ਆਸਟ੍ਰੇਲੀਆ : ਕੋਰੋਨਾ ਮਹਾਮਾਰੀ ਕਾਰਨ 2500 ਕਰਮਚਾਰੀ ਆਰਜ਼ੀ ਤੌਰ ''ਤੇ ਕੰਮ ਤੋਂ ਹੋਣਗੇ ਵਾਂਝੇ
Tuesday, Aug 03, 2021 - 11:36 AM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ): ਕੋਰੋਨਾ ਮਹਾਮਾਰੀ ਦੇ ਚਲਦਿਆਂ ਆਸਟ੍ਰੇਲੀਆਈ ਏਅਰਲਾਈਨ ਕੁਆਂਟਸ ਅਤੇ ਜੈੱਟਸਟਾਰ ਦੇ ਤਕਰੀਬਨ 2500 ਕਰਮਚਾਰੀਆਂ ਨੂੰ ਦੋ ਮਹੀਨੇ ਲਈ ਕੰਮ ਤੋਂ ਵਾਂਝੇ ਰਹਿਣਾ ਪਵੇਗਾ।ਨਿਊ ਸਾਊਥ ਵੇਲਜ਼ ਵਿਚ ਚੱਲ ਰਹੇ ਕੋਰੋਨਾ ਸੰਕਟ ਕਰਕੇ ਇਸ ਸੂਬੇ ਨਾਲ ਸਬੰਧਤ ਘਰੇਲੂ ਪਾਇਲਟ, ਹਵਾਈ ਜਹਾਜ਼ ਅਮਲਾ ਅਤੇ ਏਅਰਪੋਰਟ ਕਰਮਚਾਰੀ ਇਸ ਨਵੇਂ ਫ਼ੈਸਲੇ ਕਾਰਨ ਪ੍ਰਭਾਵਿਤ ਹੋਣਗੇ। ਕੋਰੋਨਾ ਕਰਕੇ ਸਿਡਨੀ ਦੇ ਬਾਰਡਰ ਅਗਲੇ ਦੋ ਮਹੀਨੇ ਤੱਕ ਬੰਦ ਰਹਿਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ।
ਪੜ੍ਹੋ ਇਹ ਅਹਿਮ ਖਬਰ- UAE ਨੇ 3-17 ਉਮਰ ਵਰਗ ਦੇ ਬੱਚਿਆਂ ਲਈ 'ਟੀਕਾਕਰਨ' ਦੀ ਕੀਤੀ ਸ਼ੁਰੂਆਤ
ਕੰਪਨੀ ਅਧਿਕਾਰੀਆਂ ਮੁਤਾਬਿਕ ਸਬੰਧਤ ਕਰਮਚਾਰੀ ਆਪਣੀ ਨੌਕਰੀ ਨਹੀਂ ਗਵਾਉਣਗੇ ਅਤੇ ਉਨ੍ਹਾਂ ਨੂੰ ਦੋ ਹਫ਼ਤੇ ਦੇ ਅਗਾਊਂ ਨੋਟਿਸ ਦੇ ਨਾਲ ਮੱਧ ਅਗਸਤ ਤਕ ਤਨਖਾਹ ਵੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਤਾਲਾਬੰਦੀ ਕਾਰਨ ਪ੍ਰਭਾਵਿਤ ਹੋਈ ਹਵਾਈ ਸੇਵਾ ਕਰਕੇ ਇਹ ਫ਼ੈਸਲਾ ਲੈਣਾ ਪੈ ਰਿਹਾ ਹੈ ਪਰ ਜਦੋਂ ਵੀ ਸਰਹੱਦਾਂ ਖੁੱਲ੍ਹਣਗੀਆਂ, ਹਵਾਈ ਸਫ਼ਰ ਕਰਨਾ ਲੋਕਾਂ ਦੀ ਮੁੱਖ ਤਰਜੀਹ ਹੋਵੇਗਾ ਤੇ ਅਸੀਂ ਉਦੋਂ ਹੀ ਆਪਣੇ ਕਰਮਚਾਰੀਆਂ ਨੂੰ ਵਾਪਸ ਬੁਲਾ ਲਵਾਂਗੇ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿੱਚ ਬੀਤੇ ਸਮੇਂ ਅਤੇ ਮੌਜੂਦਾ ਹਾਲਾਤ ਵਿਚ ਚੱਲ ਰਹੀ ਤਾਲਾਬੰਦੀ ਕਾਰਨ ਹਵਾਈ ਕੰਪਨੀਆਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ।