ਆਸਟ੍ਰੇਲੀਆ ''ਚ ਅਗਲੇ ਸਾਲ ਮਾਰਚ ਮਹੀਨੇ ਮਿਲੇਗੀ ਕੋਰੋਨਾ ਵੈਕਸੀਨ : ਗ੍ਰੇਗ ਹੰਟ
Thursday, Dec 03, 2020 - 06:00 PM (IST)
ਕੈਨਬਰਾ (ਭਾਸ਼ਾ): ਬੀਤੇ ਦਿਨ ਯੂਨਾਈਟਿਡ ਕਿੰਗਡਮ ਦੇ ਕੋਰੋਨਾ ਦੀ ਵੈਕਸੀਨ ਨੂੰ ਮਾਨਤਾ ਦੇਣ ਨਾਲ, ਬ੍ਰਿਟੇਨ ਹੁਣ ਪਹਿਲਾ ਦੇਸ਼ ਬਣ ਗਿਆ ਹੈ ਜਿਸ ਨੇ ਕਿ ਪਹਿਲੀ ਉਕਤ ਵੈਕਸੀਨ ਤਿਆਰ ਕਰਕੇ, ਉਸ ਦੀ ਸਹੀ ਤੌਰ ਤੇ ਪ੍ਰਮਾਣਿਕਤਾ ਨੂੰ ਸਿੱਧ ਕਰ ਕੇ ਜਨਤਕ ਸੇਵਾ ਲਈ ਆਮ ਲੋਕਾਂ ਨੂੰ ਮੁਹੱਈਆ ਕਰਵਾਉਣ ਲਈ ਰਾਹ ਖੋਲ੍ਹ ਦਿੱਤੇ ਹਨ। ਜ਼ਿਕਰਯੋਗ ਹੈ ਕਿ ਕੋਵਿਡ-19 ਤੋਂ ਬਚਾਉ ਲਈ ਇਹ ਵੈਕਸੀਨ ਫਾਈਜ਼ਰ ਬਾਇਓਟੈਕ ਕੰਪਨੀ ਨੇ ਬਣਾਈ ਹੈ ਅਤੇ ਇਸ ਦਾ ਟੈਸਟ ਦੁਨੀਆ ਦੇ 6 ਦੇਸ਼ਾਂ ਅੰਦਰ ਘੱਟੋ ਘੱਟ 43,500 ਲੋਕਾਂ ਉਪਰ ਕੀਤਾ ਗਿਆ ਹੈ ਅਤੇ ਇਸ ਦੇ ਟੈਸਟਾਂ ਦੌਰਾਨ, ਕੋਈ ਵੀ ਮਾੜਾ ਜਾਂ ਅਣ-ਚਾਹਿਆ ਅਸਰ ਦੇਖਣ ਨੂੰ ਨਹੀਂ ਮਿਲਿਆ।
ਇਸ ਦੇ ਨਾਲ ਹੀ ਆਸਟ੍ਰੇਲੀਆਈ ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਆਸਟ੍ਰੇਲੀਆ ਨੂੰ ਉਕਤ ਵੈਕਸੀਨ ਦੀ ਪਹਿਲੀ ਖੇਪ ਜਲਦੀ ਹੀ ਮਿਲ ਜਾਵੇਗੀ ਅਤੇ ਮਾਰਚ 2021 ਤੋਂ ਇਹ ਆਸਟ੍ਰੇਲੀਆਈ ਲੋਕਾਂ ਲਈ ਉਪਲਬਧ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਯੂ.ਕੇ. ਦੀ ਸਰਕਾਰ ਦਾ ਇਹ ਕਦਮ ਇਤਿਹਾਸਕ ਬਣ ਗਿਆ ਹੈ ਅਤੇ ਹੁਣ ਕੁਝ ਰਸਮੀ ਕਿਰਿਆਵਾਂ ਤੋਂ ਬਾਅਦ ਉਹ ਇਸ ਵੈਕਸੀਨ ਨੂੰ ਵੰਡਣਾ ਸ਼ੁਰੂ ਕਰਨਗੇ। ਆਉਣ ਵਾਲੇ ਜਨਵਰੀ ਮਹੀਨੇ ਦੇ ਅਖੀਰੀ ਦਿਨਾਂ ਤੱਕ ਇਸ ਦੀ ਪਹਿਲੀ ਖੇਪ ਆਸਟ੍ਰੇਲੀਆ ਪੁੱਜਣ ਦੀ ਉਮੀਦ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਪਹਿਲੇ ਦੌਰ ਵਿੱਚ ਉਕਤ ਵੈਕਸੀਨ ਦੇਸ਼ ਵਿਚ ਵੱਖਰੇ-ਵੱਖਰੇ ਖੇਤਰਾਂ ਦੇ ਸਿਹਤ ਅਧਿਕਾਰੀਆਂ ਅਤੇ ਬਜ਼ੁਰਗਾਂ ਨੂੰ ਦਿੱਤੀ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ- ਕਿਸਾਨਾਂ ਦੇ ਹੱਕ 'ਚ ਧਰਨਾ ਬ੍ਰਿਸਬੇਨ ਵਿਖੇ 5 ਦਸੰਬਰ ਨੂੰ
ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਇਹ ਟੀਕਾ ਸਬੰਧਤ ਸਰਕਾਰੀ ਸੰਸਥਾਵਾਂ ਦੁਆਰਾ ਪਾਸ ਕੀਤੇ ਜਾਣ ਤੋਂ ਬਾਅਦ ਹੀ ਵੰਡਿਆ ਜਾਵੇਗਾ। ਮੌਰੀਸਨ ਮੁਤਾਬਕ,"ਸਾਡੀ ਪਹਿਲੀ ਤਰਜੀਹ ਇਹ ਹੈ ਕਿ ਇਹ ਸੁਰੱਖਿਅਤ ਹੋਵੇ।" ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ 11 ਮਾਰਚ ਨੂੰ ਕੋਵਿਡ-19 ਨੂੰ ਮਹਾਮਾਰੀ ਐਲਾਨ ਕਰ ਦਿੱਤਾ ਸੀ। ਜੌਨਸ ਹੌਪਕਿਨਜ਼ ਯੂਨੀਵਰਸਿਟੀ (JHU)ਦੇ ਮੁਤਾਬਕ, ਹੁਣ ਤੱਕ, ਦੁਨੀਆ ਭਰ ਵਿਚ 64.5 ਮਿਲੀਅਨ ਤੋਂ ਵੱਧ ਲੋਕ ਕੋਰੋਨਾਵਾਇਰਸ ਨਾਲ ਸੰਕ੍ਰਮਿਤ ਹੋਏ ਹਨ। ਜੇ.ਐਚ.ਯੂ. ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿਚ ਹੁਣ ਤੱਕ ਲਗਭਗ 28,000 ਕੋਰੋਨਾਵਾਇਰਸ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 900 ਤੋਂ ਵੱਧ ਮੌਤਾਂ ਹੋਈਆਂ।
ਨੋਟ- ਆਸਟ੍ਰੇਲੀਆ ਵਿਚ ਅਗਲੇ ਸਾਲ ਲੋਕਾਂ ਨੂੰ ਕੋਰੋਨਾ ਵੈਕਸੀਨ ਮਿਲਣ ਸਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।