ਇਜ਼ਰਾਈਲ ਸਥਿਤ ਦੂਤਘਰ ਨੂੰ ਯੇਰੂਸ਼ਲਮ ਲਿਜਾਉਣ ''ਤੇ ਆਸਟ੍ਰੇਲੀਆ ਕਰ ਰਿਹੈ ਵਿਚਾਰ

10/16/2018 10:21:51 AM

ਸਿਡਨੀ (ਭਾਸ਼ਾ)— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਇਜ਼ਰਾਈਲ ਸਥਿਤ ਆਸਟ੍ਰੇਲੀਆਈ ਦੂਤਘਰ ਨੂੰ ਤੇਲ ਅਵੀਵ ਤੋਂ ਹਟਾ ਕੇ ਯੇਰੂਸ਼ਲਮ ਲਿਜਾਉਣ 'ਤੇ ਵਿਚਾਰ ਕਰ ਰਹੀ ਹੈ। ਮੌਰੀਸਨ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਯੇਰੂਸ਼ਲਮ ਨੂੰ ਰਸਮੀ ਤੌਰ 'ਤੇ ਇਜ਼ਰਾਈਲ ਦੀ ਰਾਜਧਾਨੀ ਮੰਨਣ ਅਤੇ ਆਸਟ੍ਰੇਲੀਆਈ ਦੂਤਘਰ ਟਰਾਂਸਫਰ ਕਰ ਕੇ ਯੇਰੂਸ਼ਲਮ ਲਿਜਾਉਣ ਦੇ ਪ੍ਰਸਤਾਵ ਨੂੰ ਲੈ ਕੇ ਉਹ ਖੁੱਲ੍ਹਾ ਰੱਵਈਆ ਵਰਤ ਰਹੇ ਹਨ। ਪ੍ਰਧਾਨ ਮੰਤਰੀ ਦਾ ਇਹ ਬਿਆਨ ਆਸਟ੍ਰੇਲੀਆ ਦੀਆਂ ਹੁਣ ਤੱਕ ਦੀਆਂ ਸਰਕਾਰਾਂ ਦੇ ਰਵੱਈਏ ਤੋਂ ਵੱਖ ਹੈ। 

ਉਨ੍ਹਾਂ ਨੇ ਕਿਹਾ,''ਅਸੀਂ ਦੋ-ਰਾਸ਼ਟਰ ਹੱਲ ਨੂੰ ਲੈ ਕੇ ਵਚਨਬੱਧ ਹਾਂ ਪਰ ਇਹ ਜ਼ਿਆਦਾ ਚੰਗਾ ਨਹੀਂ ਚੱਲ ਰਿਹਾ। ਜ਼ਿਆਦਾ ਤਰੱਕੀ ਨਹੀਂ ਹੋਈ ਹੈ। ਤੁਸੀਂ ਹਮੇਸ਼ਾ ਇਕ ਹੀ ਚੀਜ਼ ਕਰ ਕੇ ਵੱਖ-ਵੱਖ ਨਤੀਜਿਆਂ ਦੀ ਆਸ ਨਹੀਂ ਕਰ ਸਕਦੇ।'' ਪ੍ਰਧਾਨ ਮੰਤਰੀ ਨੇ ਯੇਰੂਸ਼ਲਮ ਨੂੰ ਮਾਨਤਾ ਦੇਣ ਅਤੇ ਆਸਟ੍ਰੇਲੀਆਈ ਦੂਤਘਰ ਨੂੰ ਟਰਾਂਸਫਰ ਕਰਨ ਦੇ ਪ੍ਰਸਤਾਵ ਨੂੰ ''ਸਮਝਦਾਰੀ'' ਕਰਾਰ ਦਿੱਤਾ ਅਤੇ ਕਿਹਾ ਕਿ ਸਰਕਾਰ ਇਸ 'ਤੇ ਵਿਚਾਰ ਕਰੇਗੀ। ਮੌਰੀਸਨ ਨੇ ਇਹ ਐਲਾਨ ਅਜਿਹੇ ਸਮੇਂ ਵਿਚ ਕੀਤਾ ਹੈ ਜਦੋਂ ਯਹੂਦੀਆਂ ਦੀ ਚੰਗੀ ਖਾਸੀ ਗਿਣਤੀ ਵਾਲੇ ਸਿਡਨੀ ਖੇਤਰ ਵਿਚ ਕੁਝ ਹੀ ਦਿਨਾਂ ਵਿਚ ਸੰਸਦੀ ਉਪ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣ ਨਾਲ ਜੁੜੇ ਸਰਵੇਖਣਾਂ ਵਿਚ ਮੌਰੀਸਨ ਦੀ ਲਿਬਰਲ ਪਾਰਟੀ ਦੇ ਉਮੀਦਵਾਰ ਨੂੰ ਚੋਣਵੀਂ ਦੌੜ ਵਿਚ ਪਿੱਛੇ ਦੱਸਿਆ ਜਾ ਰਿਹਾ ਹੈ।


Related News