ਆਸਟ੍ਰੇਲੀਆ ''ਚ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਉੱਤਰੀ ਕੋਰੀਆ ਨੇ ਵੀ ਕੀਤੀ ਨਿਖੇਧੀ
Friday, Jan 22, 2021 - 03:21 PM (IST)
ਸਿਡਨੀ (ਬਿਊਰੋ): ਉੱਤਰੀ ਕੋਰੀਆ, ਜਿਸ ਨੂੰ ਕਿ ਮਨੁੱਖੀ ਅਧਿਕਾਰਾਂ ਉਪਰ ਨਜ਼ਰਸਾਨੀ ਕਰਨ ਵਾਲੀ ਅੰਤਰ-ਰਾਸ਼ਟਰੀ ਏਜੰਸੀ ਨੇ ਹੱਦ ਤੋਂ ਜ਼ਿਆਦਾ ‘ਦਮਨਕਾਰੀ’ ਐਲਾਨਿਆ ਹੋਇਆ ਹੈ, ਨੇ ਵੀ ਆਸਟ੍ਰੇਲੀਆ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਰਿਕਾਰਡ 'ਤੇ ਸਵਾਲ ਚੁੱਕੇ ਹਨ। ਉੱਤਰੀ ਕੋਰੀਆ ਨੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਦੇਸ਼ ਵਿਚ ਚੱਲ ਰਹੀਆਂ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਬੰਦੀ ਸ਼ਰਨਾਰਥੀਆਂ ਪ੍ਰਤੀ ਠੀਕ ਰਵੱਈਆ ਅਪਣਾਇਆ ਜਾਵੇ।
ਉਕਤ ਗੱਲ ਦਾ ਪ੍ਰਗਟਾਵਾ ਉੱਤਰੀ ਕੋਰੀਆ ਦੇ ਬੁਲਾਰੇ ਕਿੰਮ ਸੌਂਗ ਨੇ ਇੱਕ ਵੀਡੀਓ ਲਿੰਕ ਰਾਹੀਂ ਜਾਰੀ ਕੀਤਾ ਅਤੇ ਯੁਨਾਈਟੇਡ ਨੇਸ਼ਨਜ਼ ਦੇ ਮਨੁੱਖੀ ਅਧਿਕਾਰਾਂ ਦੇ ਇੱਕ ਰਿਵਿਊ ਦੌਰਾਨ ਪੇਸ਼ ਕੀਤਾ। ਉੱਤਰੀ ਕੋਰੀਆ ਦੇ ਬੁਲਾਰੇ ਵੱਲੋਂ ਤਿੰਨ ਸੁਝਾਅ ਵੀ ਦਿੱਤੇ ਗਏ, ਜਿਹਨਾਂ ਵਿਚ ਕਿਹਾ ਗਿਆ ਕਿ ਆਸਟ੍ਰੇਲੀਆ ਨੂੰ ਜਾਤ-ਪਾਤ, ਊਚ-ਨੀਚ ਅਤੇ ਜ਼ੈਨੋਫੋਬੀਆ ਵਰਗੀਆਂ ਨੀਤੀਆਂ ਨੂੰ ਛੱਡ ਦੇਣਾ ਚਾਹੀਦਾ ਹੈ ਅਤੇ ਦੇਸ਼ ਵਿਚ ਸਭਿਆਚਾਰਕ ਅਤੇ ਧਾਰਮਿਕ ਪਿਛੋਕੜ ਆਦਿ ਕਾਰਨ ਪੈਦਾ ਹੋਈਆਂ ਗਲਤ ਨੀਤੀਆਂ ਨੂੰ ਬਦਲ ਦੇਣਾ ਚਾਹੀਦਾ ਹੈ। ਦੂਸਰੇ, ਜਨਤਕ ਥਾਵਾਂ ਜਾਂ ਬੰਦੀਗ੍ਰਹਾਂ ਅੰਦਰ ਜ਼ਾਲਮਾਨਾ ਅਤੇ ਅਣਮਨੁੱਖੀ ਤਸ਼ੱਦਦਾਂ ਨੂੰ ਖ਼ਤਮ ਕਰਨਾ ਚਾਹੀਦਾ ਹੈ। ਤੀਸਰੇ, ਅਪੰਗਤਾ ਝੱਲ ਰਹੇ ਨਾਗਰਿਕਾਂ ਦੇ ਹੱਕਾਂ ਪ੍ਰਤੀ ਜਾਗਰੂਕਤਾ ਦਿਖਾਉਣੀ ਚਾਹੀਦੀ ਹੈ ਅਤੇ ਚੋਣਾਂ ਜਾਂ ਨੀਤੀਆਂ ਬਣਾਉਣ ਸਮੇਂ ਹਰ ਇੱਕ ਦੀ ਬਰਾਬਰਤਾ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ।
ਪੜ੍ਹੋ ਇਹ ਅਹਿਮ ਖਬਰ- ਸਕਾਟਲੈਂਡ ਦੇ ਕਾਰੋਬਾਰੀ ਮਾਲਕ ਕਰ ਰਹੇ ਹਨ ਮਾਨਸਿਕ ਸਿਹਤ ਸਮੱਸਿਆਵਾਂ ਦਾ ਸਾਹਮਣਾ
ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਵਿਚ ਉੱਤਰੀ ਕੋਰੀਆ ਸਮੇਤ ਕਈ ਹੋਰ ਦੇਸ਼ ਜਿਵੇਂ ਕਿ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਪੋਲੈਂਡ ਅਤੇ ਮੈਕਸੀਕੋ ਆਦਿ ਘੱਟੋ ਘੱਟ 30 ਅਜਿਹੇ ਦੇਸ਼ ਹਨ ਜੋ ਕਿ ਆਸਟ੍ਰੇਲੀਆ ਦੀਆਂ ਨੀਤੀਆਂ ਖ਼ਿਲਾਫ਼ ਯੁਨਾਈਟੇਡ ਨੇਸ਼ਨਜ਼ ਵਿਚ ਲਗਾਤਾਰ ਬੋਲ ਰਹੇ ਹਨ।ਆਸਟ੍ਰੇਲੀਆ ਨੂੰ ਸਵਦੇਸ਼ੀ ਆਸਟ੍ਰੇਲੀਆਈ ਲੋਕਾਂ ਅਤੇ ਰਫਿਊਜੀਆਂ ਨਾਲ ਪੇਸ਼ ਆਉਣ ਦੇ ਵਤੀਰ 'ਤੇ ਵੀ ਸੰਯੁਕਤ ਰਾਸ਼ਟਰ ਦੀ ਅਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।