸਮੇਂ ਇਹ ਟੈਸਟ ਲਾਜ਼ਮੀ ਹੋਵੇਗਾ। ਇਹ ਨਵੀਂ ਨੀਤੀ 2021 ਦੇ ਅਖੀਰ ਵਿੱਚ ਲਾਗੂ ਹੋਣ ਦੀ ਸੰਭਾਵਨਾ ਹੈ। ਵਿਰੋਧੀ ਧਿਰ ਲੇਬਰ ਅਤੇ ਗ੍ਰੀਨ ਨੇ ਇਸ ਨਵੇਂ ਕਾਨੂੰਨ ਨੂੰ ਸਮਾਜਕ ਅਤੇ ਪਰਿਵਾਰਕ ਨਜ਼ਰੀਏ ਤੋਂ ਮਨੁੱਖਤਾ ਵਿਰੋਧੀ ਸਰਕਾਰ ਨੂੰ ਭਾਈਵਾਲ ਵੀਜ਼ਾ ਅਰਜ਼ੀ ਦੇ ਬੈਕਲਾਗ ਨੂੰ ਸਾਫ ਕਰਨ 'ਤੇ ਧਿਆਨ ਦੇਣ ਦੀ ਨਸੀਹਤ ਦਿੱਤੀ ਹੈ। ਮੰਤਰੀ ਟੱਜ ਨੇ ਵੀਰਵਾਰ ਨੂੰ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ, “ਅਸੀਂ ਇਹ ਵੀ ਜਾਣਦੇ ਹਾਂ ਕਿ ਅੰਗਰੇਜ਼ੀ ਭਾਸ਼ਾ ਦੀ ਲੋੜੀਂਦੀ ਮੁਹਾਰਤ ਤੋਂ ਬਿਨਾਂ ਪ੍ਰਵਾਸੀ ਵਿਸ਼ੇਸ਼ ਤੌਰ ‘ਤੇ ਪਰਿਵਾਰਕ ਹਿੰਸਾ ਅਤੇ ਹੋਰ ਸੋਸ਼ਣ ਦਾ ਸ਼ਿਕਾਰ ਹੁੰਦੇ ਹਨ ਅਤੇ ਨਵਾਂ ਅੰਗਰੇਜ਼ੀ ਭਾਸ਼ਾ ਕਨੂੰਨ ਪ੍ਰਵਾਸੀਆਂ ਨੂੰ ਕੰਮਾਂ, ਪਰਿਵਾਰਕ ਹਿੰਸਾ ਅਤੇ ਸ਼ੋਸ਼ਣ ਵਿਰੁੱਧ ਉਨ੍ਹਾਂ ਦੀ ਰੱਖਿਆ ਕਰੇਗਾ ਜਦੋਂ ਉਹ ਆਸਟ੍ਰੇਲੀਆ ਵਿਚ ਪੱਕੇ ਤੌਰ' ਤੇ ਰਹਿਣ ਲੱਗ ਪੈਣਗੇ।” 

ਗ੍ਰੀਨ ਪਾਰਟੀ ਦੇ ਨਵਦੀਪ ਸਿੰਘ ਅਨੁਸਾਰ ਆਸਟਰੇਲੀਅਨ ਸੰਵਿਧਾਨ ਵਿੱਚ ਮਨੁੱਖੀ ਅਧਿਕਾਰਾਂ ਦੀ ਅਣਹੋਂਦ ਦਾ ਲਾਹਾ ਲੈਂਦਿਆਂ ਲਿਬਰਲ ਸਰਕਾਰ, ਇਤਿਹਾਸਕ ਤੌਰ ਤੇ ਬਦਨਾਮ ਸਫ਼ੈਦ ਨੀਤੀ ਵਰਗੇ ਕਾਲੇ ਕਾਨੂੰਨ ਨੂੰ ਦੁਬਾਰਾ ਲਿਆ ਕੇ ਮਨੁੱਖੀ ਰਿਸ਼ਤਿਆਂ ‘ਤੇ ਸਵਾਲੀਆ ਚਿੰਨ੍ਹ ਲਗਾਉਣਾ ਚਾਹੁੰਦੀ ਹੈ। ਅਜਿਹਾ ਵਰਤਾਰਾ ਪਰਵਾਸੀਆਂ ਨੂੰ ਆਸਟ੍ਰੇਲੀਆ ਵਿਚ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾਉਂਦਾ ਹੈ। ਉਨ੍ਹਾਂ ਹੋਰ ਕਿਹਾ ਕਿ ਪਰਿਵਾਰਾਂ ‘ਚ ਮਨੁੱਖੀ ਰਿਸ਼ਤਿਆਂ ਦਾ ਮਿਲਾਪ ਪਿਆਰ ਅਤੇ ਪਰਿਵਾਰਕ ਨੇੜਤਾ ਨਾਲ ਬਣਦਾ ਹੈ। ਜਿਸ ‘ਚ ਕਿਸੇ ਭਾਸ਼ਾ ਵਿਸ਼ੇਸ਼ ਦਾ ਗਿਆਨ ਬਹੁਤੀ ਅਹਿਮੀਅਤ ਨਹੀਂ ਰੱਖਦਾ। ਲੇਬਰ ਪਾਰਟੀ ਦੀ ਸ਼ੈਡੋ ਗ੍ਰਹਿ ਮਾਮਲਿਆਂ ਦੀ ਮੰਤਰੀ ਕ੍ਰਿਸਟੀਨਾ ਕੇਨੇਲੀ ਦਾ ਕਹਿਣਾ ਹੈ ਕਿ ਮੌਜੂਦਾ ਲਿਬਰਲ ਸਰਕਾਰ ਲੋਕਾਈ ਨੂੰ ਅੰਗਰੇਜ਼ੀ ਭਾਸ਼ਾ ਦੇ ਹੁਨਰ ਦੇ ਅਧਾਰ ‘ਤੇ ਵੰਡ ਰਹੀ ਹੈ ਜੋ ਨਿੰਦਣਯੋਗ ਵਰਤਾਰਾ ਹੈ। ਵੀਜ਼ਾ ਮਾਹਰਾਂ ਦਾ ਮੰਨਣਾ ਹੈ ਕਿ ਇਸ ਨਵੇਂ ਕਨੂੰਨ ਨਾਲ ਭਾਰਤ ਵਰਗੇ ਸਰੋਤ ਦੇਸ਼ਾਂ ਦੇ ਬਿਨੈਕਾਰਾਂ ਲਈ ਬਹੁਤੀ ਮੁਸ਼ਕਲ ਨਹੀਂ ਹੋਣੀ ਚਾਹੀਦੀ ਹੈ, ਜਿੱਥੇ ਬਹੁਤੇ ਲੋਕ ਜ਼ਿਆਦਾਤਰ ਕਿੱਤਾ ਮੁੱਖੀ ਹੁਨਰ ਅਤੇ ਅੰਗਰੇਜ਼ੀ ਭਾਸ਼ਾ ਦਾ ਗਿਆਨ ਰੱਖਦੇ ਹਨ।


author

Lalita Mam

Content Editor

Related News