ਆਸਟ੍ਰੇਲੀਆ : ਮੈਲਬੌਰਨ 'ਚ ਤੀਜੇ ਹਿੰਦੂ ਮੰਦਰ 'ਤੇ ਹਮਲਾ, ਕੀਤੀ ਗਈ ਭੰਨ-ਤੋੜ
Monday, Jan 23, 2023 - 12:41 PM (IST)

ਮੈਲਬੌਰਨ (ਬਿਊਰੋ): ਆਸਟ੍ਰੇਲੀਆ 'ਚ 15 ਦਿਨਾਂ ਦੇ ਅੰਦਰ ਤੀਜੀ ਵਾਰ ਹਿੰਦੂ ਮੰਦਰ 'ਤੇ ਹਮਲਾ ਹੋਇਆ ਹੈ। ਖਾਲਿਸਤਾਨ ਸਮਰਥਕ ਮੈਲਬੌਰਨ 'ਚ ਹਿੰਦੂ ਮੰਦਰਾਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ। ਤਾਜ਼ਾ ਜਾਣਕਾਰੀ ਮੁਤਾਬਕ ਮੈਲਬੌਰਨ ਦੇ ਐਲਬਰਟ ਪਾਰਕ ਵਿੱਚ ਇੱਕ ਹਿੰਦੂ ਮੰਦਰ ਵਿੱਚ ਭੰਨਤੋੜ ਕੀਤੀ ਗਈ। ਮੰਦਰ ਦੀਆਂ ਕੰਧਾਂ 'ਤੇ ਖਾਲਿਸਤਾਨ ਦੇ ਸਮਰਥਨ 'ਚ ਨਾਅਰੇ ਲਿਖੇ ਗਏ। ਕ੍ਰਿਸ਼ਨਾ ਚੇਤਨਾ ਲਈ ਇੰਟਰਨੈਸ਼ਨਲ ਸੋਸਾਇਟੀ (ISKCON) ਮੰਦਿਰ, ਜਿਸ ਨੂੰ ਹਰੇ ਕ੍ਰਿਸ਼ਨਾ ਮੰਦਿਰ ਵੀ ਕਿਹਾ ਜਾਂਦਾ ਹੈ, ਮੈਲਬੌਰਨ ਵਿੱਚ ਭਗਤੀ ਯੋਗ ਲਹਿਰ ਦਾ ਇੱਕ ਜਾਣਿਆ-ਪਛਾਣਿਆ ਕੇਂਦਰ ਹੈ।
ਸੋਮਵਾਰ ਸਵੇਰੇ ਮੰਦਰ ਦੇ ਪ੍ਰਬੰਧਕਾਂ ਨੇ ਦੇਖਿਆ ਕਿ ਮੰਦਰ ਦੀ ਭੰਨ-ਤੋੜ ਕੀਤੀ ਗਈ ਸੀ ਅਤੇ ਕੰਧਾਂ 'ਤੇ 'ਖਾਲਿਸਤਾਨ ਜ਼ਿੰਦਾਬਾਦ', 'ਹਿੰਦੁਸਤਾਨ ਮੁਰਦਾਬਾਦ' ਵਰਗੇ ਨਾਅਰੇ ਵੀ ਲਿਖੇ ਹੋਏ ਸਨ।ਇਸਕੋਨ ਮੰਦਿਰ ਦੇ ਸੰਚਾਰ ਨਿਰਦੇਸ਼ਕ ਭਗਤ ਦਾਸ ਨੇ ਆਸਟ੍ਰੇਲੀਆ ਟੂਡੇ ਨੂੰ ਦੱਸਿਆ ਕਿ ਅਸੀਂ ਪੂਜਾ ਸਥਾਨ ਦੇ ਸਨਮਾਨ ਦੀ ਇਸ ਘੋਰ ਅਣਦੇਖੀ ਤੋਂ ਹੈਰਾਨ ਅਤੇ ਗੁੱਸੇ ਹਾਂ। ਇਸਕਾਨ ਮੰਦਰ ਦੇ ਇੱਕ ਆਈਟੀ ਸਲਾਹਕਾਰ ਅਤੇ ਸ਼ਰਧਾਲੂ ਸ਼ਿਵੇਸ਼ ਪਾਂਡੇ ਨੇ ਕਿਹਾ ਕਿ ਪਿਛਲੇ ਦੋ ਹਫ਼ਤਿਆਂ ਵਿੱਚ ਵਿਕਟੋਰੀਆ ਪੁਲਸ ਉਹਨਾਂ ਲੋਕਾਂ ਖ਼ਿਲਾਫ਼ ਕੋਈ ਨਿਰਣਾਇਕ ਕਾਰਵਾਈ ਕਰਨ ਵਿਚ ਅਸਫਲ ਰਹੀ ਹੈ ਜੋਂ ਸ਼ਾਂਤਮਈ ਹਿੰਦੂ ਭਾਈਚਾਰੇ ਵਿਰੁੱਧ ਆਪਣਾ ਨਫ਼ਰਤੀ ਏਜੰਡਾ ਚਲਾ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਲਾਪਤਾ ਹੋਈ 25 ਸਾਲ ਦੀ ਭਾਰਤੀ ਔਰਤ, ਪੁਲਸ ਨੇ ਜਾਰੀ ਕੀਤੀ ਤਸਵੀਰ
ਇੱਥੇ ਦੱਸ ਦਈਏ ਕਿ ਇਸਕਾਨ ਮੰਦਰ 'ਤੇ ਹਮਲਾ ਮਲਟੀਕਲਚਰਲ ਕਮਿਸ਼ਨ ਨਾਲ ਵਿਕਟੋਰੀਆ ਦੇ ਬਹੁ-ਧਰਮੀ ਆਗੂਆਂ ਦੀ ਹੰਗਾਮੀ ਮੀਟਿੰਗ ਤੋਂ ਦੋ ਦਿਨ ਬਾਅਦ ਹੋਇਆ ਹੈ। ਹਿੰਦੂ ਪ੍ਰੀਸ਼ਦ ਆਸਟ੍ਰੇਲੀਆ ਦੇ ਵਿਕਟੋਰੀਆ ਸੂਬਾ ਪ੍ਰਧਾਨ ਮਕਰੰਦ ਭਾਗਵਤ ਨੇ ਕਿਹਾ ਸੀ, ਕਿ "ਧਰਮ ਸਥਾਨਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਅਤੇ ਭੰਨ-ਤੋੜ ਸਵੀਕਾਰ ਨਹੀਂ ਹੈ ਅਤੇ ਅਸੀਂ ਇਸ ਦੀ ਨਿੰਦਾ ਕਰਦੇ ਹਾਂ।ਇਸ ਤੋਂ ਪਹਿਲਾਂ 17 ਜਨਵਰੀ ਨੂੰ ਮੈਲਬੌਰਨ 'ਚ ਹੀ ਬੀਏਪੀਐੱਸ ਸਵਾਮੀਨਾਰਾਇਣ ਮੰਦਰ 'ਤੇ ਹਮਲਾ ਹੋਇਆ ਸੀ। 12 ਜਨਵਰੀ ਨੂੰ ਖਾਲਿਸਤਾਨ ਸਮਰਥਕਾਂ ਦੁਆਰਾ ਇਕ ਹੋਰ ਹਿੰਦੂ ਮੰਦਰ ਨੂੰ ਕਥਿਤ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।