ਆਸਟ੍ਰੇਲੀਆਈ ਚੋਣਾਂ ''ਚ ਇਹ 3 ਪੰਜਾਬੀ ਵੀ ਅਜਮਾਉਣਗੇ ਕਿਸਮਤ

05/16/2019 10:26:34 AM

ਸਿਡਨੀ— ਆਸਟ੍ਰੇਲੀਆ 'ਚ 18 ਮਈ ਨੂੰ ਫੈਡਰਲ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ 'ਚ 3 ਪੰਜਾਬੀ ਵੀ ਮੈਦਾਨ 'ਚ ਹਨ। ਮਕੈਨੀਕਲ ਇੰਜੀਨੀਅਰ ਨਵਦੀਪ ਸਿੰਘ 2007 'ਚ ਬਠਿੰਡਾ ਤੋਂ ਆਸਟ੍ਰੇਲੀਆ ਆਏ ਸਨ, ਉਹ ਕੁਈਨਜ਼ਲੈਂਡ ਸੂਬੇ ਤੋਂ ਗ੍ਰੀਨ ਪਾਰਟੀ ਵਲੋਂ ਚੋਣ ਲੜ ਰਹੇ ਹਨ। ਹੁਸ਼ਿਆਰਪੁਰ ਨਾਲ ਸਬੰਧਤ ਹਰਕਿਰਤ ਸਿੰਘ ਵੀ ਇਨ੍ਹਾਂ ਚੋਣਾਂ 'ਚ ਆਪਣੀ ਕਿਸਮਤ ਅਜਮਾ ਰਹੇ ਹਨ। ਉਹ ਵੀ ਗ੍ਰੀਨ ਪਾਰਟੀ ਵਲੋਂ ਖੜ੍ਹੇ ਹਨ।
ਲੁਧਿਆਣਾ ਨਾਲ ਸਬੰਧਤ ਜਤਿੰਦਰ ਸਿੰਘ ਬੋਬੀ ਪਾਲਮਰ ਯੁਨਾਈਟਡ ਆਸਟ੍ਰੇਲੀਆ ਪਾਰਟੀ ਵਲੋਂ ਮੈਲਬੌਰਨ ਦੀ ਹਾਲਟ ਸੀਟ ਤੋਂ ਖੜ੍ਹੇ ਹਨ। ਬੋਬੀ ਦਾ ਕਹਿਣਾ ਹੈ ਕਿ ਉਹ ਜਿੱਤਣ ਮਗਰੋਂ ਬਿਜਲੀ ਦੇ ਬਿੱਲਾਂ 'ਚ ਕਟੌਤੀ ਕਰਨ ਦੀ ਮੰਗ ਸਰਕਾਰ ਅੱਗੇ ਰੱਖਣਗੇ ਤਾਂ ਕਿ ਲੋਕਾਂ ਦੇ ਸਿਰੋਂ ਬਿੱਲ ਦੇ ਭਾਰ ਨੂੰ ਘੱਟ ਕੀਤਾ ਜਾ ਸਕੇ।

ਉੱਥੇ ਹੀ ਗ੍ਰੀਨ ਪਾਰਟੀ ਵਲੋਂ ਖੜ੍ਹੇ ਨਵਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁੱਦੇ ਹਵਾ-ਪਾਣੀ ਨੂੰ ਬਚਾਉਣਾ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਹੈ। ਇਸ ਦੇ ਨਾਲ ਹੀ ਉਹ ਪ੍ਰਵਾਸੀਆਂ ਦੇ ਮਾਪਿਆਂ ਦੇ ਆਸਟ੍ਰੇਲੀਆ 'ਚ ਪੱਕੇ ਹੋਣ ਦੇ ਮੁੱਦਿਆਂ 'ਤੇ ਚੋਣ ਲੜ ਰਹੇ ਹਨ। ਇਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਭਾਰਤੀ ਮੂਲ ਦੇ ਉਮੀਦਵਾਰਾਂ ਸਾਹਿਲ ਚਾਵਲਾ, ਪਰਾਕੁਲ ਛਾਬੜਾ, ਸੰਨੀ ਚੰਦਰਾ, ਰਾਜਨ ਵੇਦ, ਕ੍ਰਿਸ ਗਾਮਬਿਅਨ, ਵਿਵੇਕ ਸਿੰਘਾ, ਨਿਖਿਲ ਰੈੱਡੀ, ਵਨੀਤਾ ਕੋਸਤਾਨੀਓ ਅਤੇ ਗਣੇਸ਼ ਨੇ ਵੀ ਚੋਣ ਅਖਾੜਾ ਭਖਾਇਆ ਹੋਇਆ ਹੈ। 
 

ਮਾਪਿਆਂ ਦਾ ਵੀਜ਼ਾ ਬਣਿਆ ਮੁੱਖ ਮੁੱਦਾ—
ਸਾਰੀਆਂ ਪਾਰਟੀਆਂ ਵਲੋਂ ਪ੍ਰਵਾਸੀਆਂ ਨੂੰ ਲੁਭਾਉਣ ਲਈ ਵੀਜ਼ਾ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਪ੍ਰਵਾਸੀਆਂ ਦੇ ਮਾਪਿਆਂ ਦੇ ਵੀਜ਼ੇ ਨੂੰ ਚੋਣ ਮੁੱਦਾ ਬਣਾ ਕੇ ਹਰ ਪਾਰਟੀ ਵੱਡੇ-ਵੱਡੇ ਵਾਅਦੇ ਕਰ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸੱਤਾ 'ਚ ਆਉਣ ਵਾਲੀ ਪਾਰਟੀ ਵਲੋਂ ਚੋਣ ਵਾਅਦੇ ਨਿਭਾਏ ਜਾਂਦੇ ਹਨ ਜਾਂ ਨਹੀਂ।


Related News