ਆਸਟ੍ਰੇਲੀਆ ''ਚ ਘਟੀ ਕੋਰੋਨਾ ਮਰੀਜ਼ਾਂ ਦੀ ਗਿਣਤੀ, ਮੌਰੀਸਨ ਨੇ ਦਿੱਤੇ ਸਕੂਲ ਖੋਲ੍ਹਣ ਦੇ ਸੰਕੇਤ

04/21/2020 6:32:05 PM

ਸਿਡਨੀ (ਬਿਊਰੋ): ਗਲੋਬਲ ਪੱਧਰ 'ਤੇ ਜਾਰੀ ਕੋਵਿਡ-19 ਮਹਾਮਾਰੀ ਦੇ ਕਹਿਰ ਵਿਚ ਆਸਟ੍ਰੇਲੀਆ ਤੋਂ ਇਕ ਚੰਗੀ ਖਬਰ ਆਈ ਹੈ। ਜਾਣਕਾਰੀ ਮੁਤਾਬਕ ਸਿਡਨੀ ਵਿਚ ਕੋਰੋਨਾਵਾਇਰਸ ਦੇ ਮਰੀਜ਼ਾਂ ਵਿਚ 25 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਹੈ ਕਿ ਦੇਸ਼ ਵਿਚ ਲੰਬੇ ਲਾਕਡਾਊਨ ਦੇ ਬਾਅਦ ਕੋਰੋਨਾ ਦੇ ਪ੍ਰਸਾਰ 'ਤੇ ਕੰਟਰੋਲ ਕਰ ਲਿਆ ਗਿਆ ਹੈ। ਇਸ ਤਰੱਕੀ ਨੂੰ ਦੇਖਦੇ ਹੋਏ ਕੁਝ ਹਸਪਤਾਲਾਂ ਵਿਚ ਵਿਕਲਪਿਕ ਸਰਜਰੀ ਫਿਰ ਤੋਂ ਸ਼ੁਰੂ ਕਰਨ ਦੇ ਨਾਲ ਹੀ ਸਕੂਲਾਂ ਨੂੰ ਖੋਲ੍ਹਣ ਦਾ ਐਲਾਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮੌਰੀਸਨ ਨੇ ਕੈਨਬਰਾ ਵਿਚ ਕਿਹਾ ਕਿ ਆਸਟ੍ਰੇਲੀਆ ਅਗਲੇ ਹਫਤੇ ਤੋਂ ਕੁਝ ਪਾਬੰਦੀਆਂ ਵਿਚ ਛੋਟ ਦੇ ਸਕਦਾ ਹੈ। ਭਾਵੇਂਕਿ ਮੌਰੀਸਨ ਨੇ ਕਿਹਾ ਕਿ ਦੇਸ਼ ਵਿਚ ਸਰੀਰਕ ਦੂਰੀ ਦੇ ਨਿਯਮਾਂ ਦੀ ਪਹਿਲਾਂ ਦੀ ਤਰ੍ਹਾਂ ਹੀ ਪਾਲਣਾ ਕੀਤੀ ਜਾਵੇਗੀ। ਇਸ ਨਿਯਮ ਵਿਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। 

ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਨੇ ਮਾਰਚ ਵਿਚ ਕੋਰੋਨਾਵਾਇਰਸ ਦੇ ਪ੍ਰਸਾਰ ਦੇ ਮੱਦੇਨਜ਼ਰ ਹਸਪਤਾਲਾਂ ਵਿਚ ਗੈਰ-ਐਮਰਜੈਂਸੀ ਸਰਜਰੀ 'ਤੇ ਰੋਕ ਲਗਾ ਦਿੱਤੀ ਸੀ। ਹਸਪਤਾਲ ਨੂੰ ਕੋਰੋਨਾ ਮਰੀਜ਼ਾਂ ਲਈ ਬੁੱਕ ਕਰ ਦਿੱਤਾ ਗਿਆ ਸੀ। ਇਸ ਸਿਲਸਿਲੇ ਵਿਚ ਸਕੂਲਾਂ ਨੂੰ ਅਨਿਸ਼ਚਿਤ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ ਪਰ ਹਾਲ ਹੀ ਵਿਚ ਕੋਰੋਨਾ ਮਰੀਜ਼ਾਂ ਦੇ ਵਾਧੇ ਵਿਚ ਭਾਰੀ ਗਿਰਾਵਟ ਦੇ ਬਾਅਦ ਆਸਟ੍ਰੇਲੀਆਈ ਸਰਕਾਰ ਨੇ ਸਕੂਲਾਂ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹਸਪਤਾਲਾਂ ਵਿਚ ਗੈਰ ਐਮਰਜੈਂਸੀ ਸਰਜਰੀ 'ਤੇ ਲੱਗੀ ਰੋਕ ਵੀ ਹਟਾ ਲਈ ਗਈ ਹੈ। ਬੱਚਿਆਂ ਨੂੰ ਆਨਲਾਈਨ ਪੜ੍ਹਾਉਣ ਦੇ ਇਕ ਮਹੀਨੇ ਦੇ ਵੱਧ ਸਮੇਂ ਤੋਂ ਬਾਅਦ ਆਸਟ੍ਰੇਲੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਨਿਊ ਸਾਊਥ ਵੇਲਜ਼ ਨੇ ਕਿਹਾ ਕਿ ਅਗਲੇ ਮਹੀਨੇ ਸਾਰੇ ਵਿਦਿਆਰਥੀ ਆਹਮੋ-ਸਾਹਮਣੇ ਬੈਠ ਕੇ ਆਪਣੀ ਕਲਾਸ ਵਿਚ ਪੜ੍ਹ ਸਕਣਗੇ।

ਨਿਊ ਸਾਊਥ ਵੇਲਜ਼ ਦੇ ਰਾਜ ਪ੍ਰਮੁੱਖ ਗਲੇਡਿਸ ਬੇਰੇਜਿਕੇਲਿਯਨ ਨੇ ਕਿਹਾ ਕਿ ਜੁਲਾਈ ਤੋਂ ਮੁੜ ਸ਼ੁਰੂ ਹੋਣ ਵਾਲੇ ਸੈਸ਼ਨ ਵਿਚ ਵਿਦਿਆਰਥੀ ਸਕੂਲੀ ਸਿੱਖਿਆ ਦੀ ਤਿਆਰੀ ਵਿਚ ਇਕ ਤਰ੍ਹਾਂ ਨਾਲ 11 ਮਈ ਨੂੰ ਸਕੂਲ ਪਰਤਣਗੇ। ਇਸ ਲਈ ਸਾਵਧਾਨੀ ਦੇ ਤੌਰ 'ਤੇ ਸਕੂਲ ਪ੍ਰਬੰਧਕਾਂ ਲਈ ਕੁਝ ਕਦਮ ਚੁੱਕਣੇ ਲਾਜ਼ਮੀ ਕੀਤੇ ਗਏ ਹਨ। ਬੱਚਿਆਂ ਸਮੇਤ ਪੂਰੇ ਸਟਾਫ ਦੀ ਥਰਮਲ ਚੈਕਿੰਗ ਦੇ ਨਾਲ ਸਕੂਲ ਦੀ ਸਫਾਈ 'ਤੇ ਖਾਸ ਧਿਆਨ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਪੂਰੇ ਵਿਹੜੇ ਨੂੰ ਸੈਨੀਟਾਈਜ਼ ਕੀਤਾ ਜਾਵੇਗਾ। ਸਕੂਲ ਵਿਚ ਵਧੀਕ ਸਿਹਤ ਉਪਕਰਣ ਹੋਣਗੇ। ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਵਿਚ ਸਿੱਖਿਆ ਦਾ ਵਿਸ਼ਾ ਰਾਜ ਕੋਲ ਹੈ। ਸਿੱਖਿਆ ਰਾਜ ਸਰਕਾਰਾਂ ਵੱਲੋਂ ਸੰਚਾਲਿਤ ਕੀਤੀ ਜਾਂਦੀ ਹੈ। ਸਕੂਲਾਂ ਨੂੰ ਮੁੜ ਖੋਲ੍ਹਣ ਲਈ ਰਾਜ ਸਰਕਾਰਾਂ ਦਾ ਫੈਡਰਲ ਸਰਕਾਰ 'ਤੇ ਕਾਫੀ ਦਬਾਅ ਰਿਹਾ ਹੈ। ਰਾਜ ਸਰਕਾਰਾਂ ਵੱਲੋਂ ਇਹ ਤਰਕ ਦਿੱਤਾ ਜਾਂਦਾ ਰਿਹਾ ਹੈ ਕਿ ਇਸ ਕਦਮ ਨਾਲ ਆਸਟ੍ਰੇਲੀਆ ਦੀ ਅਰਥਵਿਵਸਥਾ ਨੂੰ ਵਧਾਵਾ ਮਿਲੇਗਾ ਅਤੇ ਮਾਤਾ-ਪਿਤਾ ਬਿਹਤਰ ਕੰਮ ਕਰਨ ਲਈ ਉਤਸ਼ਾਹਿਤ ਹੋਣਗੇ। 


Vandana

Content Editor

Related News