ਜਲਵਾਯੂ ਤਬਦੀਲੀ ਕਾਰਨ ਖਤਮ ਹੋ ਸਕਦੈ ਬੰਗਾਲ ਟਾਈਗਰ : ਅਧਿਐਨ

Wednesday, Feb 13, 2019 - 03:54 PM (IST)

ਜਲਵਾਯੂ ਤਬਦੀਲੀ ਕਾਰਨ ਖਤਮ ਹੋ ਸਕਦੈ ਬੰਗਾਲ ਟਾਈਗਰ : ਅਧਿਐਨ

ਮੈਲਬੌਰਨ (ਭਾਸ਼ਾ)— ਵਿਗਿਆਨੀਆਂ ਦਾ ਮੰਨਣਾ ਹੈ ਕਿ ਜਲਵਾਯੂ ਤਬਦੀਲੀ ਅਤੇ ਸਮੁੰਦਰ ਦੇ ਵੱਧਦੇ ਜਲ ਪੱਧਰ ਕਾਰਨ ਬਨਸਪਤੀ ਦੇ ਨਾਲ-ਨਾਲ ਜੀਵਾਂ ਦੀ ਹੋਂਦ ਵੀ ਖਤਰੇ ਵਿਚ ਹੈ। ਵਿਗਿਆਨੀਆਂ ਮੁਤਾਬਕ ਹੁਣ ਮਸ਼ਹੂਰ ਬੰਗਾਲ ਟਾਈਗਰ ਦਾ ਆਖਰੀ ਤੱਟੀ ਗੜ੍ਹ ਅਤੇ ਦੁਨੀਆ ਦਾ ਸਭ ਤੋਂ ਵੱਡਾ ਮੇਂਗ੍ਰੋਵ ਜੰਗਲ ਮੰਨਿਆ ਜਾਣ ਵਾਲਾ ਸੁੰਦਰਵਨ ਅਗਲੇ 50 ਸਾਲਾਂ ਵਿਚ ਨਸ਼ਟ ਹੋ ਸਕਦਾ ਹੈ। ਸ਼ੋਧ ਕਰਤਾਵਾਂ ਨੇ ਕਿਹਾ ਕਿ 10,000 ਵਰਗ ਕਿਲੋਮੀਟਰ ਤੋਂ ਵੀ ਵੱਧ ਖੇਤਰ ਵਿਚ ਫੈਲੇ ਬੰਗਲਾਦੇਸ਼ ਅਤੇ ਭਾਰਤ ਦਾ ਸੁੰਦਰਵਨ ਧਰਤੀ 'ਤੇ ਸਭ ਤੋਂ ਵੱਡਾ ਮੈਂਗ੍ਰੋਵ ਜੰਗਲ ਹੈ ਅਤੇ ਲੁਪਤ ਹੋ ਰਹੇ ਬੰਗਾਲ ਟਾਈਗਰਾਂ ਲਈ ਸਭ ਤੋਂ ਮਹੱਤਵਪੂਰਣ ਖੇਤਰ ਵੀ ਹੈ।

ਆਸਟ੍ਰੇਲੀਆ ਦੀ ਜੇਮਜ਼ ਕੁਕ ਯੂਨੀਵਰਸਿਟੀ ਦੇ ਇਕ ਪ੍ਰੋਫੈਸਰ ਲੌਰੇਂਸ ਨੇ ਕਿਹਾ,''ਅੱਜ ਦੇ ਸਮੇਂ ਵਿਚ ਬੰਗਾਲ ਟਾਈਗਰ ਗਿਣਤੀ ਵਿਚ 4,000 ਤੋਂ ਵੀ ਘੱਟ ਰਹਿ ਗਏ ਹਨ। ਟਾਈਗਰਾਂ ਲਈ ਅਸਲ ਵਿਚ ਇਹ ਬਹੁਤ ਹੀ ਘੱਟ ਗਿਣਤੀ ਹੈ। ਕਦੇ ਉਹ ਬਹੁਤ ਵੱਡੀ ਗਿਣਤੀ ਵਿਚ ਹੋਇਆ ਕਰਦੇ ਸਨ ਪਰ ਅੱਜ ਮੁੱਖ ਰੂਪ ਨਾਲ ਭਾਰਤ ਅਤੇ ਬੰਗਲਾਦੇਸ਼ ਦੇ ਛੋਟੇ ਖੇਤਰਾਂ ਤੱਕ ਹੀ ਸੀਮਤ ਰਹਿ ਗਏ ਹਨ।'' 

ਇੰਡੀਪੈਂਡੈਂਟ ਯੂਨੀਵਰਸਿਟੀ ਬੰਗਲਾਦੇਸ਼ ਦੇ ਇਕ ਸਹਾਇਕ ਪ੍ਰੋਫੈਸਰ ਸ਼ਰੀਫ ਮੁਕੁਲ ਨੇ ਕਿਹਾ,''ਸਾਡੇ ਵਿਸ਼ਲੇਸ਼ਣ ਮੁਤਾਬਕ ਜਿਹੜੀ ਸਭ ਤੋਂ ਵੱਧ ਭਿਆਨਕ ਗੱਲ ਹੈ ਉਹ ਇਹ ਹੈ ਕਿ ਸੁੰਦਰਵਨ ਵਿਚ ਟਾਈਗਰਾਂ ਦੀ ਰਿਹਾਇਸ਼ 2070 ਤੱਕ ਪੂਰੀ ਤਰ੍ਹਾਂ ਨਸ਼ਟ ਹੋ ਜਾਵੇਗੀ।'' ਉਨ੍ਹਾਂ ਦੇ ਵਿਸ਼ਲੇਸ਼ਣਾਂ ਵਿਚ ਮੌਸਮ ਸਬੰਧੀ ਕਾਫੀ ਉਤਰਾਅ-ਚੜਾਅ ਵਾਲੀਆਂ ਘਟਨਾਵਾਂ ਅਤੇ ਸਮੁੰਦਰ ਪੱਧਰ ਵਿਚ ਵਾਧੇ ਜਿਹੇ ਕਾਰਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਫਿਲਹਾਲ ਸ਼ੋਧ ਕਰਤਾਵਾਂ ਨੇ ਹਾਲੇ ਵੀ ਉਮੀਦ ਬਣਾਏ ਰੱਖਣ ਦੀ ਗੱਲ ਕਹੀ ਹੈ।


author

Vandana

Content Editor

Related News