ਬ੍ਰਿਸਬੇਨ ਵਿਖੇ ਚੌਥਾ ਭਾਰਤੀ ਸਾਹਿਤ ਉਤਸਵ ਆਯੋਜਿਤ, ਅਸ਼ਰਫ ਸ਼ਾਦ ਤੇ ਰੇਖਾ ਰਾਜਵੰਸ਼ੀ ਦਾ ਸਨਮਾਨ (ਤਸਵੀਰਾਂ)

Monday, Dec 21, 2020 - 06:00 PM (IST)

ਬ੍ਰਿਸਬੇਨ (ਸਤਵਿੰਦਰ ਟੀਨੂੰ ): ਆਸਟ੍ਰੇਲੀਆ ਦੀ ਨਾਮਵਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਵੱਲੋਂ ਬ੍ਰਿਸਬੇਨ ਸ਼ਹਿਰ ਦੀ ਇੰਡੋਜ਼ ਪੰਜਾਬੀ ਲਾਇਬਰੇਰੀ ਇਨਾਲਾ ਵਿਖੇ ਚੌਥਾ ਭਾਰਤੀ ਸਾਹਿਤ ਉਤਸਵ ਰਚਾਇਆ ਗਿਆ। ਇਸ ਵਿੱਚ ਹਿੰਦੀ, ਉਰਦੂ ਅਤੇ ਪੰਜਾਬੀ ਤਿੰਨਾਂ ਹੀ ਭਾਸ਼ਾਵਾਂ ਦੇ ਸ਼ਾਇਰਾਂ ਅਤੇ ਸ੍ਰੋਤਿਆਂ ਨੇ ਸ਼ਮੂਲੀਅਤ ਕੀਤੀ। ਇਪਸਾ ਆਸਟ੍ਰੇਲੀਆ ਨੇ ਪਹਿਲਕਦਮੀ ਕਰਦੇ ਹੋਏ ਪਹਿਲਾਂ ਪਿਕਾਸਾ ਨਾਲ ਰਲ ਕੇ ਪਹਿਲਾ ਭਾਰਤੀ ਸਾਹਿਤ ਉਤਸਵ ਕਰਵਾਇਆ ਸੀ। ਫਿਰ ਦੋ ਸਮਾਗਮ ਆਪਣੇ ਤੌਰ ਹੀ ਆਯੋਜਿਤ ਕਰਕੇ ਇਕ ਨਵੀਂ ਪਿਰਤ ਪਾਈ ਹੈ। ਸਮਾਗਮ ਦੇ ਪਹਿਲੇ ਭਾਗ ਵਿੱਚ ਮਨਜੀਤ ਬੋਪਾਰਾਏ ਨੇ ਸਮਾਰੋਹ ਵਿੱਚ ਆਏ ਬਾਹਰਲੇ ਮਹਿਮਾਨ ਅਤੇ ਲੇਖਕਾਂ ਦਾ ਸਵਾਗਤ ਕਰਦਿਆਂ ਇਸ ਸਮਾਗਮ ਨੂੰ ਭਰਾਤਰੀ ਭਾਵ ਅਤੇ ਮਾਨਵੀ ਸਮਝ ਪੈਦਾ ਕਰਨ ਵਾਲਾ ਦੱਸਿਆ। 

PunjabKesari

ਉਸ ਤੋਂ ਬਾਅਦ ਇਪਸਾ ਦੇ ਸਾਬਕਾ ਸਕੱਤਰ ਅਤੇ ਸ਼ਾਇਰ ਸਰਬਜੀਤ ਸੋਹੀ ਨੇ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ ਦੀ ਸਥਾਪਨਾ ਤੋਂ ਲੈ ਕੇ ਅੱਜ ਤੱਕ ਦੀਆਂ ਸਰਗਰਮੀਆਂ ਅਤੇ ਸਾਹਿਤਕ ਪ੍ਰਵਾਹ ਬਾਰੇ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕੀਤੀ। ਸਮਾਗਮ ਦੇ ਦੂਸਰੇ ਚਰਨ ਵਿੱਚ ਹਿੰਦੀ, ਪੰਜਾਬੀ ਅਤੇ ਊਰਦੂ ਦੇ ਸਥਾਨਕ ਕਵੀਆਂ ਨੇ ਪ੍ਰਭਾਵਸ਼ਾਲੀ ਰੰਗ ਬੰਨ ਦਿੱਤਾ। ਕਵੀ ਦਰਬਾਰ ਵਿੱਚ ਮੀਤ ਧਾਲੀਵਾਲ, ਆਤਮਾ ਹੇਅਰ, ਨੀਤੂ ਸਿੰਘ ਮਲਿਕ, ਵਿਭਾ ਸਿੰਘ, ਸੋਮਾ ਨਾਇਰ, ਤਾਰਿਕ ਨਵੀਦ, ਸ਼ੋਇਬ ਜ਼ੈਦੀ, ਪ੍ਰਿੰਸਪਾਲ ਕੌਰ, ਹਰਕੀ ਵਿਰਕ, ਫਰਹਾ ਅਮਾਰ, ਨੇਤਰਪਾਲ ਸਿੰਘ, ਸਰਬਜੀਤ ਸੋਹੀ, ਸਾਈਅਦ ਫੈਜ਼ਲ, ਰੁਪਿੰਦਰ ਸੋਜ਼, ਫਰਹਾ ਅਮਾਰ, ਪੂਨਮ ਲਿਖੋਤਰਾ, ਹਰਮਨ ਸਿੰਘ ਖਿਲਚੀਆ, ਸੁਖਨੈਬ ਸਿੰਘ, ਰਿਪਜੀਤ ਬਰਾੜ ਆਦਿ ਕਵੀਆਂ ਨੇ ਖ਼ੂਬ ਰੰਗ ਬਣਿਆ।

PunjabKesari 

ਕਵੀ ਦਰਬਾਰ ਵਿੱਚ ਊਰਦੂ, ਪੰਜਾਬੀ ਅਤੇ ਹਿੰਦੀ ਤਿੰਨਾਂ ਭਾਸ਼ਾਵਾਂ ਦੇ ਸੁਮੇਲ ਨੇ ਸ੍ਰੋਤਿਆਂ ਦੀ ਉਤਸੁਕਤਾ ਬਣਾਈ ਰੱਖੀ। ਸਮਾਗਮ ਦੇ ਤੀਸਰੇ ਭਾਗ ਵਿੱਚ ਸਨਮਾਨ ਦੀਆਂ ਰਸਮਾਂ ਅਦਾ ਕਰਦਿਆਂ ਪੰਜਾਬੀ ਸ਼ਾਇਰਾ ਗੁਰਮੀਤ ਕੌਰ ਸੰਧਾ ਨੂੰ ਉਹਨਾਂ ਦੇ ਲੋਕ-ਧਾਰਾ ਦੇ ਖੇਤਰ ਵਿੱਚ ਕੀਤੇ ਕਾਰਜਾਂ ਲਈ ਐਵਾਰਡ ਆਫ਼ ਆਨਰ ਦਿੱਤਾ। ਪਿਛਲੇ ਉਤਸਵਾਂ ਵਿੱਚ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਉਣ ਵਾਲੀ ਕਵਿਤਾ ਖੁੱਲਰ ਨੂੰ ਸਨਮਾਨ ਚਿੰਨ੍ਹ ਦਿੱਤਾ ਗਿਆ। ਇਸ ਮੌਕੇ ਅਦਬੀ ਕੌਂਸਲ ਆਫ਼ ਆਸਟ੍ਰੇਲੀਆ ਅਤੇ ਅਮਰੀਕਨ ਕਾਲਜ ਵੱਲੋਂ ਸਰਬਜੀਤ ਸੋਹੀ ਨੂੰ ਉਸਦੀ ਪਾਕਿਸਤਾਨ ਵਿੱਚ ਸ਼ਾਹਮੁੱਖੀ ਵਿੱਚ ਪ੍ਰਕਾਸ਼ਿਤ ਹੋਈ ਕਿਤਾਬ ਜਗਦੇ ਹਰਫ਼ਾਂ ਦਾ ਲੋਅ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਸਮਾਗਮ ਦੀਆਂ ਅੰਤਿਮ ਘੜੀਆਂ ਵੱਲ ਵਧਦਿਆਂ ਸਭ ਤੋਂ ਪਹਿਲਾਂ ਹਿੰਦੀ ਦੀ ਸ਼ਾਇਰਾ ਰੇਖਾ ਰਾਜਵੰਸ਼ੀ ਜੀ ਨੂੰ ਇਪਸਾ ਵੱਲੋਂ ਜੀਵਨ ਭਰ ਦੀਆਂ ਸਾਹਿਤਕ ਪ੍ਰਾਪਤੀਆਂ ਲਈ ਇਪਸਾ ਐਵਾਰਡ ਦਿੱਤਾ ਗਿਆ। 

PunjabKesari

ਇਸ ਉਪਰੰਤ ਰੇਖਾ ਰਾਜਵੰਸ਼ੀ ਜੀ ਨੇ ਆਪਣੀਆਂ ਰਚਨਾਵਾਂ ਸ੍ਰੋਤਿਆਂ ਨਾਲ ਸਾਂਝੀਆਂ ਕੀਤੀਆਂ ਅਤੇ ਇਪਸਾ ਦੇ ਇਸ ਉਪਰਾਲੇ ਨੂੰ ਪਰਵਾਸ ਦੌਰਾਨ ਭਾਰਤੀਆਂ ਲਈ ਬਹੁਤ ਮੁਬਾਰਕ ਕਦਮ ਦੱਸਿਆ। ਦੂਸਰੇ ਇਪਸਾ ਲਈ ਸਨਮਾਨ ਸਿਡਨੀ ਤੋਂ ਪਹੁੰਚੇ ਪਾਕਿਸਤਾਨ ਨਾਲ ਸੰਬੰਧਿਤ ਤਰੱਕੀਪਸੰਦ ਲੇਖਕ ਜਨਾਬ ਅਸ਼ਰਫ ਸ਼ਾਦ ਜੀ ਨੇ ਤਰੰਨਮ ਵਿੱਚ ਗ਼ਜ਼ਲਾਂ ਕਹਿ ਕੇ ਮੇਲਾ ਲੁੱਟ ਲਿਆ। ਉਹਨਾਂ ਨੂੰ ਵੀ ਇਪਸਾ ਵੱਲੋਂ ਜੀਵਨ ਭਰ ਦੇ ਸਾਹਿਤਕ ਕਾਰਜਾਂ ਲਈ ਇਪਸਾ ਐਵਾਰਡ ਫਾਰ ਲਿਟਰੇਚਰ ਦਿੱਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਵਿਸ਼ੇਸ਼ ਮਹਿਮਾਨ ਬਲਰਾਜ ਸੰਘਾ ਜੀ ਨੂੰ ਉਹਨਾਂ ਦੀਆਂ ਪੰਜਾਬੀ ਪੱਤਰਕਾਰੀ ਲਈ ਦਿੱਤੀਆਂ ਸੇਵਾਵਾਂ ਲਈ ਐਵਾਰਡ ਆਫ਼ ਆਨਰ ਦਿੱਤਾ ਗਿਆ। ਅੰਤ ਵਿੱਚ ਵਿਸ਼ੇਸ਼ ਮਹਿਮਾਨ ਪ੍ਰਭਜੋਤ ਸਿੰਘ ਸੰਧੂ ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ ਨੇ ਪ੍ਰਧਾਨਗੀ ਭਾਸ਼ਨ ਵਿੱਚ ਇਪਸਾ ਦੇ ਕਾਰਜਾਂ ਦੀ ਤਸਦੀਕ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਹੀ ਮਾਂ ਬੋਲੀ ਅਤੇ ਸਭਿਆਚਾਰ ਨੂੰ ਪਰਵਾਸ ਵਿੱਚ ਜੀਵਤ ਰੱਖ ਸਕਦੇ ਹਨ। ਇਪਸਾ ਵੱਲੋਂ ਉਹਨਾਂ ਨੂੰ ਵੀ ਐਵਾਰਡ ਆਫ਼ ਆਨਰ ਭੇਂਟ ਕੀਤਾ ਗਿਆ। ਇਸ ਸਮਾਗਮ ਵਿੱਚ ਸਰਬਜੀਤ ਸੋਹੀ ਦੀ ਹਿੰਦੀ ਵਿੱਚ ਅਨੁਵਾਦਿਤ ਕਿਤਾਬ ‘ਵਿਸਰਜਨ ਸੇ ਪਹਿਲੇ’ ਲੋਕ ਅਰਪਣ ਕੀਤੀ ਗਈ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਇਪਸਾ ਦੇ ਪ੍ਰਧਾਨ ਦਲਵੀਰ ਹਲਵਾਰਵੀ, ਤਰਸੇਮ ਸਿੰਘ ਸਹੋਤਾ, ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ, ਮੀਤ ਪ੍ਰਧਾਨ ਪਾਲ ਰਾਊਕੇ, ਜਾਇੰਟ ਸੈਕਟਰੀ ਦੀਪਇੰਦਰ ਸਿੰਘ, ਦਲਬੀਰ ਸਿੰਘ ਬੋਪਾਰਾਏ, ਬਲਵਿੰਦਰ ਮੌਰੋਂ, ਸ਼ਮਸ਼ੇਰ ਸਿੰਘ ਚੀਮਾ, ਗੁਰਵਿੰਦਰ ਖੱਟੜਾ, ਐਡਵੋਕੇਟ ਗੁਰਪ੍ਰੀਤ ਸਿੰਘ ਬੱਲ, ਮਾਝਾ ਯੂਥ ਕਲੱਬ ਦੇ ਰਣਜੀਤ ਸਿੰਘ ਗਿੱਲ, ਬਲਰਾਜ ਸਿੰਘ ਸੰਧੂ, ਜਗਦੀਪ ਸਿੰਘ ਗਿੱਲ, ਸੰਗੀਤਕਾਰ ਰਹੀਮ ਜ਼ੁੱਲਾਹ ਜੀ, ਮੰਜੂ ਜੇਹੂ, ਸ਼ਸੀ ਨਾਇਰ, ਮੀਤ ਧਾਲੀਵਾਲ, ਪਰਮਜੀਤ ਵਿਰਕ, ਅਜਾਇਬ ਸਿੰਘ ਵਿਰਕ, ਬਲਵਿੰਦਰ ਕੌਰ ਗੱਗੜਭਾਣਾ, ਪੁਸ਼ਪਿੰਦਰ ਸਿੰਘ ਤੂਰ, ਭੁਪਿੰਦਰ ਸਿੰਘ ਜਟਾਣਾ ਆਦਿ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਨੌਜਵਾਨ ਐਂਕਰ ਗੁਰਦੀਪ ਜਗੇੜਾ ਵੱਲੋਂ ਬਹੁਤ ਹੀ ਬਾਖੂਬੀ ਨਾਲ ਨਿਭਾਈ ਗਈ।


Vandana

Content Editor

Related News