ਆਸਟ੍ਰੇਲੀਆ: ਖੇਡਾਂ ''ਚ ਸਮਲਿੰਗੀਆਂ ਦੇ ਸ਼ਾਮਲ ਹੋਣ ਸਬੰਧੀ ਗਾਈਡ ਲਾਈਨਜ਼ ਤੈਅ

06/13/2019 2:32:26 PM

ਸਿਡਨੀ— ਆਸਟ੍ਰੇਲੀਆ ਨੇ ਸਮਲਿੰਗੀਆਂ ਸਮੇਤ ਐੱਲ. ਜੀ. ਬੀ. ਟੀ. ਭਾਈਚਾਰੇ ਲਈ ਖੇਡਾਂ ਨੂੰ ਹੋਰ ਸਹਿਭਾਗੀ ਬਣਾਉਣ ਦੇ ਉਦੇਸ਼ ਨਾਲ ਵੀਰਵਾਰ ਨੂੰ ਗਾਈਡ ਲਾਈਨਜ਼ ਤੈਅ ਕੀਤੀਆਂ ਤਾਂਕਿ ਇਸ ਭਾਈਚਾਰੇ ਦੇ ਪ੍ਰਤੀ ਲੋਕਾਂ ਦਾ ਨਜ਼ਰੀਆ ਬਦਲਿਆ ਜਾ ਸਕੇ ਅਤੇ ਉਨ੍ਹਾਂ ਨਾਲ ਹੋਣ ਵਾਲੇ ਭੇਦਭਾਵ ਨੂੰ ਦੂਰ ਕੀਤਾ ਜਾ ਸਕੇ। ਇਸ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ ਕਿ ਖੇਡ ਸੰਗਠਨ ਕਿਸ ਤਰ੍ਹਾਂ ਅਜਿਹਾ ਮਾਹੌਲ ਬਣਾ ਸਕਦੇ ਹਨ ਜੋ ਐੱਲ. ਜੀ. ਬੀ. ਟੀ. ਭਾਈਚਾਰੇ ਦੇ ਖਿਡਾਰੀਆਂ ਦੇ ਅਨੁਕੂਲ ਹੋਵੇ।

ਆਸਟ੍ਰੇਲੀਆ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ, ਜਦ ਐੱਲ. ਜੀ. ਬੀ. ਟੀ. ਭਾਈਚਾਰੇ ਨੂੰ ਪ੍ਰਤੀਯੋਗਤਾਵਾਂ 'ਚ ਗਲਤ ਲਾਭ ਮਿਲਣ ਜਾਂ ਨਾ ਮਿਲਣ ਨੂੰ ਲੈ ਕੇ ਵਿਸ਼ਵ ਪੱਧਰ 'ਤੇ ਬਹਿਸ ਛਿੜੀ ਹੋਈ ਹੈ। ਸਪੋਰਟ ਆਸਟ੍ਰੇਲੀਆ ਨੇ ਇਹ ਗਾਈਡ ਲਾਈਨਜ਼ ਆਸਟ੍ਰੇਲੀਆ ਮਨੁੱਖੀ ਅਧਿਕਾਰ ਵਿਭਾਗ ਅਤੇ 'ਕੋਲੀਜ਼ਨ ਆਫ ਮੇਜਰ ਪ੍ਰੋਫੈਸ਼ਨਲਜ਼ ਐਂਡ ਪਾਰਟੀਸਪੇਸ਼ਨ ਸਪੋਰਟਸ' ਦੇ ਸਹਿਯੋਗ ਨਾਲ ਵਿਕਸਿਤ ਕੀਤੇ ਹਨ। 

ਗਾਈਡਲਾਈਨਜ਼ 'ਚ ਐੱਲ. ਜੀ. ਬੀ. ਟੀ. ਲੋਕਾਂ ਨੂੰ ਅਗਵਾਈ ਅਤੇ 'ਕੋਡ ਆਫ ਕੰਡਕਟ' ਤੋਂ ਲੈ ਕੇ ਉਨ੍ਹਾਂ ਦੇ ਅਨੁਕੂਲ ਸੁਵਿਧਾਵਾਂ ਅਤੇ ਨਿੱਜੀ ਸੂਚਨਾ ਤਕ ਦੇ ਸਾਰੇ ਮਾਮਲਿਆਂ ਦਾ ਜ਼ਿਕਰ ਕੀਤਾ ਗਿਆ ਹੈ। ਇਹ ਗਾਈਡ ਲਾਈਨਜ਼ ਬੋਰਡਾਂ, ਕੋਚਾਂ, ਅੰਪਾਇਰਾਂ ਅਤੇ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਤਿਆਰ ਕੀਤੀਆਂ ਗਈਆਂ ਹਨ ਅਤੇ ਸਲਾਹ ਦਿੱਤੀ ਗਈ ਹੈ ਕਿ ਸੰਗਠਨ ਹਾਈ ਪ੍ਰੋਫਾਈਲ ਖਿਡਾਰੀਆਂ ਨੂੰ ਇਸ ਪਹਿਲ ਨੂੰ ਵਧਾਉਣ ਲਈ ਉਤਸ਼ਾਹਿਤ ਕਰੇ। ਸਪੋਰਟ ਆਸਟ੍ਰੇਲੀਆ ਦੇ ਮੁਖੀ ਕੇਟ ਪਾਲਮਰ ਨੇ ਕਿਹਾ,''ਰਿਸਰਚ ਮੁਤਾਬਕ ਐੱਲ. ਜੀ. ਬੀ. ਟੀ. ਲੋਕ, ਖਾਸ ਕਰ ਕੇ ਨੌਜਵਾਨ ਲੋਕ ਖੇਡਾਂ ਅਤੇ ਸਰੀਰਕ ਗਤੀਵਿਧੀਆਂ 'ਚ ਵੱਧ ਤੋਂ ਵੱਧ ਸ਼ਾਮਲ ਹੋਣਾ ਚਾਹੁੰਦੇ ਹਨ ਪਰ ਉਹ ਆਪਣੇ ਨੇੜਲੇ ਲੋਕਾਂ ਵਲੋਂ ਸਵੀਕਾਰ ਨਾ ਕੀਤੇ ਜਾਣ ਦੇ ਡਰ ਕਾਰਨ ਖੇਡਾਂ 'ਚ ਸ਼ਾਮਲ ਨਹੀਂ ਹੁੰਦੇ।''


Related News