ਆਸਟ੍ਰੇਲੀਆ ਦਾ ਹੋਟਲ ਬਣਿਆ ਜੇਲ, ਸ਼ਰਨਾਰਥੀਆਂ ਨੇ ਕੀਤੀ ਨਿਆਂ ਦੀ ਮੰਗ

06/21/2020 5:58:05 PM

ਬ੍ਰਿਸਬੇਨ (ਬਿਊਰੋ): ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਦੇ ਕੰਗਾਰੂ ਪੁਆਇੰਟ ਸੈਂਟਰਲ ਹੋਟਲ ਵਿਚ ਸਾਲ ਭਰ ਤੋਂ ਕਰੀਬ 120 ਸ਼ਰਨਾਰਥੀਆਂ ਨੂੰ ਨਜ਼ਰਬੰਦ ਰੱਖਿਆ ਗਿਆ ਹੈ। ਇਹਨਾਂ ਨੂੰ ਕਿਸੇ ਨਾਲ ਮਿਲਣ ਜਾਂ ਕਿਤੇ ਆਉਣ-ਜਾਣ ਦੀ ਇਜਾਜ਼ਤ ਨਹੀਂ ਹੈ। ਕੁਝ ਸਮਾਂ ਪਹਿਲਾਂ ਤੱਕ ਹੋਟਲ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਵੀ ਇਹ ਜਾਣਕਾਰੀ ਨਹੀਂ ਸੀ ਕਿ ਇੱਥੇ ਸ਼ਰਨਾਰਥੀ ਨਜ਼ਰਬੰਦ ਹਨ। ਜਦੋਂ ਲੋਕਾਂ ਨੂੰ ਇੱਥੋਂ ਦੀਆਂ ਗਤੀਵਿਧੀਆਂ 'ਤੇ ਸ਼ੱਕ ਹੋਇਆ ਤਾਂ ਪੂਰਾ ਮਾਮਲਾ ਸਾਹਮਣੇ ਆਇਆ। ਹੁਣ ਇਹਨਾਂ ਸ਼ਰਨਾਰਥੀਆਂ ਨੂੰ ਰਿਹਾਅ ਕਰਨ ਦੀ ਮੰਗ ਉੱਠਣ ਲੱਗੀ ਹੈ। 

PunjabKesari
ਹੋਟਲ ਦੇ ਨੇੜੇ ਰਹਿਣ ਵਾਲੇ ਲੋਕ ਵੀ ਇਸ ਗੱਲ ਤੋਂ ਨਾਰਾਜ਼ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਲੋਕਾਂ ਤੋਂ ਬਿਨਾਂ ਪੁੱਛੇ ਰਿਹਾਇਸ਼ੀ ਇਲਾਕੇ ਵਿਚ ਜੇਲ ਕਿਵੇਂ ਬਣਾ ਸਕਦੀ ਹੈ। ਉੱਥੇ 2018 ਤੋਂ ਹੋਟਲ ਦੀ ਦੇਖਭਾਲ ਕਰ ਰਹੇ ਸੈਂਟਰਲ ਅਪਾਰਟਮੈਂਟ ਗਰੁੱਪ ਦੀ ਵੈਬਸਾਈਟ 'ਤੇ ਇਸ ਨੂੰ ਪਰਿਵਾਰ ਦੇ ਨਾਲ ਰਹਿਣ ਲਈ ਚੰਗੀ ਜਗ੍ਹਾ ਦੱਸਿਆ ਗਿਆ ਹੈ।

PunjabKesari

ਸ਼ਰਨਾਰਥੀਆਂ ਨੇ ਲਗਾਏ ਬੈਨਰ
ਹੋਟਲ ਵਿਚ ਕੈਦ ਰੱਖੇ ਗਏ ਸ਼ਰਨਾਰਥੀਆਂ ਨੇ ਵੀ ਹੁਣ ਆਪਣੇ ਲਈ ਨਿਆਂ ਦੀ ਮੰਗ ਲਈ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਹੈ। ਕਈ ਸ਼ਰਨਾਰਥੀਆਂ ਨੇ ਬੈਨਰ ਲਗਾਏ ਹਨ। ਇਹਨਾਂ ਵਿਚ ਕਿਹਾ ਗਿਆ ਹੈ ਕਿ ਉਹ ਬਿਨਾਂ ਕਿਸੇ ਅਪਰਾਧ ਦੇ 7 ਸਾਲ ਤੋਂ ਹਿਰਾਸਤ ਵਿਚ ਹਨ। ਇਕ ਦੂਜੇ ਬੈਨਰ ਵਿਚ ਇਨਸਾਫ ਕਰਨ ਦੀ ਮੰਗ ਕੀਤੀ ਗਈ ਹੈ। ਇਹ ਲੋਕ ਬੀਨ ਬੈਗ ਦੇ ਪੁਰਾਣੇ ਕਵਰ ਜਾਂ ਆਪਣੀਆਂ ਪੁਰਾਣੀਆਂ ਟੀ-ਸ਼ਰਟਾਂ 'ਤੇ ਸੰਦੇਸ਼ ਲਿਖ ਕੇ ਹੋਟਲ ਦੀ ਬਾਲਕੋਨੀ ਤੋਂ ਲਟਕਾ ਰਹੇ ਹਨ। ਕੁਝ ਲੋਕ ਰੋਜ਼ਾਨਾ ਆਪਣੇ ਕਮਰੇ ਦੀ ਬਾਲਕੋਨੀ ਵਿਚ ਸ਼ਾਂਤੀ ਨਾਲ ਖੜ੍ਹੇ ਹੋ ਕੇ ਨਜ਼ਰਬੰਦੀ ਦੇ ਵਿਰੁੱਧ ਵਿਰੋਧ ਜ਼ਾਹਰ ਕਰ ਰਹੇ ਹਨ। ਭਾਵੇਂਕਿ ਕੁਝ ਅਜਿਹੇ ਸ਼ਰਨਾਰਥੀ ਵੀ ਹਨ ਜੋ ਚੁੱਪ ਹਨ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਆਵਾਜ਼ ਉਠਾਉਣ 'ਤੇ ਉਹਨਾਂ ਦੀ ਰਿਹਾਈ ਮੁਸ਼ਕਲ ਹੋ ਜਾਵੇਗੀ।

PunjabKesari

ਪੜ੍ਹੋ ਇਹ ਅਹਿਮ ਖਬਰ- 4 ਮਈ ਤੋਂ 7 ਜੂਨ 2020 ਤੱਕ ਟਰੰਪ ਨੇ ਕੀਤੇ 192 ਝੂਠੇ ਦਾਅਵੇ : ਰਿਪੋਰਟ 

2013 'ਚ ਸਮੁੰਦਰ ਦੇ ਰਸਤੇ ਪਹੁੰਚੇ ਸਨ ਸ਼ਰਨਾਰਥੀ
ਇਹਨਾਂ ਵਿਚੋਂ ਜ਼ਿਆਦਾਤਰ ਸ਼ਰਨਾਰਥੀ 2013 ਵਿਚ ਸਮੁੰਦਰ ਦੇ ਰਸਤੇ ਆਸਟ੍ਰੇਲੀਆ ਪਹੁੰਚੇ ਸਨ। ਭਾਵੇਂਕਿ ਇੱਥੇ ਆਉਂਦੇ ਹੀ ਉਹਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਲੰਬੇ ਸਮੇਂ ਤੱਕ ਪਾਪੂਆ ਨਿਊ ਗਿਨੀ ਅਤੇ ਨਾਉਰੂ ਟਾਪੂ 'ਤੇ ਰੱਖਿਆ ਗਿਆ। ਇਹਨਾਂ ਦੋਹਾਂ ਟਾਪੂਆਂ 'ਤੇ ਸ਼ਰਨਾਰਥੀਆਂ ਨੂੰ ਰੱਖੇ ਜਾਣ 'ਤੇ ਵਿਵਾਦ ਰਿਹਾ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਸੀ ਕਿ ਇੱਥੋਂ ਦੀਆਂ ਸਹੂਲਤਾਂ ਠੀਕ ਨਹੀਂ ਹਨ ਅਤੇ ਸ਼ਰਨਾਰਥੀਆਂ ਨੂੰ ਮੁਸ਼ਕਲ ਸਥਿਤੀ ਵਿਚ ਰੱਖਿਆ ਜਾਂਦਾ ਹੈ। ਮਨੁੱਖੀ ਅਧਿਕਾਰ ਸੰਗਠਨ ਐਮਨੈਸਟੀ ਇੰਟਰਨੈਸ਼ਨਲ ਨੇ ਤਾਂ ਇਹਨਾਂ ਟਾਪੂਆਂ ਨੂੰ 'ਓਪਨ ਜੇਲ' ਕਰਾਰ ਦਿੱਤਾ ਸੀ। ਪਿਛਲੇ ਸਾਲ ਦੋਹਾਂ ਟਾਪੂਆਂ ਤੋਂ ਕੁਝ ਗੰਭੀਰ ਰੂਪ ਨਾਲ ਬੀਮਾਰ ਲੋਕਾਂ ਨੂੰ ਬ੍ਰਿਸਬੇਨ ਦੇ ਇਸ ਹੋਟਲ ਵਿਚ ਲਿਆਂਦਾ ਗਿਆ। ਉਦੋਂ ਤੋਂ ਇਹਨਾਂ ਦੀ ਜ਼ਿੰਦਗੀ ਇਸ ਹੋਟਲ ਦੇ ਕਮਰੇ ਤੱਕ ਸਿਮਟ ਕੇ ਰਹਿ ਗਈ ਹੈ।


Vandana

Content Editor

Related News