ਆਸਟ੍ਰੇਲੀਆ : ਮੱਛੀਆਂ ਫੜਨ ਦੌਰਾਨ ਵਾਪਰਿਆ ਹਾਦਸਾ, 2 ਔਰਤਾਂ ਸਮੇਤ 1 ਬੱਚਾ ਜ਼ਖਮੀ
Wednesday, Oct 24, 2018 - 12:30 PM (IST)

ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਬੁੱਧਵਾਰ ਸਵੇਰੇ ਰੋਟਨੈਸਟ ਟਾਪੂ 'ਤੇ ਇਕ ਹਾਦਸਾ ਵਾਪਰਿਆ। ਇੱਥੇ ਦੋ ਔਰਤਾਂ ਇਕ ਬੱਚੇ ਸਮੇਤ ਜੈਟੀ 'ਤੇ ਸਵਾਰ ਹੋ ਕੇ ਮੱਛੀਆਂ ਫੜ ਰਹੀਆਂ ਸਨ। ਅਚਾਲਕ ਜੈਟੀ ਦਾ ਇਕ ਹੱਸਾ ਟੁੱਟ ਗਿਆ। ਇਸ ਹਾਦਸੇ ਵਿਚ ਦੋਵੇਂ ਔਰਤਾਂ ਤੇ ਮੁੰਡੇ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਏਅਰ ਐਂਬੂਲੈਂਸ ਜ਼ਰੀਏ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।
ਦੋਵੇਂ ਔਰਤਾਂ ਅਤੇ 11 ਸਾਲਾ ਮੁੰਡਾ ਥਾਮਸਨ ਖਾੜੀ ਨੇੜੇ ਫੌਜੀ ਜੈਟੀ 'ਤੇ ਸਵਾਰ ਹੋ ਕੇ ਮੱਛੀਆਂ ਫੜ ਰਹੇ ਸਨ, ਉਸੇ ਦੌਰਾਨ ਜੈਟੀ ਦਾ ਇਕ ਹਿੱਸਾ ਟੁੱਟ ਗਿਆ। ਪੱਛਮੀ ਆਸਟ੍ਰੇਲੀਆਈ ਪੁਲਸ ਨੇ ਦੱਸਿਆ ਕਿ ਔਰਤਾਂ ਸੁਰੱਖਿਅਤ ਤਰੀਕੇ ਨਾਲ ਕਿਨਾਰੇ 'ਤੇ ਪਹੁੰਚ ਗਈਆਂ ਸਨ ਪਰ ਮੁੰਡਾ ਫਸ ਗਿਆ ਸੀ। ਮੁੰਡੇ ਨੂੰ ਬਚਾਉਣ ਲਈ ਬਚਾਅ ਮੁਹਿੰਮ ਚਲਾਈ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਇਕ ਚੌਥੇ ਸ਼ਖਸ ਨੂੰ ਵੀ ਇਸ ਹਾਦਸੇ ਵਿਚ ਸੁਰੱਖਿਅਤ ਬਚਾਇਆ ਗਿਆ ਹੈ ਭਾਵੇਂਕਿ ਪੁਲਸ ਇਸ ਗੱਲ ਦੀ ਪੁਸ਼ਟੀ ਕਰ ਰਹੀ ਹੈ ਕਿ ਹਾਦਸੇ ਸਮੇਂ ਜੈਟੀ 'ਤੇ ਕਿੰਨੇ ਲੋਕ ਸਵਾਰ ਸਨ।
ਇਹ ਸਮਝਿਆ ਗਿਆ ਹੈ ਕਿ ਬਚਾਅ ਮੁਹਿੰਮ ਵਿਚ ਨੇੜੇ ਖੜ੍ਹੇ ਲੋਕਾਂ ਨੇ ਮਦਦ ਕੀਤੀ ਸੀ। ਹੱਡੀਆਂ ਟੁੱਟਣ ਦੇ ਇਲਾਵਾ ਤਿੰਨਾਂ ਨੂੰ ਹੋਰ ਬਹੁਤ ਸਾਰੀਆਂ ਸੱਟਾਂ ਲੱਗੀਆਂ ਹਨ। ਮੁੰਡੇ ਨੂੰ ਏਅਰ ਐਂਬੂਲੈਂਸ ਜ਼ਰੀਏ ਪਰਥ ਦੇ ਬੱਚਿਆਂ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਮਗਰੋਂ ਉਸ ਦੀ ਹਾਲਤ ਸਥਿਰ ਹੈ। ਉੱਧਰ ਔਰਤਾਂ ਨੂੰ ਇਲਾਜ ਲਈ ਰੋਇਲ ਪਰਥ ਹਸਪਤਾਲ ਲਿਜਾਇਆ ਗਿਆ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।