ਆਸਟ੍ਰੇਲੀਆ ''ਕ੍ਰਿਸਮਸ ਆਈਲੈਂਡ ਹਿਰਾਸਤ ਕੇਂਦਰ'' ਮੁੜ ਖੋਲ੍ਹੇਗਾ : ਪੀ.ਐੱਮ.
Wednesday, Feb 13, 2019 - 01:55 PM (IST)
ਮੈਲਬੌਰਨ (ਭਾਸ਼ਾ)— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਵਿਚ ਸ਼ਰਨ ਮੰਗ ਰਹੇ ਲੋਕਾਂ ਲਈ ਵਿਵਾਦਮਈ 'ਕ੍ਰਿਸਮਸ ਆਈਲੈਂਡ ਹਿਰਾਸਤ ਕੇਂਦਰ' ਦੁਬਾਰਾ ਖੋਲ੍ਹਿਆ ਜਾਵੇਗਾ। ਮੌਰੀਸਨ ਨੂੰ ਸੰਸਦ ਵਿਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਜਿੱਥੇ ਇਕ ਬਿੱਲ ਪਾਸ ਕਰ ਦਿੱਤਾ ਗਿਆ, ਜਿਸ ਨਾਲ ਸ਼ਰਨਾਰਥੀਆਂ ਨੂੰ ਮੁੱਖ ਭੂਮੀ ਦੇ ਹਸਪਤਾਲਾਂ ਵਿਚ ਆਸਾਨੀ ਨਾਲ ਇਲਾਜ ਕਰਵਾਉਣ ਵਿਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਮਾਨੁਸ ਟਾਪੂ ਅਤੇ ਲਾਉਰੂ ਤੋਂ ਸ਼ਰਨਾਰਥੀਆਂ ਦੇ ਟਰਾਂਸਫਰ ਨਾਲ ਨਜਿੱਠਣ ਲਈ ਹਿਰਾਸਤ ਕੇਂਦਰ ਦੁਬਾਰਾ ਖੋਲ੍ਹਣਗੇ।
ਉਨ੍ਹਾਂ ਨੇ ਕਿਹਾ,''ਅਸੀਂ ਸ਼ਰਨਾਰਥੀਆਂ ਦੇ ਆਉਣ ਦੇ ਨਾਲ-ਨਾਲ ਉਨ੍ਹਾਂ ਦੇ ਟਰਾਂਸਫਰ ਦੀ ਸੰਭਾਵਨਾ ਨਾਲ ਨਜਿੱਠਣ ਲਈ ਕ੍ਰਿਸਮਸ ਆਈਲੈਂਡ ਨੂੰ ਦੁਬਾਰਾ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ।'' ਪ੍ਰਧਾਨ ਮੰਤਰੀ ਵੱਲੋਂ ਇਹ ਐਲਾਨ ਉਦੋਂ ਕੀਤਾ ਗਿਆ ਹੈ ਜਦੋਂ ਵਿਰੋਧੀ ਲੇਬਰ ਪਾਰਟੀ ਅਤੇ ਆਜ਼ਾਦ ਉਮੀਦਵਾਰਾਂ ਨੇ ਇਕ ਸਖਤ ਸ਼ਰਨਾਰਥੀ ਕਾਨੂੰਨ ਵਿਚ ਸੋਧ ਦੇ ਪੱਖ ਵਿਚ ਮੰਗਲਵਾਰ ਨੂੰ ਵੋਟਿੰਗ ਕਰਕੇ ਡਾਕਟਰਾਂ ਨੂੰ ਕਰੀਬ 1000 ਪੁਰਸ਼ਾਂ ਅਤੇ ਔਰਤਾਂ ਨੂੰ ਇਲਾਜ ਦੀ ਲੋੜ ਪੈਣ 'ਤੇ ਦੋ ਪ੍ਰਸ਼ਾਂਤ ਹਿਰਾਸਤ ਕੇਂਦਰਾਂ ਤੋਂ ਟਰਾਂਸਫਰ ਕਰਨ ਦਾ ਅਧਿਕਾਰ ਦਿੱਤਾ ਹੈ। ਸੈਨੇਟ ਵੱਲੋਂ ਬੁੱਧਵਾਰ ਨੂੰ ਪਾਸ ਕੀਤਾ ਗਿਆ ਨਵਾਂ ਬਿੱਲ ਸੱਤਾਧਾਰੀ ਕੰਜ਼ਰਵੇਟਿਵ ਗਠਜੋੜ ਲਈ ਝਟਕਾ ਹੈ ਜੋ ਮਈ ਵਿਚ ਹੋਣ ਵਾਲੀਆਂ ਚੋਣਾਂ ਦੇ ਨਤੀਜਿਆਂ 'ਤੇ ਅਸਰ ਪਾ ਸਕਦਾ ਹੈ।
