ਆਸਟ੍ਰੇਲੀਆ ਸਵੀਕਾਰ ਕਰੇ ਕਿ ਅਫਗਾਨਿਸਤਾਨ 'ਚ ਉਸ ਦੀ ਹਿੱਸੇਦਾਰੀ ਰਹੀ ਅਸਫਲ : ਕੇਵਿਨ ਫੋਸਟਰ
Sunday, Aug 22, 2021 - 03:40 PM (IST)
ਮੈਲਬੌਰਨ (ਭਾਸ਼ਾ): ਆਸਟ੍ਰੇਲੀਆ ਨੇ 20 ਸਾਲ ਪਹਿਲਾਂ 11 ਸਤੰਬਰ ਨੂੰ ਨਿਊਯਾਰਕ ਸਥਿਤ ਵਰਲਡ ਟਰੇਡ ਸੈਂਟਰ 'ਤੇ ਹੋਏ ਅੱਤਵਾਦੀ ਹਮਲਿਆਂ ਦੇ ਮੱਦੇਨਜ਼ਰ ਅਮਰੀਕਾ ਦਾ ਸਾਥ ਦਿੰਦੇ ਹੋਏ ਅਫਗਾਨਿਸਤਾਨ ਵਿਚ ਇਕ ਮਿਸ਼ਨ ਦੇ ਤਹਿਤ ਆਪਣੀ ਸੈਨਾ ਨੂੰ ਭੇਜਿਆ।ਉਸ ਮਿਸ਼ਨ ਦਾ ਉਦੇਸ਼ ਓਸਾਮਾ ਬਿਨ ਲਾਦੇਨ ਅਤੇ ਅਲ ਕਾਇਦਾ ਦੀ ਉੱਚ ਲੀਡਰਸ਼ਿਪ ਦਾ ਸਫਾਇਆ ਕਰ ਕੇ ਉਹਨਾਂ ਨੂੰ ਆਸਰਾ ਅਤੇ ਸੁਰੱਖਿਆ ਦੇਣ ਵਾਲੀ ਤਾਲਿਬਨ ਸਰਕਾਰ ਨੂੰ ਜੜ੍ਹ ਤੋਂ ਉਖਾੜਨਾ ਸੀ ਪਰ ਇਹ ਮਿਸ਼ਨ ਇਕ ਵੱਡੀ ਅਸਫਲਤਾ ਸਾਬਤ ਹੋਇਆ। ਅਫਗਾਨਿਸਤਾਨ ਵਿਚ ਆਸਟ੍ਰੇਲੀਆ ਦੇ ਇਸ ਮਿਸ਼ਨ ਦੇ ਨਤੀਜੇ ਬਹੁਤ ਜਾਨਲੇਵਾ ਸਾਬਤ ਹੋਏ ਜਿਸ ਵਿਚ 41 ਸੈਨਿਕਾਂ ਦੀ ਮੌਤ ਹੋ ਗਈ, 260 ਸੈਨਿਕ ਜ਼ਖਮੀ ਹੋਏ, 500 ਤੋਂ ਵੱਧ ਸਾਬਕਾ ਸੈਨਿਕਾ ਨੇ ਖੁਦਕੁਸ਼ੀ ਕਰ ਲਈ।
ਇਸ ਦੇ ਇਲਾਵਾ 'ਪੋਸਟ-ਟ੍ਰਾਮੈਟਿਕ ਸਟ੍ਰੈੱਸ ਡਿਸਆਰਡਰ (ਪੀ.ਟੀ.ਐੱਸ.ਡੀ. ਮਤਲਬ ਕਿਸੇ ਸਦਮੇ ਕਾਰਨ ਪੈਦਾ ਹੋਣ ਵਾਲੇ ਤਣਾਅ ਸੰਬੰਧੀ ਵਿਕਾਰ) ਨਾਲ ਹਜ਼ਾਰਾਂ ਲੋਕ ਪੀੜਤ ਹੋਏ ਅਤੇ ਇਸ ਮਿਸ਼ਨ ਵਿਚ ਕਰੀਬ 10 ਅਰਬ ਡਾਲਰ ਵੀ ਖਰਚ ਹੋਏ। ਅਫਗਾਨਿਸਤਾਨ ਦਾ ਉਰੂਜਗਨ ਸੂਬਾ ਆਸਟ੍ਰੇਲੀਆਈ ਸੈਨਾ ਦੀਆਂ ਮੁਹਿੰਮਾਂ ਦਾ ਪ੍ਰਮੁੱਖ ਕੇਂਦਰ ਰਿਹਾ। ਆਸਟ੍ਰੇਲੀਆ ਦੇ ਸੁਰੱਖਿਆ ਬਲਾਂ ਨੇ ਇਸ ਸੂਬੇ ਵਿਚ ਜੁਲਾਈ 2006 ਤੋਂ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਆਸਟ੍ਰੇਲੀਆਈ ਸੈਨਿਕਾਂ ਦਾ ਦਲ ਦਸੰਬਰ 2013 ਵਿਚ ਸਵਦੇਸ਼ ਪਰਤ ਗਿਆ।ਇਸ ਵਾਰ ਅਗਸਤ ਵਿਚ ਉਰੂਜਗਨ ਸੂਬੇ ਵਿਚ ਇਕ ਵੀ ਗੋਲੀ ਨਹੀਂ ਚੱਲੀ ਅਤੇ ਇਹ ਬਹੁਤ ਹੀ ਆਸਾਨੀ ਨਾਲ ਤਾਲਿਬਾਨ ਦੇ ਕਬਜ਼ੇ ਵਿਚ ਆ ਗਿਆ।
ਇਹਨਾਂ ਸਾਲਾਂ ਦੌਰਾਨ ਅਮਰੀਕਾ ਅਤੇ ਆਸਟ੍ਰੇਲੀਆ ਦੀ ਸੈਨਾ ਨੇ ਤਾਲਿਬਾਨ ਨਾਲ ਲੜਨ ਲਈ ਅਫਗਾਨ ਨੈਸ਼ਨਲ ਆਰਮੀ ਨੂੰ ਸਾਰੇ ਉਪਕਰਨਾਂ ਨਾਲ ਲੈਸ ਕੀਤਾ ਅਤੇ ਬਿਹਤਰ ਸਿਖਲਾਈ ਵੀ ਦਿੱਤੀ ਪਰ ਅਫਗਾਨਿਸਤਾਨ ਵਿਚ ਸ਼ਾਂਤੀ ਸਥਾਪਿਤ ਕਰਨ ਲਈ 2001 ਤੋਂ ਕੀਤੀਆਂ ਗਈਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਸਾਬਤ ਹੁੰਦੀਆ ਦਿਸ ਰਹੀਆਂ ਹਨ।ਅਫਗਾਨਿਸਤਾਨ ਵਿਚ ਪਿਛਲੇ 20 ਸਾਲਾਂ ਦੌਰਾਨ ਹਰ ਖੇਤਰ ਵਿਚ ਤਰੱਕੀ ਹੋਈ ਸੀ ਅਤੇ ਇਕ ਪੀੜ੍ਹੀ ਨੂੰ ਇਸ ਦਾ ਲਾਭ ਵੀ ਮਿਲਿਆ ਸੀ। ਹੁਣ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਵੱਧਦੇ ਪ੍ਰਭਾਵ ਕਾਰਨ ਬੀਬੀਆਂ ਦੇ ਅਧਿਕਾਰਾਂ ਅਤੇ ਉਹਨਾ ਦੀ ਆਜ਼ਾਦੀ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ। ਅਫਗਾਨਿਸਤਾਨ ਤੋਂ ਆਸਟ੍ਰੇਲੀਆਈ ਸੈਨਿਕਾਂ ਦੀ ਵਾਪਸੀ ਤੋਂ ਕਰੀਬ ਇਕ ਸਾਲ ਪਹਿਲਾਂ 2012 ਵਿਚ ਆਸਟ੍ਰੇਲੀਆਈ ਪੱਤਰਕਾਰ ਜੇਰੇਮੀ ਕੇਲੀ ਨੇ ਆਪਣੇ ਲੇਖ ਵਿਚ ਆਸਟ੍ਰੇਲਆਈ ਸੁਰੱਖਿਆ ਬਲ (ਏ.ਡੀ.ਐੱਫ.) ਦੇ ਉਸ ਬਿਆਨ ਨੂੰ ਖਾਰਿਜ ਕੀਤਾ ਸੀ ਜਿਸ ਵਿਚ ਏ.ਡੀ.ਐੱਫ. ਨੇ ਮਿਸ਼ਨ ਨੂੰ ਸਫਲ ਦੱਸਿਆ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ- ਲਾਦੇਨ ਦਾ ਰਿਸ਼ਤੇਦਾਰ ਹੈ ਅਫਗਾਨ ਦਾ ਸੰਭਾਵਿਤ ਰਾਸ਼ਟਰਪਤੀ, ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਦੀ ਦੇ ਚੁੱਕੈ ਧਮਕੀ
ਜੇਰੇਮੀ ਨੇ ਉਰੂਜਗਨ ਸੂਬੇ ਵਿਚ ਯਾਤਰਾ ਕਰਦੇ ਸਮੇਂ ਜੋ ਦੇਖਿਆ ਉਹ ਏ.ਡੀ.ਐੱਫ. ਦੇ ਬਿਆਨ ਤੋਂ ਕਾਫੀ ਉਲਟ ਸੀ। ਜੇਰੇਮੀ ਨੇ ਲਿਖਿਆ,‘‘ਆਸਟ੍ਰੇਲੀਆਈ ਫ਼ੌਜ ਨੇ ਅਫ਼ਗਾਨਿਸਤਾਨ ’ਚ ਆਪਣੀ ਉਪਲਬਧੀਆਂ ਨੂੰ ਗਿਣਾਉਣ ’ਚ ਕੋਈ ਕਮੀ ਨਹੀਂ ਛੱਡੀ। ਇਹ ਸੱਚ ਹੈ ਕਿ 2006 ਦੇ ਬਾਅਦ ਉਰੂਜਗਨ ਸੂਬੇ ’ਚ ਸਿਹਤ ਸਹੂਲਤ ਕੇਂਦਰਾਂ ਦੀ ਗਿਣਤੀ ’ਚ ਤਿੰਨ ਗੁਣਾ ਵਾਧਾ ਹੋਇਆ ਹੈ ਤੇ ਸਕੂਲਾਂ ਦੀ ਗਿਣਤੀ ਵੀ 34 ਤੋਂ ਵੱਧ ਕੇ 205 ਹੋ ਗਈ ਹੈ। ਇਹ ਗਿਣਤੀ ਕਾਫ਼ੀ ਉਤਸ਼ਾਹਤ ਕਰਨ ਵਾਲੀ ਹੈ ਪਰ ਏ. ਡੀ. ਐੱਫ. ਨੇ ਅਸਲ ਕਹਾਣੀ ਨਹੀਂ ਦੱਸੀ ਹੈ। ਸੂਬੇ ਦੇ ਚੋਰਾ ਇਲਾਕੇ ’ਚ ਕੁਲ 32 ਸਕੂਲ ਖੋਲ੍ਹੇ ਗਏ ਪਰ ਸਿਰਫ਼ ਇਕ ਹੀ ਸਕੂਲ ’ਚ ਬੱਚੇ ਆ ਰਹੇ ਹਨ।’’
ਤਾਲਿਬਾਨ ਨੇ ਉਰੂਜਗਨ ਸੂਬੇ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ’ਤੇ ਕਬਜ਼ਾ ਕਰ ਲਿਆ ਹੈ ਤੇ ਸੁਰੱਖਿਆ ਬਲਾਂ ਨਾਲ ਚਲ ਰਹੀ ਉਨ੍ਹਾਂ ਦੀਆਂ ਝੜਪਾਂ ਨੇ ਸਿਹਤ ਸਹੂਲਤਾਂ ਤੇ ਸਿੱਖਿਆ ਤਕ ਆਮ ਆਦਮੀ ਦੀ ਪਹੁੰਚ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਹੈ। ਇਸ ਕਾਰਨ ਸੂਬੇ ’ਚ ਆਰਥਿਕ ਗਤੀਵਿਧੀਆਂ ਵੀ ਠੱਪ ਹੋ ਗਈਆਂ ਹਨ। ਤਾਲਿਬਾਨ ਨੇ ਹਾਲਾਂਕਿ ਸੂਬੇ ’ਚ ਕੁਝ ਸਕੂਲਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਕੁੜੀਆਂ ਦੀ ਸਿੱਖਿਆ ’ਤੇ ਸਖ਼ਤ ਪਾਬੰਦੀ ਲਗਾ ਦਿੱਤੀ ਹੈ। ਜੇਕਰ ਉਰੂਜਗਨ ਸੂਬੇ ਦੇ ਲੋਕਾਂ ਨੂੰ ਆਸਟ੍ਰੇਲੀਆਈ ਫ਼ੌਜ ਦੀ ਮੌਜੂਦਗੀ ਦਾ ਕੁਝ ਫ਼ਾਇਦਾ ਹੋਇਆ ਹੈ ਤਾਂ ਏ.ਡੀ.ਐੱਫ. ਨੂੰ ਇਸ ਦਾ ਖਮਿਆਜ਼ਾ ਵੀ ਭੁਗਤਨਾ ਪਿਆ ਹੈ। ਅਮਰੀਕਾ ਦੇ ਅਫ਼ਗਾਨਿਸਤਾਨ ਮਿਸ਼ਨ ’ਚ ਆਸਟ੍ਰੇਲੀਆਈ ਫ਼ੌਜ ਨੇ ਛੋਟੀ ਜਿਹੀ ਭੂਮਿਕਾ ਅਦਾ ਕੀਤੀ। ਆਸਟ੍ਰੇਲੀਆ ਇਸ ਮਿਸ਼ਨ ’ਚ ਆਪਣੇ ਭਰੋਸੇਯੋਗ ਸਹਿਯੋਗੀ ਅਮਰੀਕਾ ਦੇ ਨਕਸ਼ੇ ਕਦਮਾਂ ’ਤੇ ਚਲਿਆ। ਮਿਸ਼ਨ ਦੀ ਰਣਨੀਤੀ ਬਣਾਉਣ ’ਚ ਆਸਟ੍ਰੇਲੀਆ ਦੀ ਅਹਿਮ ਭੂਮਿਕਾ ਨਹੀਂ ਰਹੀ, ਇਸ ਲਈ ਮਿਸ਼ਨ ਦੀ ਅਸਫਲਤਾ ਲਈ ਆਸਟ੍ਰੇਲੀਆ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਉਣਾ ਸਹੀ ਨਹੀਂ ਹੋਵੇਗਾ।