ਆਸਟ੍ਰੇਲੀਆ ਸਰਕਾਰ ਵੱਲੋਂ ਹਵਾਬਾਜ਼ੀ ਅਤੇ ਘਰੇਲੂ ਸੈਰ-ਸਪਾਟੇ ਲਈ ਰਾਹਤ ਪੈਕੇਜ ਦਾ ਐਲਾਨ

Friday, Mar 12, 2021 - 06:32 PM (IST)

ਆਸਟ੍ਰੇਲੀਆ ਸਰਕਾਰ ਵੱਲੋਂ ਹਵਾਬਾਜ਼ੀ ਅਤੇ ਘਰੇਲੂ ਸੈਰ-ਸਪਾਟੇ ਲਈ ਰਾਹਤ ਪੈਕੇਜ ਦਾ ਐਲਾਨ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆਈ ਸੰਘੀ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਦੀ ਮਾਰ ਹੇਠ ਝੰਬੇ ਹਵਾਬਾਜ਼ੀ ਖੇਤਰ ਅਤੇ ਘਰੇਲੂ ਸੈਰ-ਸਪਾਟੇ ਨੂੰ ਆਰਥਿਕ ਪੱਖੋਂ ਮਜਬੂਤੀ ਲਈ 1.2 ਬਿਲੀਅਨ ਡਾਲਰ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਸਰਕਾਰ ਵੱਲੋਂ ਲਗਭਗ 800,000 ਹਵਾਈ ਟਿਕਟਾਂ ਦੀ ਕੀਮਤ ਨੂੰ ਅੱਧਾ ਕਰਦਿਆਂ ਇਸ ਚਾਲੂ ਮਾਲੀ ਸਾਲ ਦੌਰਾਨ ਘਰੇਲੂ ਛੁੱਟੀਆਂ ਲਈ ਅਪ੍ਰੈਲ ਤੋਂ ਜੁਲਾਈ ਦੇ ਵਿਚਕਾਰ, 13 ਖੇਤਰਾਂ ਤੋਂ ਆਉਣ ਵਾਲੀਆਂ ਅਤੇ ਹਵਾਈ ਯਾਤਰੀਆਂ ਲਈ ਟਿਕਟਾਂ 'ਤੇ 50 ਪ੍ਰਤੀਸ਼ਤ ਦੀ ਛੋਟ ਦੀ ਪੇਸ਼ਕਸ਼ ਕੀਤੀ ਹੈ। 

ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦਾ ਕਹਿਣਾ ਹੈ ਕਿ ਸਰਕਾਰ ਨੇ ਸੈਰ ਸਪਾਟਾ ਖੇਤਰ ਦੀ ਸਹਾਇਤਾ ਵਿੱਚ ਘਰੇਲੂ ਹਵਾਈ ਯਾਤਰਾ ਲਈ ਸਬਸਿਡੀਆਂ ਤੇ ਏਅਰਲਾਈਨਾਂ ਲਈ ਦੁਬਾਰਾ ਸਰਹੱਦਾਂ ਖੋਲ੍ਹਣ ਦਾ ਮੰਨ ਬਣਾਇਆ ਹੈ।ਇਹ ਨਵਾਂ ਪੈਕੇਜ ਕੈਸ਼-ਅਪ ਆਸਟ੍ਰੇਲੀਆਈ ਲੋਕਾਂ ਨੂੰ ਉਤਸ਼ਾਹਿਤ ਕਰੇਗਾ, ਜੋ ਆਮ ਤੌਰ 'ਤੇ ਪਤਝੜ ਅਤੇ ਸਰਦੀਆਂ ਦੇ ਦੌਰਾਨ ਬਾਲੀ ਜਾਂ ਯੂਰਪ ਜਾਂਦੇ ਹਨ, ਹੁਣ ਇਸ ਦੀ ਬਜਾਏ ਪੈਸੇ ਆਪਣੇ ਘਰ ‘ਚ ਹੀ ਖਰਚਣਗੇ। ਉਹਨਾਂ ਨੇ ਹੋਰ ਕਿਹਾ ਕਿ ਇਹ ਪੈਕੇਜ ਵਧੇਰੇ ਯਾਤਰੀਆਂ ਨੂੰ ਸਾਡੇ ਹੋਟਲ ਅਤੇ ਕੈਫੇ ਤੱਕ ਲੈ ਕੇ ਜਾਵੇਗਾ, ਉਹ ਯਾਤਰਾ ਕਰਨਗੇ ਅਤੇ ਇਹ ਰਿਆਇਤੀ ਕਿਰਾਏ 1 ਅਪ੍ਰੈਲ ਤੋਂ ਏਅਰ ਲਾਈਨ ਦੀਆਂ ਵੈਬਸਾਈਟਾਂ 'ਤੇ ਵਿਕਰੀ ਲਈ ਉਪਲਬਧ ਹੋਣਗੇ ਅਤੇ ਔਸਤਨ ਮੈਲਬੌਰਨ ਤੋਂ ਗੋਲਡ ਕੋਸਟ ਜਾਣ ਵਾਲੀ ਇਕ ਉਡਾਣ 60 ਡਾਲਰ ਤੱਕ ਸਸਤਾ ਹੋ ਸਕਦੀ ਹੈ ਅਤੇ ਆਵਾਜਾਈ ਨੂੰ 40 ਪ੍ਰਤੀਸ਼ਤ ਤੱਕ ਵਧਾ ਸਕਦੀ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿ ਦਾ ਚੀਨ ਨੂੰ ਵੱਡਾ ਝਟਕਾ, ਇਕ ਵਾਰ ਫਿਰ ਬੈਨ ਕੀਤਾ 'ਟਿਕਟਾਕ'

ਉਪ ਪ੍ਰਧਾਨ ਮੰਤਰੀ ਮਾਈਕਲ ਮੈਕ ਕੋਰਮੈਕ ਅਨੁਸਾਰ ਇਹ ਪੈਕੇਜ ਸਾਡੇ ਲੋਕਾਂ ਨੂੰ ਘਰੇਲੂ ਯਾਤਰਾ ਕਰਨ ਲਈ ਉਤਸ਼ਾਹਿਤ ਕਰਨ ਤੋਂ ਇਲਾਵਾ ਸਾਡੀਆਂ ਕੌਮਾਂਤਰੀ ਏਅਰਲਾਈਨਾਂ ਅਤੇ ਉਨ੍ਹਾਂ ਦੇ ਬੁਨਿਆਦੀ ਢਾਂਚੇ ਦੀ ਕਾਰਜਸ਼ੀਲਤਾ ‘ਚ ਵਾਧਾ ਕਰੇਗਾ। ਦੱਸਣਯੋਗ ਹੈ ਕਿ ਕੌਮਾਂਤਰੀ ਹਵਾਬਾਜ਼ੀ ਦੀ ਮੁੜ ਬਹਾਲੀ ਸਮੇਂ ਕੰਤਾਸ ਅਤੇ ਵਰਜਿਨ ਨੂੰ 8,600 ਅੰਤਰਰਾਸ਼ਟਰੀ ਫਲਾਈਟ ਕਰਮਚਾਰੀਆਂ ਲਈ ਨੌਕਰੀ ਅਤੇ ਜਹਾਜ਼ਾਂ ਨੂੰ ਦੁਬਾਰਾ ਸੇਵਾ ਸ਼ੁਰੂ ਕਰਨ ਲਈ ਸਰਕਾਰ ਇਸੇ ਰਾਹਤ ਪੈਕੇਜ਼ ‘ਚੋਂ ਸਹਾਇਤਾ ਪ੍ਰਦਾਨ ਕਰੇਗੀ ਪਰ ਸੈਰ ਸਪਾਟਾ ਦੇ ਬੁਲਾਰੇ ਡੌਨ ਫਰੈਲ ਨੇ ਕਿਹਾ ਕਿ ਮੌਰੀਸਨ ਸਰਕਾਰ ਮੰਦੀ ਦੀ ਮਾਰ ਹੇਠ ਪਰੇਸ਼ਾਨ ਪਰਿਵਾਰਾਂ ਨੂੰ ਆਸਟ੍ਰੇਲੀਆ ਦੇ ਸੈਰ ਸਪਾਟਾ ਉਦਯੋਗ ਨੂੰ ਬਚਾਉਣ ਲਈ ਆਪਣਾ ਪੈਸਾ ਖਰਚ ਕਰਨ ਲਈ ਕਹਿ ਰਹੀ ਹੈ ਜਦੋਂ ਉਹ ਖੁਦ ਅਜਿਹਾ ਕਰਨ ਲਈ ਤਿਆਰ ਨਹੀਂ ਹੈ। ਉੱਧਰ ਸਰਕਾਰ ਦਾ ਮੰਨਣਾ ਹੈ ਕਿ ਘਰੇਲੂ ਯਾਤਰਾ ਯੋਜਨਾ ਦੀ ਸਫਲਤਾ ਇਸ ਗੱਲ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ ਕਿ ਸੰਬੰਧਿਤ ਸੂਬਿਆਂ ਦੇ ਮੁੱਖ ਮੰਤਰੀ (ਪ੍ਰੀਮੀਅਰ) ਆਪਣੇ ਰਾਜ ਦੀਆਂ ਸਰਹੱਦਾਂ ਨੂੰ ਭਵਿੱਖ ‘ਚ ਖੁੱਲ੍ਹਾ ਰੱਖਣ ਅਤੇ ਯਾਤਰੀ ਸੇਵਾਵਾਂ ਪ੍ਰਦਾਨ ਕਰਨ ਲਈ ਢੁਕਵਾਂ ਮਾਹੌਲ ਸਿਰਜਣਗੇ।

ਨੋਟ- ਆਸਟ੍ਰੇਲੀਆ ਸਰਕਾਰ ਵੱਲੋਂ ਕੀਤੇ ਰਾਹਤ ਪੈਕੇਜ ਦੇ ਐਲਾਨ ਸੰਬੰਧੀ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News