ਮਿੰਟੂ ਬਰਾੜ ਤੀਸਰੀ ਵਾਰੀ “ਗਵਰਨਰ ਮਲਟੀਕਲਚਰ ਐਵਾਰਡ” ਨਾਲ ਸਨਮਾਨਿਤ
Monday, Mar 22, 2021 - 10:11 AM (IST)
 
            
            ਐਡੀਲੇਡ (ਕਰਨ ਬਰਾੜ): ਮੀਡੀਆ ਦੀ ਦੁਨੀਆ ਵਿਚ ਮਿੰਟੂ ਬਰਾੜ ਇਕ ਜਾਣਿਆ ਪਹਿਚਾਣਿਆ ਨਾਮ ਹੈ। ਸਿਰਫ਼ ਪੰਦਰਾਂ ਕੁ ਵਰ੍ਹੇ ਪਹਿਲਾਂ ਆਸਟ੍ਰੇਲੀਆ ਦੀ ਧਰਤੀ 'ਤੇ ਜਾ ਕੇ ਆਪਣਾ ਭਵਿੱਖ ਭਾਲਣ ਵਾਲਾ ਮਿੰਟੂ ਬਰਾੜ ਹਮੇਸ਼ਾ ਕੁਝ ਨਾ ਕੁਝ ਨਵੇਕਲਾ ਕਰਨ ਦੀ ਲੋਰ ਵਿੱਚ ਤੁਰਦਾ ਆਪਣੀ ਅਣਥੱਕ ਮਿਹਨਤ ਸਦਕਾ ਕਈ ਮੰਜ਼ਿਲਾਂ ਨੂੰ ਪਾਰ ਕਰਦਾ ਰਿਹਾ। ਸਮਾਜ ਲਈ ਕੁਝ ਚੰਗਾ ਕਰਨ ਦੀ ਜਿਹੜੀ ਲਗਨ ਉਸ ਨੂੰ ਪੰਜਾਬ ਵਿੱਚ ਲੱਗੀ ਸੀ। ਉਸ ਨੇ ਉਸ ਲਗਨ ਨੂੰ ਇੱਥੇ ਆਕੇ ਵੀ ਜਾਰੀ ਰੱਖਿਆ ਅਤੇ ਹਰਮਨ ਰੇਡੀਓ ਤੋਂ ਲੈ ਕੇ ਪੰਜਾਬੀ ਅਖ਼ਬਾਰ ਅਤੇ ਪੇਂਡੂ-ਆਸਟ੍ਰੇਲੀਆ ਰਾਹੀਂ ਲੋਕਾਂ ਨੂੰ ਜਾਣਕਾਰੀ ਭਰਪੂਰ ਸੱਚ ਦੇ ਸਨਮੁਖ ਕੀਤਾ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ।
ਮੀਡੀਆ ਦੀ ਗੱਲ ਕਰੀਏ ਤਾਂ ਅਸਲ ਵਿੱਚ ਉਸ ਦੀ ਪੇਸ਼ਕਾਰੀ ਦਾ ਅੰਦਾਜ਼ ਹੀ ਉਸ ਨੂੰ ਮੀਡੀਆ ਦੀ ਦੁਨੀਆ ਅੰਦਰ ਖਿੱਚ ਦਾ ਕੇਂਦਰ ਬਣਾਉਂਦਾ ਹੈ ਕਿਉਂਕਿ ਉਸ ਦੀ ਹਰ ਪੇਸ਼ਕਾਰੀ ਤੱਥਾਂ 'ਤੇ ਹੀ ਆਧਾਰਿਤ ਹੁੰਦੀ ਹੈ ਅਤੇ ਇਹੋ ਇੱਕ ਸਫਲ ਪੇਸ਼ਕਾਰ ਦੀ ਪਹਿਚਾਣ ਹੈ। ਇਸੇ ਤਰ੍ਹਾਂ ਸਮੇਂ ਸਮੇਂ ਆਸਟ੍ਰੇਲੀਆ ਦੀ ਸਰਕਾਰ ਨੇ ਮਿੰਟੂ ਬਰਾੜ ਦੀਆਂ ਕਿਰਤਾਂ ਦਾ ਪੂਰਾ ਮੁੱਲ ਪਾਇਆ ਅਤੇ ਉਸ ਦੇ ਕੰਮਾਂ ਨੂੰ ਭਰਪੂਰ ਸਲਾਹਿਆ ਹੈ। ਪਹਿਲੀ ਵਾਰੀ ਸਾਲ 2013 ਵਿੱਚ ਸਾਊਥ ਆਸਟ੍ਰੇਲੀਆ ਦੀ ਸਰਕਾਰ ਵੱਲੋਂ 'ਗਵਰਨਰਜ਼ ਮਲਟੀਕਲਚਰ ਐਵਾਰਡ ਨਾਲ ਮਿੰਟੂ ਬਰਾੜ ਦਾ ਸਨਮਾਨ ਕੀਤਾ ਗਿਆ ਸੀ ਅਤੇ ਫਿਰ ਲਗਾਤਾਰ ਦੂਸਰੀ ਵਾਰੀ 2014 ਵਿੱਚ ਵੀ ਉਹਨਾਂ ਨੂੰ ਇਹੀ ਐਵਾਰਡ ਮਿਲਿਆ ਸੀ ਅਤੇ ਇਸ ਵਾਰੀ 2020 ਲਈ ਵੀ ਉਹਨਾਂ ਨੂੰ ਇਸ ਵੱਕਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- 160 ਮਿਲੀਅਨ ਡਾਲਰ ਤੋਂ ਵੱਧ ਦੀ ਲਾਗਤ ਨਾਲ ਸਿਡਨੀ 'ਚ ਬਣੇਗਾ ਆਸਟ੍ਰੇਲੀਆ ਦਾ ਪਹਿਲਾ 'ਸਿੱਖ' ਸਕੂਲ
ਇਸ ਮੌਕੇ 'ਤੇ ਬੋਲਦਿਆਂ ਮਿੰਟੂ ਬਰਾੜ ਨੇ ਮਾਣਯੋਗ ਗਵਰਨਰ ਹਿਊ ਵੈਨ ਲੀ ਅਤੇ ਮਾਣਯੋਗ ਪ੍ਰੀਮੀਅਰ ਸਟੀਵਨ ਮਾਰਸ਼ਲ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ "ਮੈਂ ਦਿਲੋਂ ਧੰਨਵਾਦੀ ਹਾਂ ਸਾਊਥ ਆਸਟ੍ਰੇਲੀਆ ਦੀ ਸਰਕਾਰ ਦਾ, ਜਿਨ੍ਹਾਂ ਮੇਰੇ ਕੰਮਾਂ ਤੋਂ ਕਿਤੇ ਵੱਡੇ ਇਨਾਮ ਮੈਨੂੰ ਦਿੱਤੇ ਹਨ। ਮਿੰਟੂ ਨੇ ਦੱਸਿਆ ਕਿ ਉਹਨਾਂ ਦਾ ਮੁਕਾਬਲਾ ਤਿੰਨ ਤੋਂ ਪੰਜ ਦਹਾਕੇ ਪੁਰਾਣੇ ਮੀਡੀਆ ਘਰਾਨਿਆਂ ਨਾਲ ਸੀ ਜਿਨ੍ਹਾਂ ਕੋਲ ਵੱਡੇ-ਵੱਡੇ ਬਜਟ ਹੁੰਦੇ ਹਨ। ਉਹਨਾਂ ਆਪਣਾ ਇਹ ਇਨਾਮ ਆਪਣੀ ਟੀਮ ਅਤੇ ਆਪਣੇ ਚਾਹੁਣ ਵਾਲਿਆਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ "ਇਹ ਮੇਰਾ ਨਹੀਂ ਇਹ ਸਾਡਾ ਇਨਾਮ ਹੈ''। ਉਹਨਾਂ ਸਨਮਾਨ ਲਈ ਵਿਰੋਧੀ ਧਿਰ ਦੇ ਨੇਤਾ ਪੀਟਰ ਮੈਲੀਨਾਸਕਸ, ਰੱਸਲ ਵਾਟਲੇ ਅਤੇ ਡਾਨਾ ਵਾਟਲੇ ਦਾ ਵੀ ਧੰਨਵਾਦ ਕੀਤਾ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            