ਆਸਟ੍ਰੇਲੀਆਈ ਗ੍ਰੀਨ ਪਾਰਟੀ ਪ੍ਰਵਾਸੀਆਂ ਦੇ ਹਿੱਤਾਂ ਦੀ ਰਾਖੀ ਕਰੇਗੀ : ਨਵਦੀਪ ਸਿੰਘ

01/17/2019 6:18:21 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਗ੍ਰੀਨ ਪਾਰਟੀ ਦੇ ਕੁਈਨਜ਼ਲੈਂਡ ਤੋਂ ਸੈਨੇਟ ਦੇ ਉਮੀਦਵਾਰ ਨਵਦੀਪ ਸਿੰਘ ਨੇ ਪ੍ਰੈੱਸ ਨੋਟ ਰਾਹੀਂ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਸੋਸ਼ਲ ਮੀਡੀਆ ਉਪਰ ਉਨ੍ਹਾਂ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਲਈ ਲੋਕ ਨਹੀਂ ਸਗੋਂ ਨਫਰਤ ਫੈਲਾਉਣ ਵਾਲੇ ਆਗੂ ਜ਼ਿੰਮੇਵਾਰ ਹਨ।

ਉਨ੍ਹਾਂ ਮੁਤਾਬਕ ਮੌਜੂਦਾ ਸਰਕਾਰ ਦੀ ਮਿਆਦ ਮੁੱਕਣ ਨਾਲ ਹੀ ਉਹ ਚੋਣਾਂ ਦੀ ਜੋੜ-ਤੋੜ ਲਈ ਭਰਮ ਭੁਲੇਖਿਆਂ ਦਾ ਮਾਹੌਲ ਸਿਰਜਣ ਵਿਚ ਰੁੱਝ ਗਈ ਹੈ। ਪਿਛਲੇ ਕ੍ਰਿਸਮਸ ਦੌਰਾਨ ਆਸਟਰੇਲੀਆ ਵਿਚ ਰਿਕਾਰਡ ਮੰਦੀ ਰਹੀ ਹੈ। ਆਰਥਿਕ ਮੰਦੀ ਦੇ ਸ਼ਿਕਾਰ ਛੋਟੇ ਵਪਾਰੀ ਅਤੇ ਆਮ ਲੋਕ ਹੀ ਨਹੀਂ ਹੋਏ ਸਗੋਂ ਵੱਡੇ ਸਟੋਰਾਂ ਨੂੰ ਵੀ ਅਸਰ ਹੋਇਆ ਹੈ। ਆਮ ਆਸਟਰੇਲੀਅਨ ਇਸ ਮੰਦੀ ਦੇ ਹਾਲਾਤ ਤੋਂ ਕਿਸੇ ਵੀ ਤਰੀਕੇ ਨਾਲ ਬਚ ਨਹੀਂ ਰਹੇ। ਅਜਿਹੇ ਹਲਾਤਾਂ ਦੌਰਾਨ ਪਿੰਡ ਨੂੰ ਲੱਗੀ ਅੱਗ ਬੁਝਾਉਣ ਦੀ ਥਾਂ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਉਨ੍ਹਾਂ ਦੀ ਲਿਬਰਲ ਸਰਕਾਰ ਹੋਰਾਂ ਹੀ ਕੰਮਾਂ ਵਿਚ ਰੁੱਝੀ ਪਈ ਹੈ। 

ਜਿਵੇਂ ਕਿ ਪਿਛਲੇ ਮਹੀਨਿਆਂ ਦੌਰਾਨ ਉਹ ਆਸਟਰੇਲੀਆ ਵਿਚ ਭੀੜ ਦਾ ਕਾਰਨ ਪਰਵਾਸ ਨੂੰ ਦੱਸਦੇ ਹੋਏ ਚਿੰਤਾ ਦਾ ਵਿਸ਼ਾ ਦੱਸ ਰਹੇ ਹਨ। ਹਾਲਾਂਕਿ ਜੇ ਦੇਖਿਆ ਜਾਵੇ ਤਾਂ ਸਾਰੇ ਵੱਡੇ ਸ਼ਹਿਰਾਂ ਸਿਡਨੀ, ਮੈਲਬੌਰਨ, ਬ੍ਰਿਸਬੇਨ, ਪਰਥ ਦੇ ਬਾਰੇ ਇਨ੍ਹਾਂ ਵਰਗਾਂ ਦੇ ਪਿਛਲੇ ਸਾਲਾਂ ਦੌਰਾਨ ਹੋਏ ਵਿਕਾਸ ਲਈ ਪ੍ਰਵਾਸੀ ਹੀ ਜ਼ਿੰਮੇਵਾਰ ਹਨ। ਉਨ੍ਹਾਂ ਦੇ ਆਉਣ ਨਾਲ ਬੰਦ ਪਏ ਕਾਰੋਬਾਰ ਚੱਲੇ ਹਨ, ਘਰਾਂ ਦੀ ਉਸਾਰੀ ਹੋਈ ਹੈ ਅਤੇ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਸਭ ਤੋਂ ਨਿਪੁੰਨ ਸਿੱਖਿਆ ਨਾਲ ਚੱਲਣ ਵਾਲੇ  ਮੈਡੀਕਲ ਢਾਂਚੇ ਵਿਚ ਅੱਧ ਤੋਂ ਵੀ ਵੱਧ ਪ੍ਰਵਾਸੀ ਕੰਮ ਕਰ ਰਹੇ ਹਨ।

ਆਪਣੀ ਜ਼ਿੰਮੇਵਾਰੀ ਮੁਤਾਬਕ  ਮੁੱਢਲਾ ਢਾਂਚਾ ਦੇਣ ਤੋਂ ਅਸਮਰੱਥ ਸਰਕਾਰ, ਯੋਗਦਾਨ ਦੇ ਰਹੇ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾ ਆਪਣੀ ਅਸਫਲਤਾ ਦਾ ਤੋੜਾ ਉਨ੍ਹਾਂ ਦੇ ਸਿਰ ਝਾੜਨਾ ਚਾਹੁੰਦੀ ਹੈ। ਇਸ ਦੇ ਚੱਲਦਿਆਂ ਵਾਰ-ਵਾਰ ਆਸਟਰੇਲੀਆ ਦੇ ਪ੍ਰਵਾਸ ਨੂੰ ਘੱਟ ਕਰਨ ਦੀਆ ਬਾਤਾ ਪਾਈਆਂ ਜਾ ਰਹੀਆਂ ਹਨ।  ਇਸ ਬਹਿਸ ਵਿੱਚ ਲੇਬਰ ਪਾਰਟੀ ਵੀ ਉਨ੍ਹਾਂ ਨਾਲ ਹਾਮੀ ਭਰ ਰਹੀ ਹੈ ਇਸ ਕਿਸਮ ਦੀ ਨੀਤੀ ਪੱਕੇ ਵੀਜ਼ੇ ਉਡੀਕ ਰਹੇ ਵਿਦਿਆਰਥੀਆਂ ਅਤੇ ਪਰਿਵਾਰਾਂ ਦਾ ਵਿਛੋੜਾ ਝੱਲ ਰਹੇ ਪ੍ਰਵਾਸੀ ਜੋ ਆਪਣੇ ਪੁਰਖੀ ਮੁਲਕਾਂ ਵਿੱਚ ਬੈਠੇ ਮਾਪਿਆਂ ਦੇ ਸੁੱਖ-ਦੁੱਖ ਲਈ ਚਿੰਤਤ ਹਨ, ਉਨ੍ਹਾਂ ਉੱਪਰ ਲਟਕਦੀ ਤਲਵਾਰ ਦਾ ਕੰਮ ਕਰ ਰਹੀ ਹੈ।

ਪ੍ਰਵਾਸੀਆਂ ਅਤੇ ਮੂਲ ਨਿਵਾਸੀਆਂ ਦੀ ਬਹੁਤ ਘੱਟ ਨੁਮਾਇੰਦਗੀ ਹੋਣ ਕਾਰਨ ਉਨ੍ਹਾਂ ਦੇ ਮਸਲੇ ਨੂੰ ਸਰਕਾਰ ਨੇ ਦਰਕਿਨਾਰ ਕੀਤੇ ਹੋਏ ਹਨ। ਜੇਕਰ ਵੱਡੀਆਂ ਪਾਰਟੀਆਂ ਦੇ ਇਸ ਵਤੀਰੇ ਨੂੰ ਧਿਆਨ ਨਾਲ ਘੋਖਿਆ ਜਾਵੇ ਤਾਂ ਸਮਝ ਆਉਂਦੀ ਹੈ ਕਿ ਜਿਸ ਦਿਨ ਤੋਂ ਆਸਟਰੇਲੀਆ ਵਿਚ ਯੂਰਪੀਅਨਾਂ ਨੇ ਪੈਰ ਧਰਿਆ ਉਸ ਦਿਨ ਤੋਂ ਹੀ ਆਪਣੇ ਆਪ ਨੂੰ ਸਰਬਉੱਚ ਰੱਖ ਕੇ ਲੰਬਾ ਸਮਾ ਮੂਲ ਨਿਵਾਸੀਆਂ ਨੂੰ ਜਾਨਵਰਾਂ ਨਾਲੋਂ ਵੀ ਭੈੜੇ ਤਰੀਕੇ ਨਾਲ ਸਲੂਕ ਕੀਤਾ ਗਿਆ। ਪਿਛਲੇ ਕੁਝ ਵਰ੍ਹਿਆਂ ਕਰੀਬ ਚਾਲੀ ਸਾਲਾਂ ਤੋਂ ਮੂਲ ਨਿਵਾਸੀਆਂ ਨੂੰ ਇਨਸਾਨ ਸਮਝਣ ਜਾਣ ਲੱਗਿਆ ਹੈ ਅਤੇ 1992 ਵਿਚ ਉਨ੍ਹਾਂ ਨੂੰ ਜ਼ਮੀਨ ਦੇ ਹੱਕ ਦਿੱਤੇ ਗਏ। ਪਰ ਅੱਜ ਵੀ ਉਨ੍ਹਾਂ ਦੀ ਤਿੰਨ ਪ੍ਰਤੀਸ਼ਤ ਆਬਾਦੀ ਵਿਚੋਂ ਪੱਚੀ ਪ੍ਰਤੀਸ਼ਤ ਜੇਲਾਂ ਵਿੱਚ ਬੰਦ ਹੈ ਉਨ੍ਹਾਂ ਦੇ ਬੱਚਿਆਂ ਨੂੰ ਦਸਵੀਂ ਪਾਸ ਕਰਨ ਨਾਲੋਂ ਜੇਲ ਜਾਣ ਦੇ ਮੌਕੇ ਜ਼ਿਆਦਾ ਹੁੰਦੇ ਹਨ। ਇਸ ਖੱਪੇ ਨੂੰ ਪੂਰਨ ਲਈ ਲੰਮੀਆਂ ਪਲਾਂਘਾਂ ਤੇ ਵੱਡੇ ਕੰਮਾਂ ਦੀ ਲੋੜ ਹੈ।

ਇਹੋ ਜਿਹਾ ਸੱਭਿਆਚਾਰ ਅਤੇ ਕਦਰਾਂ ਕੀਮਤਾਂ ਦੀ ਫੜ੍ਹ ਮਾਰਨ ਵਾਲੀਆਂ ਲਿਬਰਲ ਪਾਰਟੀ  ਪ੍ਰਵਾਸ ਅਤੇ ਪ੍ਰਵਾਸੀਆਂ ਦੇ ਯੋਗਦਾਨ ਨੂੰ ਕਿਵੇਂ ਸਰਕਾਰ ਕਰਕੇ ਧੰਨਵਾਦੀ ਹੋ ਸਕਦੀ ਹੈ। ਉਨ੍ਹਾਂ ਦੇ ਮਾਪਿਆਂ ਦੇ ਯੋਗਦਾਨ ਨੂੰ ਮੰਨਣਾ ਤਾਂ ਦੂਰ ਦੀ ਗੱਲ ਹੈ।ਪ੍ਰਧਾਨ ਮੰਤਰੀ ਸਕੌਟ ਮੌਰੀਸਨ ਕਦੇ ਅਫਰੀਕਨ ਕਦੇ ਮੁਸਲਮਾਨਾਂ ਨੂੰ ਆਪਣੀ ਨਫ਼ਰਤ ਨਿਸ਼ਾਨਾ ਬਣਾਉਂਦੇ ਹਨ ਨਾਲ ਹੀ ਇਜ਼ਰਾਈਲ ਦੀ ਰਾਜਧਾਨੀ ਯਰੂਸ਼ਲਮ ਨੂੰ ਮੰਨਣ ਦੀ ਗੱਲ ਕਰਕੇ ਉੱਜੜੇ ਫਲਸਤੀਨੀਆਂ ਦੇ ਜ਼ਖ਼ਮਾਂ ਤੇ ਲੂਣ ਛਿੜਕਦੇ ਹਨ। ਲਿਬਰਲ ਪਾਰਟੀ ਦੇ ਇਸ ਤਰ੍ਹਾਂ ਦੇ ਸੁਭਾਅ ਦੇ ਚੱਲਦਿਆਂ ਖਤਰਾ ਇੱਥੋਂ ਤੱਕ ਹੈ ਕਿ ਏਸ਼ੀਅਨ ਲੋਕਾਂ ਦੇ ਕਾਰੋਬਾਰੀ ਸਫਲਤਾਵਾਂ ਕਾਰਨ ਉਹ ਕਦੇ ਵੀ ਕਦੇ ਵੀ ਆਪਣਾ ਨਿਸ਼ਾਨਾ ਇਸ ਪਾਸੇ ਵੱਲ ਕਰ ਸਕਦੇ ਹਨ। ਮਰੇ ਡਾਰਲਿੰਗ ਰਿਵਰ ਸਿਸਟਮ ਜੋ ਕਿ ਆਸਟਰੇਲੀਆ ਦੀ ਵੱਡੀ ਖੇਤੀ ਬੈਲਟ ਨੂੰ ਸਿੰਜਣ ਵਾਲਾ ਮੁੱਖ ਨਹਿਰੀ ਢਾਂਚਾ ਹੈ ਉਸਦੇ ਤਹਿਸ ਹੋਣ ਬਾਰੇ ਸਰਕਾਰ ਚੁੱਪ ਹੈ ਨਾਲ ਹੀ ਘਟੇ ਹੋਏ ਕਾਰੋਬਾਰਾਂ ਤੇ ਵੀ ਸਰਕਾਰ ਚੁੱਪ ਹੈ। ਖੇਤਾਂ ਨੂੰ ਪਾਣੀ ਦੇਣ ਵਾਲੇ ਸਿਸਟਮ ਦਾ ਵਾਤਾਵਰਨ ਵਾਲਾ ਢਾਂਚਾ ਤਹਿਸ ਨਹਿਸ ਹੋ ਰਿਹਾ ਹੈ।ਅਜਿਹੇ ਮਾਹੌਲ ਦੌਰਾਨ ਗ੍ਰੀਨ ਪਾਰਟੀ ਪ੍ਰਵਾਸੀਆਂ ਦੇ ਨਾਲ ਖੜ੍ਹੀ ਹੈ ਮੁਲਕ ਵਿੱਚ ਪਿਆਰ ਦੇ ਮਾਹੌਲ ਅਤੇ ਪ੍ਰਵਾਸੀਆਂ ਦੇ ਪਰਿਵਾਰਾਂ ਨੂੰ ਮਿਲਾਉਣ ਲਈ ਵਚਨਬੱਧ ਹੈ,  ਨਾਲ ਹੀ ਗ੍ਰੀਨ ਪਾਰਟੀ ਪ੍ਰਵਾਸ ਅਤੇ ਪ੍ਰਵਾਸੀਆਂ ਦੇ ਯੋਗਦਾਨ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਵੱਲੋਂ ਪਾਏ ਯੋਗਦਾਨ ਬਾਰੇ ਲੋਕਾਂ ਨੂੰ ਪ੍ਰਚਾਰ ਕੇ  ਮੁਲਕ ਵਿੱਚ ਸੁਖਾਵਾਂ ਮਾਹੌਲ ਬਣਾਉਣ ਲਈ ਕੰਮ ਕਰਦੀ ਰਹੇਗੀ ।


Vandana

Content Editor

Related News