ਪਵਿੱਤਰਤਾ ''ਚ ਹੀ ਪਰਮਾਤਮਾ ਦਾ ਵਾਸ ਹੁੰਦੇ : ਅਚਾਰੀਆ ਚੇਤਨਾ ਨੰਦ ਜੀ ਭੂਰੀਵਾਲੇ
Friday, Apr 05, 2019 - 12:34 PM (IST)

ਸਿਡਨੀ (ਸਨੀ ਚਾਂਦਪੁਰੀ, ਅਰਸ਼ਦੀਪ)— ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਤੀਜੇ ਗੱਦੀਨਸ਼ੀਨ ਸ੍ਰੀ ਸਤਿਗੁਰੂ ਬ੍ਰਹਮਾ ਨੰਦ ਜੀ ਮਹਾਰਾਜ ਭੂਰੀਵਾਲਿਆਂ (ਗਊਆਂ ਵਾਲਿਆਂ) ਦੇ ਅਵਤਾਰ ਦਿਵਸ ਨੂੰ ਸਮਰਪਿਤ ਤਿੰਨ ਦਿਨੀਂ ਸਮਾਗਮ ਦਾ ਆਯੋਜਨ ਕੀਤਾ ਗਿਆ। ਤਿੰਨ ਰੋਜ਼ਾ ਸਾਲਾਨਾ ਸੰਤ ਸਮਾਗਮ ਦੇ ਦੂਜੇ ਦਿਨ ਅਵਤਾਰ ਅਸਥਾਨ ਧਾਮ ਬ੍ਰਹਮਪੁਰੀ (ਚੂਹੜਪੁਰ) ਵਿਖੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਖੂਨਦਾਨ ਕੈਂਪ ਲਗਾਇਆ ਗਿਆ।ਇਸ ਮੌਕੇ ਅਚਾਰੀਆ ਚੇਤਨਾ ਨੰਦ ਜੀ ਮਹਾਰਾਜ ਭੁਰੀਵਾਲਿਆਂ ਵਲੋਂ 'ਜਗਤਗੁਰੂ ਅਚਾਰੀਆ ਬਾਬਾ ਗਰੀਬਦਾਸ ਰਚਿਤ ਬਾਣੀ' ਦੇ ਮੱਧ ਦੇ ਭੋਗ ਪਾਏ ਗਏ।
ਵੇਦਾਂਤ ਅਚਾਰੀਆ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਨੇ ਜੁੜ ਬੈਠੀਆਂ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਕਿਹਾ ਸ਼ੁੱਧੀ ਨਾਲ ਹੀ ਬੁੱਧੀ ਆਉਦੀ ਹੈ।ਪਵਿੱਤਰਤਾ 'ਚ ਹੀ ਪਰਮਾਤਮਾ ਦਾ ਵਾਸ ਹੁੰਦੇ। ਅਚਾਰੀਆ ਜੀ ਨੇ ਕਿਹਾ ਕਿ ਗੁਰੂਆਂ ਨੇ ਸਾਨੂੰ ਸਾਦਗੀ ਨਾਲ ਜੀਵਨ ਜੀਊਣ ਦੀ ਜਾਂਚ ਸਿਖਾਈ ਸੀ ਜਿਸ ਤੇ ਅਮਲ ਕਰਕੇ ਸਾਨੂੰ ਆਪਣਾ ਲੋਕ ਪ੍ਰਲੋਕ ਸੁਹੇਲਾ ਕਰਨਾ ਚਾਹੀਦਾ ਹੈ। ਅਚਾਰੀਆ ਜੀ ਨੇ ਕਿਹਾ ਕਿ ਸੇਵਾ ਸਿਮਰਨ ਤੇ ਦਾਨ ਕਰਨ ਵਾਲੇ ਜੀਵ ਸੰਸਾਰਿਕ ਬੰਧਨਾਂ ਤੋਂ ਹਮੇਸ਼ਾ ਲਈ ਮੁਕਤ ਹੋ ਕੇ ਪਰਮਾਤਮਾ ਦੀ ਪਾ੍ਰਪਤੀ ਕਰ ਲੈਂਦੇ ਹਨ।
ਬਲੱਡ ਬੈਂਕ ਗੜਸ਼ੰਕਰ ਦੇ ਸਹਿਯੋਗ ਨਾਲ ਲਗਾਏ ਖੂਨਦਾਨ ਕੈਂਪ ਦੀ ਆਰੰਭਤਾ ਕਰਨ ਉਪਰੰਤ ਅਚਾਰੀਆ ਜੀ ਨੇ ਖੂਨਦਾਨੀਆਂ ਨੂੰ ਪ੍ਰੇਰਣਾ ਦਿੰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ ਇਸ ਨੂੰ ਕਰਨ ਮੌਕੇ ਸੰਕੋਚ ਨਹੀ ਕਰਨਾ ਚਾਹੀਦਾ।ਇਸ ਮੌਕੇ ਸੰਤ ਮਹਾਂਪੁਰਸ਼ਾਂ 'ਚ ਸਵਾਮੀ ਹਰਬੰਸ ਲਾਲ ਜੀ ਬ੍ਰਹਮਚਾਰੀ ਡੇਹਲੋਂ, ਸਵਾਮੀ ਨਰਿੰਦਰਾ ਨੰਦ, ਸਵਾਮੀ ਫੁੰਮਣ ਦਾਸ, ਸਵਾਮੀ ਸੱਤਦੇਵ ਬ੍ਰਹਮਚਾਰੀ ਸਹਿਤ ਬਹੁਗਿਣਤੀ ਭੁਰੀਵਾਲੇ ਗੁਰਗੱਦੀ ਪਰੰਪਰਾ ਦੀਆਂ ਨਾਮਲੇਵਾ ਸੰਗਤਾਂ ਹਾਜ਼ਰ ਸਨ। ਸਮਾਗਮ ਦੌਰਾਨ ਅਚਾਰੀਆ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਨੇ ਰੋਜ਼ਾਨਾ ਪੀ.ਜੀ.ਆਈ. ਚੰਡੀਗੜ੍ਹ ਨੂੰ ਦੇਸੀ ਘਿਓ ਵਿਚ ਤਿਆਰ ਲੰਗਰ ਵਾਹਨ ਵੀ ਪੀ.ਜੀ.ਆਈ. ਮਰੀਜ਼ਾਂ ਲਈ ਰਵਾਨਾ ਕੀਤਾ।