ਆਸਟ੍ਰੇਲੀਆ ''ਚ ਸਕੂਲਾਂ ਲਈ ਨਵੇਂ ਕੋਵਿਡ-ਸੇਫ ਦਿਸ਼ਾ ਨਿਰਦੇਸ਼ ਜਾਰੀ

Monday, Jan 18, 2021 - 03:31 PM (IST)

ਆਸਟ੍ਰੇਲੀਆ ''ਚ ਸਕੂਲਾਂ ਲਈ ਨਵੇਂ ਕੋਵਿਡ-ਸੇਫ ਦਿਸ਼ਾ ਨਿਰਦੇਸ਼ ਜਾਰੀ

ਸਿਡਨੀ (ਬਿਊਰੋ): ਨਿਊ ਸਾਊਥ ਵੇਲਜ਼ ਦੇ ਸਿੱਖਿਆ ਮੰਤਰੀ ਸਾਰਾਹ ਮਿਸ਼ੈਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2021 ਵਿਚ ਜਿਹੜੇ ਵਿਦਿਆਰਥੀ ਕੋਰੋਨਾ ਤੋਂ ਬਾਅਦ ਸਕੂਲ ਆ ਰਹੇ ਹਨ, ਉਨ੍ਹਾਂ ਲਈ ਸਰਕਾਰ ਵੱਲੋਂ ਕੋਵਿਡ ਤੋਂ ਸੁਰੱਖਿਆ ਦੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਪਹਿਲੀ ਨਿਯਮਾਂਵਲੀ ਉਨ੍ਹਾਂ ਮਾਪਿਆਂ ਜਾਂ ਦੇਖਭਾਲ ਕਰਨ ਵਾਲਿਆਂ ਲਈ ਹੈ ਜਿਨ੍ਹਾਂ ਦੇ ਬੱਚੇ ਕਿੰਡਰਗਾਰਟਨ ਵਿਚ ਹਨ ਅਤੇ ਜਾਂ ਫਿਰ ਪਹਿਲੀ ਤੋਂ ਸੱਤਵੀਂ ਕਲਾਸ ਵਿਚ ਹਨ। ਉਨ੍ਹਾਂ ਲਈ ਹਦਾਇਤਾਂ ਹਨ ਕਿ ਉਹ ਸਕੂਲ ਛੱਡ ਕੇ ਜਾਣ ਸਮੇਂ ਪੂਰਨ ਤੌਰ 'ਤੇ ਕੋਵਿਡ ਦੇ ਸੁਰੱਖਿਆ ਨਿਯਮਾਂ ਨੂੰ ਅਪਣਾਉਣ ਅਤੇ ਜ਼ਰਾ ਜਿੰਨੀ ਵੀ ਅਣਗਹਿਲੀ ਨਾ ਕਰਨ। 

PunjabKesari

ਅਸਲ ਵਿਚ ਪਹਿਲਾ ਦਿਨ ਹੀ ਬੱਚਿਆਂ ਲਈ ਖਾਸ ਹੁੰਦਾ ਹੈ। ਇਸ ਲਈ ਉਨ੍ਹਾਂ ਬੱਚਿਆਂ ਲਈ ਜਿਹੜੇ ਕਿ ਕਿੰਡਰਗਾਰਟਨ ਵਿਚ ਦਾਖਲਾ ਲੈਂਦੇ ਹਨ ਅਤੇ ਪਹਿਲੇ ਹੀ ਦਿਨ ਸਕੂਲ ਵਿਚ ਆਪਣੀ ਹਾਜ਼ਰੀ ਭਰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਉਚੇਚੇ ਤੌਰ 'ਤੇ ਦਿਨ-ਰਾਤ ਸਖ਼ਤ ਮਿਹਨਤ ਕਰਕੇ, ਸਹੀ ਮਾਪਦੰਡਾਂ ਵਾਲੇ ਕਦਮ ਚੁੱਕ ਕੇ ਕੋਵਿਡ-19 ਖ਼ਿਲਾਫ਼ ਜੰਗ ਲੜੀ ਹੈ। ਸਰਕਾਰ ਦਾ ਵਾਅਦਾ ਹੈ ਕਿ ਇਹ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕਿ ਇਸ ਭਿਆਨਕ ਬਿਮਾਰੀ ਦਾ ਖਾਤਮਾ ਨਹੀਂ ਹੋ ਜਾਂਦਾ। ਬੱਚਿਆਂ ਨੂੰ ਸਕੂਲ ਅੰਦਰ ਵੀ ਸਹੀ ਤਰੀਕਿਆਂ ਨਾਲ ਕੋਵਿਡ ਸੇਫ ਨਿਯਮਾਂਵਲੀ ਤਹਿਤ ਹੀ ਰੱਖਿਆ ਜਾਵੇਗਾ ਅਤੇ ਪੂਰਨ ਤੌਰ 'ਤੇ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਪਹਿਲੇ ਦਿਨ ਤੋਂ ਹੀ ਕੀਤੀ ਜਾਵੇਗੀ।

ਪੜ੍ਹੋ ਇਹ ਅਹਿਮ ਖਬਰ- ਇੰਗਲੈਂਡ 'ਚ ਹਰ 30 ਸਕਿੰਟ ਬਾਅਦ ਹਸਪਤਾਲ 'ਚ ਦਾਖਲ ਹੋ ਰਿਹੈ ਕੋਰੋਨਾ ਦਾ ਇੱਕ ਮਰੀਜ਼ 

ਸਕੂਲ ਦੇ ਨਿਯਮਾਂ ਅਤੇ ਮਾਪਦੰਡਾਂ ਬਾਰੇ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਪਹਿਲਾਂ ਤੋਂ ਹੀ ਸੂਚਿਤ ਕੀਤਾ ਜਾਂਦਾ ਰਹੇਗਾ। ਛੋਟੇ ਬੱਚਿਆਂ, ਮਾਪਿਆਂ ਅਤੇ ਸਟਾਫ ਲਈ ਫੇਸ ਮਾਸਕ ਜ਼ਰੂਰੀ ਨਹੀਂ ਹੈ ਪਰ ਸਿਹਤ ਅਧਿਕਾਰੀਆਂ ਦੀਆਂ ਤਾਕੀਦਾਂ ਮੁਤਾਬਿਕ, 12 ਸਾਲ ਜਾਂ ਇਸ ਤੋਂ ਵੱਧ ਦੀ ਉਮਰ ਵਾਲਿਆਂ ਲਈ ਜਨਤਕ ਟ੍ਰਾਂਸਪੋਰਟਾਂ ਵਿਚ ਮਾਸਕ ਲਗਾਉਣਾ ਜ਼ਰੂਰੀ ਕੀਤਾ ਗਿਆ ਹੈ। ਉਕਤ ਬੱਚੇ ਜੇਕਰ ਕਿਸੇ ਜਨਤਕ ਥਾਵਾਂ 'ਤੇ ਵੀ ਜਾਂਦੇ ਹਨ ਤਾਂ ਮਾਸਕ ਜ਼ਰੂਰੀ ਹੈ। ਮਾਪਿਆਂ ਨੂੰ ਸਕੂਲ ਗਰਾਉਂਡ ਜਾਂ ਯੂਨੀਫਾਰਮ ਆਦਿ ਵਾਲੀਆਂ ਦੁਕਾਨਾਂ 'ਤੇ ਆਉਣ ਵੇਲੇ ਵੀ ਸਾਰੇ ਜ਼ਰੂਰੀ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੈ। ਜ਼ਿਆਦਾ ਜਾਣਕਾਰੀ ਲਈ https://education.nsw.gov.au/covid-19/advice-for-families ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News