ਆਸਟ੍ਰੇਲੀਆ ''ਚ 380 ਪਾਇਲਟ ਵ੍ਹੇਲ ਮੱਛੀਆਂ ਦੀ ਮੌਤ, ਵੱਡੀਆਂ ਮੱਛੀਆਂ ਦਾ ਪੂਰਾ ਪਰਿਵਾਰ ਖਤਮ

9/23/2020 5:19:55 PM

ਕੈਨਬਰਾ (ਬਿਊਰੋ): ਆਸਟ੍ਰੇਲੀਆ ਦੇ ਦੱਖਣੀ ਹਿੱਸੇ ਵਿਚ ਘੱਟੋ-ਘੱਟ 380 ਪਾਇਲਟ ਵ੍ਹੇਲ ਮੱਛੀਆਂ ਦੀ ਮੌਤ ਹੋ ਗਈ ਹੈ। ਇਹਨਾਂ ਵ੍ਹੇਲ ਮੱਛੀਆਂ ਨੂੰ ਬਚਾਉਣ ਵਿਚ ਲੱਗੇ ਬਚਾਅ ਕਰਮੀ ਸਿਰਫ ਕੁਝ ਹੀ ਮੱਛੀਆਂ ਨੂੰ ਬਚਾ ਸਕੇ। ਦੱਸਿਆ ਜਾ ਰਿਹਾ ਹੈ ਕਿ ਵ੍ਹੇਲ ਮੱਛੀਆਂ ਦਾ ਕਰੀਬ ਪੂਰਾ ਸਮੂਹ (ਪੌਡ) ਹੀ ਖਤਮ ਹੋ ਗਿਆ ਹੈ। ਇਹ ਮੱਛੀਆਂ ਤੈਰਦੀਆਂ ਹੋਈਆਂ ਤਸਮਾਨੀਆ ਦੇ ਤੱਟ 'ਤੇ ਕਿਨਾਰੇ 'ਤੇ ਆ ਗਈਆਂ ਸਨ ਅਤੇ ਉੱਥੇ ਡੂੰਘੇ ਪਾਣੀ ਵਿਚ ਫਸ ਗਈਆਂ। ਮੱਛੀਆਂ ਦੇ ਇੰਨੇ ਵੱਡੇ ਪੱਧਰ 'ਤੇ ਤੱਟ 'ਤੇ ਆਉਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਪਾਇਆ ਹੈ।

ਪਾਇਲਟ ਵ੍ਹੇਲਾਂ ਸਮੁੰਦਰ ਵਿਚ ਪਾਈਆਂ ਜਾਣ ਵਾਲੀਆਂ ਡਾਲਫਿਨ ਮੱਛੀਆਂ ਦੀ ਇਕ ਕਿਸਮ ਹੁੰਦੀ ਹੈ। ਇਸ ਦੇ ਮੈਂਬਰ 7 ਮੀਟਰ (23 ਫੁੱਟ) ਤੱਕ ਲੰਬੇ ਅਤੇ 3 ਟਨ ਤੱਕ ਭਾਰੀ ਹੋ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਮਾਰਕੀ ਹਾਰਬਰ ਨਾਮ ਦੇ ਇਲਾਕੇ ਵਿਚ ਕੁੱਲ 460 ਪਾਇਲਟ ਵ੍ਹੇਲ ਮੱਛੀਆਂ ਸਮੁੰਦਰ ਦੇ ਡੂੰਘੇ ਪਾਣੀ ਵਿਚ ਫੱਸ ਗਈਆਂ ਸਨ। ਬਚਾਅ ਕਰਮੀ ਇਹਨਾਂ ਵਿਚੋਂ ਕੁਝ ਦਰਜਨ ਮੱਛੀਆਂ ਨੂੰ ਹੀ ਬਚਾ ਸਕੇ। ਤਸਮਾਨੀਆ ਦੇ ਜੰਗਲੀ ਜੀਵ ਸੇਵਾ ਨਾਲ ਜੁੜੇ ਅਧਿਕਾਰੀ ਨਿਕ ਡੇਕਾ ਨੇ ਕਿਹਾ ਕਿ 380 ਵ੍ਹੇਲ ਮੱਛੀਆਂ  ਦੀ ਮੌਤ ਹੋ ਗਈ ਹੈ।

30 ਮੱਛੀਆਂ ਹਾਲੇ ਵੀ ਜ਼ਿੰਦਾ ਹਨ
ਡੇਕਾ ਨੇ ਕਿਹਾ,''ਸਮੁੰਦਰ ਵਿਚ ਹਾਲੇ 30 ਮੱਛੀਆਂ ਜ਼ਿੰਦਾ ਹਨ ਅਤੇ ਹੁਣ ਤੱਕ ਅਸੀਂ 50 ਨੂੰ ਜ਼ਿੰਦਾ ਬਚਾ ਲਿਆ ਹੈ। ਵ੍ਹੇਲ ਮੱਛੀਆਂ ਨੂੰ ਸੋਮਵਾਰ ਨੂੰ ਸਭ ਤੋਂ ਪਹਿਲਾਂ ਪਾਇਆ ਗਿਆ ਸੀ। ਕਿਉਂਕਿ ਇਹ ਇਲਾਕਾ ਡੂੰਘਾ ਹੈ ਇਸ ਲਈ ਇੱਥੇ ਸਿਰਫ ਕਿਸ਼ਤੀ ਜ਼ਰੀਏ ਹੀ ਪਹੁੰਚਿਆ ਜਾ ਸਕਦਾ ਹੈ। ਆਸਟ੍ਰੇਲੀਆ ਵਿਚ ਵ੍ਹੇਲ ਮੱਛੀਆਂ ਦੇ ਤੱਟ 'ਤੇ ਆਉਣ ਦੀ ਇਹ ਸੰਭਵ ਤੌਰ 'ਤੇ ਸਭ  ਤੋਂ ਵੱਡੀ ਘਟਨਾ ਹੈ। ਕਰੀਬ 60 ਸਿਖਲਾਈ ਪ੍ਰਾਪਤ ਬਚਾਅ ਕਰਮੀ ਇਹਨਾਂ ਮੱਛੀਆਂ ਨੂੰ ਬਚਾਉਣ ਲਈ ਕੋਸ਼ਿਸ਼ ਕਰ ਰਹੇ ਹਨ। 

ਬਚਾਅ ਕਰਮੀਆਂ ਨੇ ਦੱਸਿਆ ਕਿ ਹਾਲੇ ਵੀ 30 ਵ੍ਹੇਲ ਮੱਛੀਆਂ ਫਸੀਆਂ ਹੋਈਆਂ ਹਨ ਅਤੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਵੇਂਕਿ ਪਾਣੀ ਦੇ ਬਹੁਤ ਠੰਡਾ ਹੋਣ ਕਾਰਨ ਰਾਹਤ ਕੰਮ ਵਿਚ ਰੁਕਾਵਟ ਆ ਰਹੀ ਹੈ। ਬਚਾਅ ਕਰਮੀ ਸ਼ਿਫਟ ਵਿਚ ਕੰਮ ਕਰ ਰਹੇ ਹਨ। ਵ੍ਹੇਲ ਮੱਛੀਆਂ ਕਰੀਬ 10 ਕਿਲੋਮੀਟਰ ਦੇ ਇਲਾਕੇ ਵਿਚ ਫਸੀਆਂ ਹੋਈਆਂ ਹਨ ਅਤੇ ਬਚਾਅ ਕਰਮੀਆਂ ਨੇ ਆਪਣੀ ਮੁਹਿੰਮ ਦਾ ਦਾਇਰਾ ਵਧਾ ਦਿੱਤਾ ਹੈ। ਵ੍ਹੇਲਾਂ ਦੇ ਕੋਲ ਭਾਰੀ ਮਾਤਰਾ ਵਿਚ ਠੰਡਾ ਪਾਣੀ ਲਿਜਾ ਕੇ ਉਹਨਾਂ ਨੂੰ ਇਕ ਝੂਲੇ ਜਿਹੀ ਚੀਜ਼ 'ਤੇ ਟੰਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਤਰ੍ਹਾਂ ਉਹਨਾਂ ਨੂੰ ਹੌਲੀ-ਹੌਲੀ ਡੂੰਘੇ ਪਾਣੀ ਵੱਲ ਲਿਜਾ ਕੇ ਛੱਡ ਦਿੱਤਾ ਜਾ ਰਿਹਾ ਹੈ।


Vandana

Content Editor Vandana