ਆਸਟ੍ਰੇਲੀਆ ਦੇ ਇਸ ਸੂਬੇ 'ਚ 'ਇੱਛਾ ਮੌਤ' ਨੂੰ ਮਿਲੀ ਕਾਨੂੰਨੀ ਮਾਨਤਾ
Wednesday, Jun 19, 2019 - 12:56 PM (IST)
ਸਿਡਨੀ (ਬਿਊਰੋ)— ਦੁਨੀਆ ਦੇ ਪਹਿਲੇ ਦਇਆ ਹੱਤਿਆ ਕਾਨੂੰਨ (mercy killing law) ਦੇ ਰੱਦ ਹੋਣ ਦੇ 20 ਸਾਲ ਬਾਅਦ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ 'ਇੱਛਾ ਮੌਤ' ਨੂੰ ਕਾਨੂੰਨੀ ਮਾਨਤਾ ਮਿਲ ਗਈ ਹੈ। ਹੁਣ ਲਾਇਲਾਜ ਬੀਮਾਰੀ ਨਾਲ ਪੀੜਤ ਲੋਕ ਕਾਨੂੰਨੀ ਰੂਪ ਨਾਲ ਆਪਣੇ ਡਾਕਟਰਾਂ ਨੂੰ ਜਾਨਲੇਵਾ ਦਵਾਈ ਦੇ ਕੇ ਉਨ੍ਹਾਂ ਦਾ ਜੀਵਨ ਖਤਮ ਕਰਨ ਲਈ ਕਹਿ ਸਕਦੇ ਹਨ। ਡਾਕਟਰ ਦੀ ਮਦਦ ਨਾਲ ਖੁਦਕੁਸ਼ੀ ਦੀ ਇਸ ਪੂਰੀ ਪ੍ਰਕਿਰਿਆ ਨੂੰ ਸ਼ੁਰੂ ਹੋਣ ਵਿਚ ਘੱਟੋ-ਘੱਟ 10 ਦਿਨ ਦਾ ਸਮਾਂ ਲੱਗੇਗਾ। ਸਿਹਤ ਮੰਤਰੀ ਜੇਨੀ ਮਿਕਾਕੋਸ ਨੇ ਕਿਹਾ ਕਿ ਇਸ ਕਾਨੂੰਨ ਦੇ ਲਾਗੂ ਹੋਣ ਦੇ ਬਾਅਦ ਪਹਿਲੇ ਸਾਲ ਹਰ ਮਹੀਨੇ ਇਕ ਮਰੀਜ਼ ਨੂੰ ਇੱਛਾ ਮੌਤ ਦੀ ਇਜਾਜ਼ਤ ਮਿਲੇਗੀ। ਇਹ ਕਾਨੂੰਨ ਬੁੱਧਵਾਰ ਤੋਂ ਅਮਲ ਵਿਚ ਆ ਜਾਵੇਗਾ।
ਇਸ ਦੇ ਦਾਇਰੇ ਵਿਚ ਨਾ ਠੀਕ ਹੋ ਸਕਣ ਵਾਲੀ ਬੀਮਾਰੀ ਨਾਲ ਪੀੜਤ ਬਾਲਗ, ਜਿਨ੍ਹਾਂ ਦਾ ਜੀਵਨ 6 ਮਹੀਨੇ ਹੀ ਬਾਕੀ ਹੈ ਜਾਂ ਦਿਮਾਗੀ ਸਿਸਟਮ ਦੇ ਵਿਕਾਰ ਨਾਲ ਜੂਝ ਰਹੇ ਅਜਿਹੇ ਮਰੀਜ਼ ਜਿਨ੍ਹਾਂ ਦੀ ਕਰੀਬ 12 ਮਹੀਨੇ ਹੀ ਜ਼ਿੰਦਗੀ ਬਚੀ ਹੈ ਆਉਂਦੇ ਹਨ। ਉਹ ਆਪਣੇ ਡਾਕਟਰ ਨੂੰ ਇੱਛਾ ਮੌਤ ਦੇਣ ਦੀ ਅਪੀਲ ਕਰ ਸਕਦੇ ਹਨ। ਇਸ ਲਈ ਉਨ੍ਹਾਂ ਨੂੰ 68 ਹੋਰ ਮਾਪਦੰਡਾਂ ਨੂੰ ਪੂਰਾ ਕਰਨਾ ਹੋਵੇਗਾ। ਸੂਬੇ ਦੇ ਪ੍ਰਧਾਨ ਮੰਤਰੀ ਡੈਨੀਅਲ ਐਂਡਰਿਊ ਨੇ ਇਸ ਨਵੇਂ ਕਾਨੂੰਨ ਨੂੰ ਦਇਆ ਦੇ ਆਧਾਰ 'ਤੇ ਬਣਿਆ ਦੱਸਿਆ। ਉਨ੍ਹਾਂ ਨੇ ਕਿਹਾ ਕਿ ਕਰੀਬ 120 ਡਾਕਟਰਾਂ ਨੂੰ ਇਸ ਲਈ ਸਿਖਲਾਈ ਦਿੱਤੀ ਜਾ ਚੁੱਕੀ ਹੈ ਜਾਂ ਫਿਰ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ।
ਵਿਕਟੋਰੀਆ ਦੀ ਸਿਹਤ ਮੰਤਰੀ ਜੇਨੀ ਮਿਕਾਕੋਸ ਨੇ ਕਿਹਾ ਕਿ ਇਹ ਦਿਨ ਉਨ੍ਹਾਂ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸਮਰਪਿਤ ਹੈ ਜੋ ਲੰਬੇ ਸਮੇਂ ਤੋਂ ਡੂੰਘੀ ਤਕਲੀਫ ਨਾਲ ਜੂਝ ਰਹੇ ਹਨ ਅਤੇ ਇਸ ਤਬਦੀਲੀ ਦੇ ਇੰਤਜ਼ਾਰ ਵਿਚ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਪ੍ਰਬੰਧ ਨੂੰ ਲੈ ਕੇ ਹੁਣ ਤੱਕ 100 ਲੋਕ ਪੁੱਛਗਿੱਛ ਵੀ ਕਰ ਚੁੱਕੇ ਹਨ।
ਇੱਥੇ ਦੱਸ ਦਈਏ ਕਿ ਸਾਲ 1995 ਵਿਚ ਆਸਟ੍ਰੇਲੀਆ ਪੂਰੀ ਤਰ੍ਹਾਂ ਨਾਲ ਬੀਮਾਰ ਲੋਕਾਂ ਲਈ ਡਾਕਟਰੀ ਮਦਦ ਨਾਲ ਖੁਦਕੁਸ਼ੀ ਕਰਨ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਸੀ। ਪਰ ਕਾਨੂੰਨ ਜ਼ਰੀਏ 4 ਲੋਕਾਂ ਨੂੰ ਇੱਛਾ ਮੌਤ ਮਿਲਣ ਦੇ ਬਾਅਦ ਆਸਟ੍ਰੇਲੀਆਈ ਸੰਸਦ ਨੇ ਸਾਲ 1997 ਵਿਚ ਇਸ ਕਾਨੂੰਨ ਨੂੰ ਪਲਟ ਦਿੱਤਾ ਸੀ। ਜ਼ਿਕਰਯੋਗ ਹੈ ਕਿ ਫਿਲਹਾਲ ਆਸਟ੍ਰੇਲੀਆਈ ਸੰਸਦ ਕੋਲ ਵਿਕਟੋਰੀਆ ਜਿਹੇ ਸੂਬਿਆਂ ਦੇ ਕਾਨੂੰਨਾਂ ਨੂੰ ਰੱਦ ਕਰਨ ਦੀ ਸ਼ਕਤੀ ਨਹੀਂ ਹੈ।