ਮਾਸਕ ਨਾ ਪਾਉਣ 'ਤੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਨੂੰ ਜੁਰਮਾਨਾ
Tuesday, Jun 29, 2021 - 04:10 PM (IST)
ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਬਰਨਬੀ ਜੋਇਸ ਨੂੰ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਊ.) ਰਾਜ ਦੇ ਇੱਕ ਪੈਟਰੋਲ ਸਟੇਸ਼ਨ ਦੇ ਅੰਦਰ ਮਾਸਕ ਨਾ ਪਾਉਣ 'ਤੇ 200 ਆਸਟ੍ਰੇਲੀਆਈ ਡਾਲਰ (151 ਡਾਲਰ) ਦਾ ਜੁਰਮਾਨਾ ਲਗਾਇਆ ਗਿਆ।ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਆਸਟ੍ਰੇਲੀਆ ਦੀ ਨੈਸ਼ਨਲ ਪਾਰਟੀ ਦੇ ਨੇਤਾ ਜੋਇਸ ਨੇ ਕੋਰੋਨਾ ਵਾਇਰਸ ਪਾਬੰਦੀਆਂ ਦੀ ਉਲੰਘਣਾ ਦੀ ਘਟਨਾ ਦੀ ਪੁਸ਼ਟੀ ਕੀਤੀ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਹਾਂਗਕਾਂਗ ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ 'ਤੇ ਲਾਈ ਰੋਕ
ਜੋਇਸ ਨੇ ਅੱਜ ਸਕਾਈ ਨਿਊਜ਼ ਆਸਟ੍ਰੇਲੀਆ ਨੂੰ ਦੱਸਿਆ,"ਮੈਂ ਕੈਲਟੇਕਸ ਸਰਵਿਸ ਸਟੇਸ਼ਨ ਗਿਆ ਸੀ। ਮੈਂ ਏਅਰਪੋਰਟ ਜਾ ਰਿਹਾ ਸੀ, ਇਸ ਦੌਰਾਨ ਮੈਂ ਕਾਰ ਵਿਚ ਪੈਟਰੋਲ ਭਰਵਾਇਆ। 30 ਸਕਿੰਟ ਬਾਅਦ ਮੈਨੂੰ 200 ਆਸਟ੍ਰੇਲੀਅਨ ਡਾਲਰ ਦੀ ਕੀਮਤ ਚੁਕਾਉਣੀ ਪਈ ਕਿਉਂਕਿ ਮੈਂ ਮਾਸਕ ਨਹੀਂ ਪਾਇਆ ਸੀ।" ਐਨ.ਐਸ.ਡਬਲਊ. ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਮੈਂਬਰ ਨੇ ਪੈਟਰੋਲ ਸਟੇਸ਼ਨ 'ਤੇ ਬੁਲਾਇਆ ਸੀ ਅਤੇ ਸੁਰੱਖਿਆ ਕੈਮਰੇ ਦੀ ਫੁਟੇਜ ਦੀ ਸਮੀਖਿਆ ਕਰਨ ਤੋਂ ਬਾਅਦ ਇਕ 54 ਸਾਲਾ ਪੁਰਸ਼ ਨੂੰ ਇਹ ਜੁਰਮਾਨਾ ਜਾਰੀ ਕੀਤਾ ਸੀ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਡਰੱਗ ਲੈਣ ਲਈ ਖੁੱਲ੍ਹੇ ਸਰਕਾਰੀ ਸੈਂਟਰ ਲੋਕਾਂ ਲਈ ਬਣੇ ਵੱਡੀ ਸਿਰਦਰਦੀ
ਡਿਪਟੀ ਕਮਿਸ਼ਨਰ ਗੈਰੀ ਵੌਰਬੁਏਸ ਨੇ ਪੱਤਰਕਾਰਾਂ ਨੂੰ ਦੱਸਿਆ,“ਜੋਇਸ ਨੇ ਮੁਆਫ਼ੀ ਮੰਗੀ ਅਤੇ ਪੁਲਸ ਨੂੰ ਪੂਰਾ ਸਹਿਯੋਗ ਦਿੱਤਾ।" ਪੁਲਸ ਨੂੰ ਰਾਜ ਭਰ ਵਿਚ 24/7 ਤਾਇਨਾਤ ਕੀਤਾ ਗਿਆ ਹੈ ਅਤੇ ਉਹ ਕਾਰਵਾਈ ਕਰੇਗੀ। ਨਿਸ਼ਚਤ ਤੌਰ 'ਤੇ ਆਰਮਿਡੇਲ ਵਿਖੇ ਵਾਪਰੀ ਘਟਨਾ ਇਸ ਗੱਲ ਦਾ ਪ੍ਰਮਾਣ ਹੈ ਕਿ ਪੁਲਸ ਜਾਂਚ ਕਰੇਗੀ ਅਤੇ ਕਾਰਵਾਈ ਕਰੇਗੀ।" ਜ਼ਿਕਰਯੋਗ ਹੈ ਕਿ ਜੋਇਸ ਨੇ ਪਹਿਲਾਂ ਸਾਲ 2016 ਤੋਂ 2018 ਤੱਕ ਉਪ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ ਸੀ ਜਦੋਂ ਉਹਨਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ।ਜੋਇਸ ਨੇ ਇਹਨਾਂ ਦੋਸ਼ਾਂ ਦਾ ਦ੍ਰਿੜ੍ਹਤਾ ਨਾਲ ਖੰਡਨ ਕੀਤਾ ਸੀ।
ਨੋਟ- ਮਾਸਕ ਨਾ ਪਾਉਣ 'ਤੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਨੂੰ ਜੁਰਮਾਨਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।