ਓਮੀਕਰੋਨ ਦੀ ਦਹਿਸ਼ਤ, ਆਸਟ੍ਰੇਲੀਆ ਨੇ ਸਰਹੱਦਾਂ ਖੋਲ੍ਹਣ ''ਤੇ ਲਾਈ ਰੋਕ
Tuesday, Nov 30, 2021 - 06:32 PM (IST)
ਸਿਡਨੀ (ਬਿਊਰੋ): ਆਸਟ੍ਰੇਲੀਆ ਨੇ ਸੋਮਵਾਰ ਨੂੰ ਹੁਨਰਮੰਦ ਕਾਮਿਆਂ ਅਤੇ ਵਿਦਿਆਰਥੀਆਂ ਲਈ ਆਪਣੀਆਂ ਅੰਤਰਰਾਸ਼ਟਰੀ ਸਰਹੱਦਾਂ ਨੂੰ ਮੁੜ ਖੋਲ੍ਹਣ ਦੀਆਂ ਯੋਜਨਾਵਾਂ ਨੂੰ ਅਚਾਨਕ ਰੋਕ ਦਿੱਤਾ। ਆਸਟ੍ਰੇਲੀਅਨ ਸਰਕਾਰ ਵੱਲੋਂ ਕੋਵਿਡ-19 ਦੇ ਨਵੇਂ ਵੈਰੀਐਂਟ ਓਮੀਕਰੋਨ ਨੂੰ ਲੈ ਕੇ ਚਿੰਤਾਵਾਂ ਤੋਂ ਪ੍ਰੇਰਿਤ ਹੋ ਕੇ 11ਵੇਂ ਘੰਟੇ ਇਹ ਫ਼ੈਸਲਾ ਲਿਆ ਗਿਆ। ਇੱਕ ਐਮਰਜੈਂਸੀ ਸੁਰੱਖਿਆ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ 1 ਦਸੰਬਰ ਨੂੰ ਸਰਹੱਦਾਂ ਮੁੜ ਖੋਲ੍ਹਣ ਵਿੱਚ ਘੱਟੋ ਘੱਟ ਦੋ ਹਫ਼ਤਿਆਂ ਦੀ ਦੇਰੀ ਹੋਵੇਗੀ। ਆਸਟ੍ਰੇਲੀਆ ਦੀਆਂ ਸਰਹੱਦਾਂ 20 ਮਹੀਨਿਆਂ ਤੋਂ ਵੱਧ ਸਮੇਂ ਤੋਂ ਜ਼ਿਆਦਾਤਰ ਗੈਰ-ਨਾਗਰਿਕਾਂ ਲਈ ਬੰਦ ਹਨ, ਜਿਸ ਨਾਲ ਕਾਮਿਆਂ ਦੀ ਕਮੀ ਹੋ ਗਈ ਹੈ ਅਤੇ ਮਹੱਤਵਪੂਰਨ ਸੈਰ-ਸਪਾਟਾ ਉਦਯੋਗ ਪ੍ਰਭਾਵਿਤ ਹੋਇਆ ਹੈ।
1 ਦਸੰਬਰ ਤੋਂ ਬਾਰਡਰ ਖੋਲ੍ਹਣ ਵਿਚ ਹੋਵੇਗੀ ਦੇਰੀ
ਮੌਰੀਸਨ ਨੇ ਡਾਕਟਰੀ ਸਲਾਹ ਦੇ ਆਧਾਰ 'ਤੇ ਦੇਰੀ ਨੂੰ ਜ਼ਰੂਰੀ ਅਤੇ ਅਸਥਾਈ ਫ਼ੈਸਲਾ ਕਿਹਾ। ਆਸਟ੍ਰੇਲੀਆ ਨੇ ਹੁਣ ਤੱਕ ਓਮੀਕਰੋਨ ਵੈਰੀਐਂਟ ਦੇ ਪੰਜ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਅਸਥਾਈ ਵਿਰਾਮ ਇਹ ਯਕੀਨੀ ਬਣਾਏਗਾ ਕਿ ਆਸਟ੍ਰੇਲੀਆ ਓਮੀਕਰੋਨ ਵੈਰੀਐਂਟ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਲੋੜੀਂਦੀ ਜਾਣਕਾਰੀ ਇਕੱਠੀ ਕਰੇਗਾ। ਮੌਰੀਸਨ ਨੇ ਵੈਕਸੀਨ ਦੀ ਪ੍ਰਭਾਵਸ਼ੀਲਤਾ, ਬਿਮਾਰੀ ਦੀ ਹੱਦ, ਜਿਸ ਹੱਦ ਤੱਕ ਇਹ ਵਧੇਰੇ ਹਲਕੇ ਲੱਛਣਾਂ ਦਾ ਕਾਰਨ ਬਣ ਸਕਦੀ ਹੈ ਅਤੇ ਪ੍ਰਸਾਰਣ ਦੇ ਪੱਧਰ ਬਾਰੇ ਨਵੀਆਂ ਚਿੰਤਾਵਾਂ ਦਾ ਹਵਾਲਾ ਦਿੱਤਾ। 1 ਦਸੰਬਰ ਨੂੰ ਜਾਪਾਨ ਅਤੇ ਦੱਖਣੀ ਕੋਰੀਆ ਤੋਂ ਆਉਣ ਵਾਲੇ ਲੋਕਾਂ ਲਈ ਸਰਹੱਦ ਖੋਲ੍ਹਣ ਦੀ ਯੋਜਨਾ ਵੀ ਹਾਲੇ ਵੀ ਵਿਚਾਰ ਅਧੀਨ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਓਮੀਕਰੋਨ ਵੈਰੀਐਂਟ ਦੇ ਪੰਜ ਮਾਮਲਿਆਂ ਦੀ ਪੁਸ਼ਟੀ, ਅਗਲੇ ਦੋ ਹਫ਼ਤੇ ਹੋਣਗੇ ਮਹੱਤਵਪੂਰਨ
ਕਾਮਿਆਂ ਦੀ ਆਵਾਜਾਈ 'ਤੇ ਮੁੜ ਪਾਬੰਦੀ
ਹੌਲੀ ਟੀਕਾਕਰਨ ਮੁਹਿੰਮ ਕਾਰਨ ਆਸਟ੍ਰੇਲੀਆ ਨੇ ਮਹਾਮਾਰੀ ਦੌਰਾਨ ਦੁਨੀਆ ਦੀਆਂ ਕੁਝ ਸਭ ਤੋਂ ਮੁਸ਼ਕਿਲ ਅਤੇ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਪਾਬੰਦੀਆਂ ਦਾ ਸਾਹਮਣਾ ਕੀਤਾ ਹੈ। ਕੰਜ਼ਰਵੇਟਿਵ ਸਰਕਾਰ ਨੇ ਆਸਟ੍ਰੇਲੀਅਨਾਂ, ਸਥਾਈ ਨਿਵਾਸੀਆਂ ਅਤੇ ਸਿੰਗਾਪੁਰ ਵਾਸੀਆਂ ਲਈ ਸਰਹੱਦ ਖੋਲ੍ਹ ਦਿੱਤੀ ਸੀ ਪਰ ਦੇਸ਼ ਵਿੱਚ ਰਹਿਣ ਵਾਲੇ ਅੰਦਾਜ਼ਨ 1.4 ਮਿਲੀਅਨ ਹੁਨਰਮੰਦ ਕਾਮਿਆਂ ਲਈ ਨਹੀਂ, ਜਿਨ੍ਹਾਂ ਨੂੰ ਉਹਨਾਂ ਦੇ ਦੇਸ਼ ਛੱਡਣ 'ਤੇ ਦੁਬਾਰਾ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਸੀ। ਸੋਮਵਾਰ ਦਾ ਫ਼ੈਸਲਾ ਦੇਸ਼ ਦੇ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸਿੱਖਿਆ ਖੇਤਰ ਵਿੱਚ ਵੀ ਚਿੰਤਾ ਦਾ ਕਾਰਨ ਬਣੇਗਾ। ਇੱਕ ਉਦਯੋਗ ਸਮੂਹ ਯੂਨੀਵਰਸਿਟੀ ਆਸਟ੍ਰੇਲੀਆ ਮੁਤਾਬਕ 130,000 ਅੰਤਰਰਾਸ਼ਟਰੀ ਵਿਦਿਆਰਥੀ ਦੇਸ਼ ਤੋਂ ਬਾਹਰ ਰਹਿੰਦੇ ਹਨ।
ਨੋਟ- ਆਸਟ੍ਰੇਲੀਅਨ ਸਰਕਾਰ ਦੇ ਸਰਹੱਦਾਂ ਖੋਲ੍ਹਣ ਦੀ ਯੋਜਨਾ 'ਤੇ ਰੋਕ ਲਗਾਉਣ ਦੇ ਫ਼ੈਸਲੇ 'ਤੇ ਕੁਮੈਂਟ ਕਰ ਦਿਓ ਰਾਏ।