ਆਸਟ੍ਰੇਲੀਆ : 22 ਮਹੀਨੇ ਦੇ ਬੱਚੇ ਨੂੰ ਸੱਪ ਨੇ ਕੱਟਿਆ, ਇੰਝ ਬਚੀ ਜਾਨ
Sunday, Oct 21, 2018 - 11:34 AM (IST)

ਲੰਡਨ (ਬਿਊਰੋ)— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਉੱਤਰ ਵਿਚ ਇਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਇੱਥੇ ਘਰ ਦੇ ਵਰਾਂਡੇ ਵਿਚ ਖੇਡ ਰਹੇ 22 ਮਹੀਨੇ ਦੇ ਬੱਚੇ ਨੂੰ ਚਾਰ ਮੀਟਰ ਲੰਬੇ ਸਕਰੱਬ ਪਾਈਥਨ ਨੇ ਕੱਟ ਲਿਆ। ਰੌਨ ਰੂਟਲੈਂਡ (ਦਾਦਾ) ਸ਼ਨੀਵਾਰ ਦੁਪਹਿਰ ਨੂੰ ਕੇਅਨਰਸ ਦੇ ਉੱਤਰ ਵਿਚ ਬਣੇ ਜੁਲੈਟਨ ਵਾਲੇ ਆਪਣੇ ਘਰ ਵਿਚ ਬੈਠੇ ਸਨ ਅਤੇ ਨਾਇਸ਼ ਡੋਬਸਨ ਆਪਣੀ ਤਿੰਨ ਸਾਲਾ ਭੈਣ ਐਵੀ-ਬਲੂ ਨਾਲ ਵਰਾਂਡੇ ਵਿਚ ਖੇਡ ਰਿਹਾ ਸੀ। ਅਚਾਨਕ ਉਨ੍ਹਾਂ ਨੇ ਦੇਖਿਆ ਕਿ ਪਾਈਥਨ ਉਨ੍ਹਾਂ ਦੇ ਪੋਤੇ ਨਾਇਸ਼ ਡੋਬਸਨ ਦੇ ਸਰੀਰ 'ਤੇ ਲਿਪਟਿਆ ਹੋਇਆ ਸੀ ਅਤੇ ਉਹ ਖੁਦ ਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਰੌਨ ਰੂਟਲੈਂਡ ਨੇ ਦੱਸਿਆ,''ਮੈਂ ਪਾਈਥਨ ਨੂੰ ਸਿਰ ਤੋਂ ਫੜ ਲਿਆ। ਮੈ ਸੋਚ ਰਿਹਾ ਸੀ ਕਿ ਮੈਂ ਉਸ ਦਾ ਗਲਾ ਘੁੱਟ ਦੇਵਾਂਗਾ ਅਤੇ ਬੱਚੇ ਨੂੰ ਛੁਡਾ ਲਵਾਂਗਾ। ਪਰ ਇਹ ਤਰੀਕਾ ਕੰਮ ਨਹੀਂ ਸੀ ਕਿਰ ਰਿਹਾ।'' ਨਾਇਸ਼ ਦੀ ਮਾਂ ਅਮਾਂਡਾ ਰੁਟਲੈਂਡ ਨੇ ਪਾਈਥਨ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਉਹ ਉਸ ਦੇ ਮੂੰਹ ਵੱਲ ਵਧਿਆ। ਆਖਿਰਕਾਰ ਨਾਇਸ਼ ਦੇ ਪਿਤਾ ਨੇ ਸੱਪ ਨੂੰ ਮਾਰ ਕੇ ਉਸ ਦੀ ਜਾਨ ਬਚਾਈ।
ਮਿਸਟਰ ਰੂਟਲੈਂਡ ਨੇ ਦੱਸਿਆ,''ਮੈਂ ਪਾਈਥਨ 'ਤੇ ਤੇਜ਼ਧਾਰ ਹਥਿਆਰ ਨਾਲ ਚਾਰ ਜਾਂ ਪੰਜ ਵਾਰ ਹਮਲਾ ਕੀਤਾ। ਜਿਸ ਨਾਲ ਉਹ ਜ਼ਖਮੀ ਹੋ ਗਿਆ। ਆਖਿਰ ਜ਼ਖਮੀ ਹੋਣ ਮਗਰੋ ਪਾਈਥਨ ਨੇ ਬੱਚੇ ਨੂੰ ਛੱਡ ਦਿੱਤਾ।''
ਇਸ ਮਗਰੋਂ ਪੈਰਾ ਮੈਡੀਕਲ ਅਧਿਕਾਰੀਆਂ ਨੂੰ ਨਾਇਸ਼ ਦੇ ਇਲਾਜ ਲਈ ਬੁਲਾਇਆ ਗਿਆ। ਪਾਈਥਨ ਨੇ ਨਾਇਸ਼ ਨੂੰ ਦੋ ਜਗ੍ਹਾ ਕੱਟਿਆ ਸੀ। ਇਕ ਬਾਂਹ ਦੇ ਉੱਪਰ ਅਤੇ ਦੂਜਾ ਕੂਹਣੀ ਲਾਗੇ। ਨਾਇਸ਼ ਨੂੰ ਤੁਰੰਤ ਮੋਸਮੈਨ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਮਗਰੋਂ ਉਸ ਦੀ ਹਾਲਤ ਸਥਿਰ ਹੈ।