ਪੰਜਾਬੀਆਂ ਲਈ ਮਾਣ ਦੀ ਗੱਲ, ਆਸਟ੍ਰੇਲੀਆ ''ਚ ਬਣੇਗਾ ਪਹਿਲਾ ‘ਸਿੱਖ ਸਕੂਲ’

03/04/2021 6:00:02 PM

ਸਿਡਨੀ (ਬਿਊਰੋ): ਆਸਟ੍ਰੇਲੀਆ ਤੋਂ ਸਿੱਖ ਭਾਈਚਾਰੇ ਲਈ ਇਕ ਮਹੱਤਵਪੂਰਨ ਖ਼ਬਰ ਹੈ। ਇੱਥੇ ਰਾਜ ਦੇ ਪਲਾਨਿੰਗ ਅਤੇ ਜਨਤਕ ਥਾਵਾਂ ਨਾਲ ਸਬੰਧਤ ਵਿਭਾਗਾਂ ਦੇ ਮੰਤਰੀ ਰਾਬ ਸਟੋਕਸ ਨੇ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਨਿਊ ਸਾਊਥ ਵੇਲਜ਼ ਰਾਜ ਸਰਕਾਰ ਨੇ ਦੇਸ਼ ਦੇ ਪਹਿਲੇ ‘ਸਿੱਖ ਸਕੂਲ’ ਨੂੰ ਬਣਾਉਣ ਲਈ ਪੱਛਮੀ ਸਿਡਨੀ ਨੂੰ ਚੁਣਿਆ ਹੈ। ਇੱਥੇ ਉਕਤ ਸਕੂਲ ਨੂੰ ਬਣਾਉਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ‘ਸਿੱਖ ਗ੍ਰਾਮਰ ਸਕੂਲ’ ਨੂੰ ਰੌਜ਼ ਹਿੱਲ ਵਿਖੇ ਟੈਲਾਵੌਂਗ ਸੜਕ 'ਤੇ ਬਣਾਇਆ ਜਾਵੇਗਾ ਜੋ ਕਿ ਰਾਜ ਅੰਦਰ ਸਿੱਖ ਭਾਈਚਾਰੇ ਦੀ ਵੱਧ ਰਹੀ ਆਬਾਦੀ ਲਈ ਆਪਣੀਆਂ ਸੇਵਾਵਾਂ ਨਿਭਾਏਗਾ। ਇਸ ਸਕੂਲ ਵਿਚ 1,260 ਵਿਦਿਆਰਥੀਆਂ ਨੂੰ (ਕਿੰਡਰਗਾਰਟਨ ਤੋਂ ਲੈ ਕੇ 12ਵੀਂ ਜਮਾਤ ਤੱਕ) ਪੜ੍ਹਾਈ ਕਰਨ ਦਾ ਮੌਕਾ ਪ੍ਰਧਾਨ ਕੀਤਾ ਜਾਵੇਗ। 

PunjabKesari

ਇਹ ਸਕੂਲ ਐਨਾਵੌਂਗ ਮੈਟਰੋ ਸਟੇਸ਼ਨ ਦੇ ਨਜ਼ਦੀਕ ਹੀ ਬਣਾਇਆ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਜ ਅੰਦਰ ਵੱਖ-ਵੱਖ ਧਾਰਮਿਕ ਭਾਈਚਾਰਿਆਂ ਲਈ ਸਕੂਲ ਪਹਿਲਾਂ ਹੀ ਮੌਜੂਦ ਹਨ ਜਿਵੇਂ ਕਿ ਈਸਾਈਆਂ, ਮੁਸਲਿਮਾਂ ਅਤੇ ਯਹੂਦੀਆਂ ਆਦਿ ਲਈ ਪਰ ਸਿੱਖ ਸਕੂਲ ਆਪਣੀ ਕਿਸਮ ਦਾ ਨਵੇਕਲਾ ਸਕੂਲ ਹੋਵੇਗਾ ਅਤੇ ਇਸ ਦੀ ਮੰਗ ਵੀ ਸਿੱਖ ਭਾਈਚਾਰੇ ਵੱਲੋਂ ਕਾਫੀ ਦੇਰ ਤੋਂ ਕੀਤੀ ਜਾ ਰਹੀ ਸੀ। ਇਸ ਸਕੂਲ ਅੰਦਰ ਸਿੱਖ ਇਤਿਹਾਸ ਨਾਲ ਜੁੜੇ ਅਤੇ ਹੋਰ ਵਿਸ਼ੇ ਵੀ ਪੜ੍ਹਾਏ ਜਾਣਗੇ।ਰਿਵਰਸਟੋਨ ਤੋਂ ਐਮ.ਪੀ. ਕੈਵਿਨ ਕੋਨੋਲੀ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਬਹੁਤ ਹੀ ਉਤਮ ਕਦਮ ਹੈ ਅਤੇ ਇਸ ਨਾਲ ਸਿੱਖ ਭਾਈਚਾਰੇ ਵਿੱਚ ਖੁਸ਼ੀ ਦਾ ਮਹੌਲ ਹੈ। ਇਹ ਸਕੂਲ 2023 ਤੱਕ ਬਣ ਕੇ ਤਿਆਰ ਹੋ ਜਾਵੇਗਾ ਅਤੇ ਇਸ ਸਮੇਂ ਦੌਰਾਨ ਹੀ ਇਸ ਵਿੱਚ ਪੜ੍ਹਾਈ ਸ਼ੁਰੂ ਹੋਣ ਦੀ ਉਮੀਦ ਵੀ ਕੀਤਾ ਜਾ ਰਹੀ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ- ਐਲਨ ਮਸਕ ਦੇ ਮੰਗਲ ਮਿਸ਼ਨ ਨੂੰ ਝਟਕਾ, ਰਾਕੇਟ ਦੀ ਸਫਲ ਲੈਂਡਿੰਗ ਮਗਰੋਂ ਹੋਇਆ ਧਮਾਕਾ (ਵੀਡੀਓ)

10 ਏਕੜ ਦੇ ਰਕਬੇ ਵਿਚ ਬਣਾਏ ਜਾਣ ਵਾਲੇ ਇਸ ਸਕੂਲ ਪ੍ਰਾਜੈਕਟ ਲਈ ਸਰਕਾਰ ਨੇ 167 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਦਾ ਬਜਟ ਪ੍ਰਦਾਨ ਕੀਤਾ ਹੈ।ਇਸ ਦੌਰਾਨ 280 ਤਾਂ ਉਸਾਰੀ ਲਈ ਰੋਜ਼ਗਾਰ ਪੈਦਾ ਹੋਣਗੇ ਅਤੇ ਇਸ ਤੋਂ ਬਾਅਦ 120 ਆਪ੍ਰੇਸ਼ਨਲ ਰੋਜ਼ਗਾਰ ਵੀ ਮੁਹੱਈਆ ਕਰਵਾਏ ਜਾਣਗੇ ਅਤੇ ਹੋਰ ਹਜ਼ਾਰਾਂ ਹੀ ਲੋਕਾਂ ਨੂੰ ਇਸ ਦਾ ਸਿੱਧੇ ਅਤੇ ਅਸਿੱਧੇ ਤੌਰ 'ਤੇ ਫਾਇਦਾ ਹੋਵੇਗਾ।ਇਸ ਨਵੇਂ ਸਕੂਲ ਵਿਚ 86 ਬੱਚਿਆਂ ਲਈ ਤਾਂ ਅਰਲੀ ਲਰਨਿੰਗ ਸੈਂਟਰ ਵੀ ਹੋਣਗੇ। ਇਸ ਵਿੱਚ ਬੋਰਡਿੰਗ ਆਦਿ ਦੀਆਂ ਸੁਵਿਧਾਵਾਂ ਸਟਾਫ ਅਤੇ ਵਿਦਿਆਰਥੀਆਂ, ਦੋਹਾਂ ਲਈ ਹੀ ਉਪਲੱਬਧ ਹੋਣਗੀਆਂ ਅਤੇ ਇਸ ਤੋਂ ਇਲਾਵਾ ਅੰਦਰਵਾਰ ਅਤੇ ਬਾਹਰਵਾਰ ਦੀਆਂ ਖੇਡਾਂ ਦੇ ਇੰਤਜ਼ਾਮ, ਲਾਇਬ੍ਰੇਰੀ ਅਤੇ ਪੂਜਾ ਅਰਚਨਾ ਦੀਆਂ ਥਾਵਾਂ ਵੀ ਬਣਾਈਆਂ ਜਾਣਗੀਆਂ।

ਨੋਟ- ਆਸਟ੍ਰੇਲੀਆ ਵਿਚ ਪਹਿਲਾ 'ਸਿੱਖ ਸਕੂਲ' ਬਣਨ ਸੰਬੰਧੀ ਖ਼ਬਰ 'ਤੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News