ਜੌਂ ''ਤੇ ਕਸਟਮ ਡਿਊਟੀ ਵਧਾਉਣ ਕਾਰਨ ਚੀਨ ਤੋਂ ਆਸਟ੍ਰੇਲੀਆ ਨਾਰਾਜ਼

Tuesday, May 19, 2020 - 10:46 AM (IST)

ਜੌਂ ''ਤੇ ਕਸਟਮ ਡਿਊਟੀ ਵਧਾਉਣ ਕਾਰਨ ਚੀਨ ਤੋਂ ਆਸਟ੍ਰੇਲੀਆ ਨਾਰਾਜ਼

ਸਿਡਨੀ- ਆਸਟ੍ਰੇਲੀਆ ਦੇ ਵਪਾਰ ਮੰਤਰੀ ਨੇ ਚੀਨ ਵਲੋਂ ਆਸਟ੍ਰੇਲੀਆਈ ਜੌਂ 'ਤੇ ਤਕਰੀਬਨ 80 ਫੀਸਦੀ ਕਸਟਮ ਡਿਊਟੀ ਲਗਾਉਣ 'ਤੇ ਚਿੰਤਾ ਪ੍ਰਗਟ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਕੋਰੋਨਾ ਵਾਇਰਸ ਜਾਂਚ ਦਾ ਸਮਰਥਨ ਕਰਨ ਦੇ ਚੱਲਦਿਆਂ ਇਹ ਵਾਧਾ ਕੀਤਾ ਗਿਆ। ਇਹ ਡਿਊਟੀ ਮੰਗਲਵਾਰ ਤੋਂ ਲਾਗੂ ਹੋਈ ਹੈ। ਇਸ ਤੋਂ ਇਕ ਹਫਤੇ ਪਹਿਲਾਂ ਚੀਨ ਨੇ ਆਸਟ੍ਰੇਲੀਆ ਦੇ ਚਾਰ ਮੀਟ ਕੰਪਨੀਆਂ ਤੋਂ ਮੀਟ ਦੀ ਦਰਾਮਦ 'ਤੇ ਲੇਬਲਿੰਗ ਦੇ ਮੁੱਦੇ ਉੱਤੇ ਰੋਕ ਲਗਾ ਦਿੱਤੀ ਸੀ। ਆਸਟ੍ਰੇਲੀਆ ਦਾ 18 ਫੀਸਦੀ ਬੀਫ ਦਾ ਉਤਪਾਦਨ ਚੀਨ ਨੂੰ ਨਿਰਯਾਤ ਕੀਤਾ ਜਾਂਦਾ ਹੈ, ਜੋ ਕਿ ਸਲਾਨਾ 3 ਬਿਲੀਅਨ ਡਾਲਰ ਤੋਂ ਵੱਧ ਦੀ ਬਰਾਮਦ ਹੈ।

ਵਪਾਰ ਮੰਤਰੀ ਸਾਈਮਨ ਬਰਮਿੰਘਮ ਨੇ ਚੀਨ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਕਿ ਆਸਟ੍ਰੇਲੀਆ ਸਰਕਾਰ ਜੌਂ 'ਤੇ ਸਬਸਿਡੀ ਦਿੰਦੀ ਹੈ। ਉਨ੍ਹਾਂ ਕਿਹਾ ਕਿ ਉਹ ਬੀਫ ਅਤੇ ਜੌਂ ਵਿਵਾਦ ਹੱਲ ਕਰਨ ਲਈ ਵਿਸ਼ਵ ਵਪਾਰ ਸੰਗਠਨ ਨੂੰ ਅਪੀਲ ਕਰ ਸਕਦੇ ਹਨ। 

ਚੀਨ ਨੇ ਜਨਤਕ ਤੌਰ 'ਤੇ ਕੋਵਿਡ-19 ਦੀ ਜਾਂਚ ਦੇ ਬਦਲੇ ਵਿਚ ਆਸਟ੍ਰੇਲੀਆ 'ਤੇ ਆਰਥਿਕ ਪਾਬੰਦੀਆਂ ਲਗਾਉਣ ਦੀ ਧਮਕੀ ਦਿੱਤੀ ਹੈ। ਜੌਂ ਦੀ ਖੇਤੀ ਅਤੇ ਬੀਫ ਦੇ ਉਤਪਾਦਕ ਕਿਸਾਨ ਸਭ ਤੋਂ ਪਹਿਲਾਂ ਇਨ੍ਹਾਂ ਆਰਥਿਕ ਪਾਬੰਦੀਆਂ ਦੇ ਸ਼ਿਕਾਰ ਹੋਏ ਹਨ। ਇਸ ਤੋਂ ਇਲਾਵਾ ਲਾਕਡਾਊਨ ਕਾਰਨ ਆਸਟ੍ਰੇਲੀਆ ਦੀ ਅਰਥ-ਵਿਵਸਥਾ ਪ੍ਰਭਾਵਿਤ ਹੋਈ ਹੈ।


author

Lalita Mam

Content Editor

Related News