NSW 'ਚ ਕੋਰੋਨਾ ਦੇ ਨਵੇਂ ਮਾਮਲੇ, ਕ੍ਰਿਸਮਿਸ ਦੌਰਾਨ ਤਾਲਾਬੰਦੀ ਹਟਾਉਣ ਬਾਰੇ ਚਰਚਾ ਜਾਰੀ

Tuesday, Dec 22, 2020 - 12:36 PM (IST)

NSW 'ਚ ਕੋਰੋਨਾ ਦੇ ਨਵੇਂ ਮਾਮਲੇ, ਕ੍ਰਿਸਮਿਸ ਦੌਰਾਨ ਤਾਲਾਬੰਦੀ ਹਟਾਉਣ ਬਾਰੇ ਚਰਚਾ ਜਾਰੀ

ਮੈਲਬੌਰਨ (ਬਿਊਰੋ): ਸਿਡਨੀ ਦੇ ਉਤਰੀ ਬੀਚਾਂ 'ਤੇ ਫੈਲੇ ਕਰੋਨਾ ਦੇ ਪ੍ਰਕੋਪ ਵਿਚ ਲਗਾਤਾਰ ਵਾਧਾ ਜਾਰੀ ਹੈ ਅਤੇ ਇਸ ਨਾਲ ਸਬੰਧਤ 7 ਨਵੇਂ ਮਾਮਲੇ ਅਤੇ ਇੱਕ ਹੋਰ ਨਵਾਂ ਕੋਵਿਡ-19 ਦਾ ਮਾਮਲਾ ਸਥਾਨਕ ਤੌਰ ਤੇ ਦਰਜ ਕੀਤਾ ਗਿਆ ਹੈ।ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾਵਾਇਰਸ ਦੇ ਅੱਠ ਨਵੇਂ ਸਥਾਨਕ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਵਿਚੋਂ ਸੱਤ ਸਿੱਧੇ ਸਿਡਨੀ ਦੇ ਉੱਤਰੀ ਬੀਚਾਂ ਦੇ ਸਮੂਹ ਨਾਲ ਜੁੜੇ ਹੋਏ ਹਨ। ਅੱਠਵਾਂ ਸਥਾਨਕ ਕੇਸ ਪੱਛਮੀ ਸਿਡਨੀ ਤੋਂ ਹੈਲਥਕੇਅਰ ਵਰਕਰ ਦਾ ਹੈ ਜੋ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਮਰੀਜ਼ਾਂ ਦੇ ਤਬਾਦਲੇ ਵਿਚ ਸ਼ਾਮਲ ਹੈ।

 

ਪ੍ਰੀਮੀਅਰ ਗਲੇਡਜ਼ ਬੇਰੇਜਿਕਲੀਅਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਤਰੀ ਬੀਚਾਂ ਨਾਲ ਸਬੰਧਤ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 90 ਹੋ ਗਈ ਹੈ ਅਤੇ ਇਸ ਦੌਰਾਨ 44,446 ਲੋਕ ਆਪਣਾ ਕਰੋਨਾ ਟੈਸਟ ਕਰਵਾਉਣ ਲਈ ਅੱਗੇ ਆਏ ਹਨ। ਨਵੇਂ ਮਾਮਲਿਆਂ ਵਿਚ ਇੱਕ ਸਿਹਤ ਅਧਿਕਾਰੀ ਵੀ ਸ਼ਾਮਿਲ ਹੈ ਜੋ ਕਿ ਕੋਰੋਨਾ ਦੇ ਮਰੀਜ਼ਾਂ ਨੂੰ ਅੰਤਰਰਾਸ਼ਟਰੀ ਏਅਰਪੋਰਟ ਤੋਂ ਹੋਟਲ ਕੁਆਰੰਟੀਨ ਵਿਚ ਸ਼ਿਫਟ ਕਰਨ 'ਤੇ ਆਪਣੀ ਡਿਊਟੀ ਨਿਭਾ ਰਿਹਾ ਸੀ। 

ਪੜ੍ਹੋ ਇਹ ਅਹਿਮ ਖਬਰ- ਇਮਰਾਨ ਸਰਕਾਰ ਨੇ ਇਸਲਾਮਾਬਾਦ 'ਚ ਹਿੰਦੂ ਮੰਦਰ ਨਿਰਮਾਣ ਦੀ ਦਿੱਤੀ ਇਜਾਜ਼ਤ

ਉਨ੍ਹਾਂ ਨੇ ਕਿਹਾ ਕਿ ਗ੍ਰੇਟਰ ਸਿਡਨੀ ਵਿਚ ਜਿਮ, ਰੈਸਟੌਰੈਂਟ, ਸੁਪਰ ਮਾਰਕੀਟਾਂ ਅਤੇ ਪੱਬ ਆਦਿ ਵਰਗੀਆਂ ਘੱਟੋ ਘੱਟ 50 ਅਜਿਹੀਆਂ ਥਾਵਾਂ ਹਨ ਜਿੱਥੇ ਕਿ ਕੋਵਿਡ-19 ਦੇ ਮਰੀਜ਼ਾਂ ਦੀ ਸ਼ਿਰਕਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਧਿਕਾਰੀ ਲਗਾਤਾਰ ਲੋਕਾਂ ਨੂੰ ਚਿਤਾਵਨੀਆਂ ਦੇਣ ਵਿਚ ਲੱਗੇ ਹੋਏ ਹਨ ਕਿ ਉਕਤ ਥਾਵਾਂ 'ਤੇ ਜੇਕਰ ਕਿਸੇ ਨੇ ਆਵਾਗਮਨ ਕੀਤਾ ਹੋਵੇ ਤਾਂ ਆਪਣੇ ਸਰੀਰਕ ਲੱਛਣਾਂ 'ਤੇ ਗੌਰ ਕਰਨ ਅਤੇ ਕਿਸੇ ਕਿਸਮ ਦੀ ਸਿਹਤ ਸਬੰਧੀ ਮੁਸ਼ਕਲ ਹੋਣ 'ਤੇ ਤੁਰੰਤ ਮੈਡੀਕਲ ਅਧਿਕਾਰੀਆਂ ਨਾਲ ਸੰਪਰਕ ਕਰਨ। ਕੋਰੋਨਾ ਦੇ ਨਵੇਂ ਮਾਮਲੇ ਦਰਜ ਹੋਣ ਕਾਰਨ, ਅਧਿਕਾਰੀ ਅਤੇ ਸਰਕਾਰ ਹਾਲੇ ਵੀ ਇਹ ਫ਼ੈਸਲਾ ਨਹੀਂ ਕਰ ਪਾ ਰਹੇ ਕਿ ਕ੍ਰਿਸਮਿਸ ਦੀ ਸ਼ਾਮ ਲਈ ਤਾਲਾਬੰਦੀ ਹਟਾਈ ਜਾਵੇ ਜਾਂ ਨਹੀਂ। ਹਾਲ ਦੀ ਘੜੀ ਬੁੱਧਵਾਰ ਨੂੰ ਹੋਣ ਵਾਲੇ ਨਵੇਂ ਐਲਾਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਨੋਟ- NSW 'ਚ ਕਰੋਨਾ ਦੇ ਨਵੇਂ ਮਾਮਲੇ, ਕ੍ਰਿਸਮਿਸ ਦੌਰਾਨ ਤਾਲਾਬੰਦੀ ਹਟਾਉਣ ਬਾਰੇ ਚਰਚਾ ਜਾਰੀ, ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News