ਧਰਤੀ ਦੀ ਜੈਵ ਵਿਭਿੰਨਤਾ ਬਚਾਉਣ ਲਈ 64 ਦੇਸ਼ਾਂ ਨੇ ਕੀਤਾ ਇਕਰਾਰ, ਆਸਟ੍ਰੇਲੀਆ ਹਾਲੇ ਵੀ ਤਿਆਰ ਨਹੀਂ

09/29/2020 6:35:30 PM

ਸਿਡਨੀ (ਬਿਊਰੋ): ਆਸਟ੍ਰੇਲੀਆ ਨੇ ਇੱਕ ਨਵੇਂ ਗਲੋਬਲ ਵਾਅਦੇ 'ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਯੂ.ਐਨ.ਓ. ਵੱਲੋਂ ਪ੍ਰਸਤਾਵਿਤ ਕੀਤੀ ਗਈ ਨੀਤੀ, ਜਿਸ ਰਾਹੀਂ ਧਰਤੀ ਦੀ ਜੈਵ ਵਿਭਿੰਨਤਾ ਨੂੰ ਬਚਾਉਣਾ ਅਤੇ ਲੀਹੋਂ ਉਤਰੀ ਗੱਡੀ ਨੂੰ ਮੁੜ ਲੀਹਾਂ 'ਤੇ ਲਿਆਉਣ ਦੇ ਉਪਰਾਲੇ ਕਰਨੇ ਆਦਿ ਸ਼ਾਮਿਲ ਹਨ, ਨੂੰ ਸੰਸਾਰ ਦੇ 64 ਦੇਸ਼ਾਂ ਦੇ ਨੁਮਾਇੰਦਿਆਂ ਨੇ ਪ੍ਰਮਾਣਿਕ ਕਰ ਦਿੱਤਾ ਹੈ। ਪਰ ਆਸਟ੍ਰੇਲੀਆ, ਚੀਨ, ਅਮਰੀਕਾ ਅਤੇ ਕੁਝ ਹੋਰ ਦੇਸ਼ ਹਾਲੇ ਵੀ ਇਸ ਵਿਚ ਸ਼ਮੂਲੀਅਤ ਕਰਨ ਤੋਂ ਇਨਕਾਰ ਕਰ ਰਹੇ ਹਨ। 

ਯੂ.ਐਨ.ਓ. ਵੱਲੋਂ ਪ੍ਰਸਤਾਵਿਤ ਗਤੀਵਿਧੀਆਂ ਅੰਦਰ ਦੂਸ਼ਿਤ ਹਵਾ ਨੂੰ ਸ਼ੁੱਧ ਕਰਨਾ, ਸਮੁੰਦਰ ਵਿਚ ਸੁੱਟੇ ਜਾ ਰਹੇ ਪਲਾਸਟਿਕ ਦੀ ਰੋਕਥਾਮ ਅਤੇ ਹੋਰ ਵੀ ਕਈ ਤਰ੍ਹਾਂ ਦੇ ਬਚਾਉ ਪੱਖਾਂ ਨੂੰ ਹੁੰਗਾਰਾ ਦਿੱਤਾ ਗਿਆ ਹੈ। ਆਸਟ੍ਰੇਲੀਆ, ਚੀਨ ਅਤੇ ਅਮਰੀਕਾ ਤੋਂ ਇਲਾਵਾ ਰੂਸ, ਇੰਡੋਨੇਸ਼ੀਆ, ਬ੍ਰਾਜ਼ੀਲ ਅਤੇ ਭਾਰਤ ਵੀ ਉਨ੍ਹਾਂ ਦੀ ਸੂਚੀ ਵਿਚ ਸ਼ਾਮਿਲ ਹਨ ਜਿਹੜੇ ਕਿ ਯੂ.ਐਨ.ਓ. ਦੇ ਇਸ ਪ੍ਰਸਤਾਵ ਨੂੰ ਹਾਲ ਦੀ ਘੜੀ ਸਵੀਕਾਰ ਨਹੀਂ ਕਰ ਰਹੇ ਹਨ। ਇਸ ਦੇ ਉਲਟ, ਜਰਮਨੀ, ਫਰਾਂਸ, ਬ੍ਰਿਟੇਨ ਅਤੇ ਮੈਕਸੀਕੋ ਵਰਗੇ ਦੇਸ਼ਾਂ ਨੇ ਯੂ.ਐਨ.ਓ. ਦੇ ਪ੍ਰਸਤਾਵ ਨੂੰ ਸਵੀਕਾਰ ਕੀਤਾ ਹੈ ਅਤੇ ਚੀਨ ਦੇ ਕਨਮਿੰਗ ਵਿਚ ਹੋਣ ਵਾਲੀ ਯੂ.ਐਨ.ਓ. ਕੋਪ 15 ਸਮਿਟ (ਬਾਇਓਡਾਇਵਰਸਿਟੀ ਕਾਨਫਰੰਸ) ਅੰਦਰ ਇਸ ਨੂੰ ਇੱਕ ਅਹਿਮ ਮੁੱਦਾ ਬਣਾਉਣ ਬਾਰੇ ਇੱਛਾ ਜ਼ਾਹਰ ਕੀਤੀ ਹੈ। 

ਪੜ੍ਹੋ ਇਹ ਅਹਿਮ ਖਬਰ- ਬਗਦਾਦ ਹਵਾਈ ਅੱਡੇ 'ਤੇ ਰਾਕਟ ਹਮਲਾ, 3 ਬੱਚਿਆਂ ਸਮੇਤ 2 ਬੀਬੀਆਂ ਦੀ ਮੌਤ

ਪਥਰਾਟਾਂ ਦੁਆਰਾ ਪੈਦਾ ਹੋਈ ਊਰਜਾ ਦੀ ਬਰਬਾਦੀ ਦੀ ਰੋਕਥਾਮ, ਜੰਗਲਾਂ ਦੀ ਦੇਖਭਾਲ ਅਤੇ ਬਚਾਉ, ਗਲੋਬਲ ਫਾਰਮਿੰਗ ਸਿਸਟਮ ਦਾ ਨਵੀਨੀਕਰਨ ਅਤੇ ਇਸ ਦੇ ਨਾਲ-ਨਾਲ ਹਰ ਸਾਲ ਵੇਸਟ ਹੋ ਰਹੇ ਭੋਜਨ ਪਦਾਰਥਾਂ ਦਾ ਵੀ ਮੁੱਦਾ ਉਠਾਇਆ ਗਿਆ ਹੈ। ਇਸ ਵੇਲੇ ਹਰ ਸਾਲ, ਸਾਡੀ ਧਰਤੀ 'ਤੇ ਹੋਣ ਵਾਲੀ ਉਪਜ (ਖਾਣ ਵਾਲੇ ਪਦਾਰਥ) ਦਾ ਤੀਸਰਾ ਹਿੱਸਾ (1.3 ਬਿਲੀਅਨ ਟਨ) ਬਿਨਾਂ ਕਿਸੇ ਵਰਤੋਂ ਦੇ ਖਰਾਬ ਹੋ ਜਾਂਦਾ ਹੈ ਅਤੇ ਉਸ ਨੂੰ ਵੇਸਟ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਇਹ ਗੱਲ ਵੀ ਸਾਹਮਣੇ ਰੱਖੀ ਗਈ ਹੈ ਕਿ ਸੰਸਾਰ ਅੰਦਰ ਜਿੱਥੇ ਲੋਕਾਂ ਦੀ ਸਿਹਤ ਵਿਚ ਗਿਰਾਵਟ ਆ ਰਹੀ ਹੈ ਉੱਥੇ ਪਸ਼ੂ, ਪੰਛੀ, ਮੱਛੀਆਂ ਅਤੇ ਪੌਦਿਆਂ ਆਦਿ ਦੇ ਜਗਤ ਅੰਦਰ ਵੀ 1970 ਤੋਂ ਹੁਣ ਤੱਕ 70 ਫੀਸਦੀ ਤੱਕ ਦੀ ਗਿਰਾਵਟ ਆਈ ਹੈ।


Vandana

Content Editor

Related News