ਰੋਹਿੰਗਿਆ ਸੰਕਟ : ਪਹਿਲੀ ਵਾਰ ਰਖਾਇਨ ਸੂਬੇ ਪਹੁੰਚੀ ਸੂ ਕੀ
Thursday, Nov 02, 2017 - 11:31 AM (IST)

ਯਾਂਗੂਨ (ਭਾਸ਼ਾ)— ਮਿਆਂਮਾਰ ਦੀ ਨੇਤਾ ਅਤੇ ਨੋਬਲ ਪੁਰਸਕਾਰ ਜੇਤੂ ਆਂਗ ਸਾਨ ਸੂ ਕੀ ਪਹਿਲੀ ਵਾਰ ਅਸ਼ਾਂਤੀ ਅਤੇ ਸੰਘਰਸ਼ ਦਾ ਸਾਹਮਣਾ ਕਰ ਰਹੇ ਉੱਤਰੀ ਸੂਬੇ ਰਖਾਇਨ ਪਹੁੰਚੀ ਹੈ। ਸੂ ਕੀ ਦੀ ਇਸ ਅਣ-ਐਲਾਨੀ ਯਾਤਰਾ ਦੀ ਸੂਚਨਾ ਇਕ ਅਧਿਕਾਰੀ ਨੇ ਦਿੱਤੀ। ਜ਼ਿਕਰਯੋਗ ਹੈ ਕਿ ਬੌਧ ਬਹੁਲ ਵਾਲੇ ਦੇਸ਼ ਮਿਆਂਮਾਰ ਦੇ ਰਖਾਇਨ ਸੂਬੇ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਰੋਹਿੰਗਿਆ ਮੁਸਲਮਾਨਾਂ ਵਿਰੁੱਧ ਹਿੰਸਕ ਘਟਨਾਵਾਂ ਹੋ ਰਹੀਆਂ ਹਨ। ਨਾਲ ਹੀ ਉੱਥੇ ਫੌਜ ਵਲੋਂ ਚਲਾਈ ਜਾ ਰਹੀ ਮੁਹਿੰਮ ਕਾਰਨ ਵੱਡੀ ਗਿਣਤੀ ਵਿਚ ਰੋਹਿੰਗਿਆ ਆਪਣਾ ਘਰ-ਬਾਰ ਛੱਡ ਕੇ ਬੰਗਲਾਦੇਸ਼ ਵਿਚ ਸ਼ਰਨ ਲੈਣ ਲਈ ਮਜ਼ਬੂਰ ਹੋਏ ਹਨ।
ਰਖਾਇਨ ਸੂਬੇ ਵਿਚ ਫੌਜੀ ਕਾਰਵਾਈ ਦੌਰਾਨ ਕਤਲ, ਬਲਾਤਕਾਰ ਅਤੇ ਅੱਗ ਲਾਉਣ ਵਰਗੀਆਂ ਵਾਰਦਾਤਾਂ ਤੋਂ ਪਰੇਸ਼ਾਨ ਹੋ ਕੇ ਬੀਤੀ 25 ਅਗਸਤ ਤੋਂ ਲੈ ਕੇ ਹੁਣ ਤੱਕ 6 ਲੱਖ ਰੋਹਿੰਗਿਆ ਮੁਸਲਮਾਨ ਦੇਸ਼ ਛੱਡ ਕੇ ਜਾ ਚੁੱਕੇ ਹਨ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਰੋਹਿੰਗਿਆ ਮੁਸਲਮਾਨਾਂ ਵਿਰੁੱਧ ਅਜਿਹੀ ਕਾਰਵਾਈ ਕਿਸੇ ਜਾਤੀ ਵਿਸ਼ੇਸ਼ ਨੂੰ ਨਿਸ਼ਾਨਾ ਬਣਾ ਕੇ ਉਸ ਨੂੰ ਖਤਮ ਕਰਨ ਵਰਗੀ ਹੈ। ਸੰਯੁਕਤ ਰਾਸ਼ਟਰ ਸਮੇਤ ਕੌਮਾਂਤਰੀ ਭਾਈਚਾਰਾ ਮਿਆਂਮਾਰ 'ਤੇ ਲਗਾਤਾਰ ਦਬਾਅ ਬਣਾ ਰਿਹਾ ਹੈ ਕਿ ਉਹ ਰੋਹਿੰਗਿਆ ਮੁਸਲਮਾਨਾਂ ਨੂੰ ਘਰ ਵਾਪਸ ਆਉਣ ਦਾ ਮੌਕਾ ਦੇਵੇ।
ਮਿਆਂਮਾਰ ਵਿਚ ਰੋਹਿੰਗਿਆ ਮੁਸਲਮਾਨਾਂ ਨੂੰ ਨਫਰਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਉਨ੍ਹਾਂ ਨੂੰ ਦੇਸ਼ ਦੀ ਨਾਗਰਿਕਤਾ ਪ੍ਰਾਪਤ ਨਹੀਂ ਹੈ ਅਤੇ ਉਨ੍ਹਾਂ ਨੂੰ ਗੈਰ-ਕਾਨੂੰਨੀ 'ਬੰਗਾਲੀ' ਸਮਝਿਆ ਜਾਂਦਾ ਹੈ। ਸੂ ਕੀ ਵਲੋਂ ਰੋਹਿੰਗਿਆ ਮੁਸਲਮਾਨਾਂ 'ਤੇ ਹੋ ਰਹੇ ਅੰਨ੍ਹੇ ਤਸ਼ੱਦਦ ਵਿਰੁੱਧ ਨਾ ਬੋਲਣ 'ਤੇ ਕੌਮਾਂਤਰੀ ਭਾਈਚਾਰੇ ਨੇ ਆਲੋਚਨਾ ਕੀਤੀ ਹੈ। ਓਧਰ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ ਹਿੰਸਕ ਘਟਨਾਵਾਂ ਅਤੇ ਮਿਆਂਮਾਰ ਫੌਜ ਵਲੋਂ ਰੋਹਿੰਗਿਆ ਮੁਸਲਮਾਨਾਂ ਵਿਰੁੱਧ ਬੇਰਹਿਮੀ ਨਾਲ ਬਲ ਦੀ ਵਰਤੋਂ ਕੀਤੇ ਜਾਣ ਕਾਰਨ ਬਹੁਤ ਚਿੰਤਤ ਹੈ। ਇਨ੍ਹਾਂ ਦੇਸ਼ਾਂ ਨੇ ਪਿਛਲੇ ਹਫਤੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਮਨੁੱਖੀ ਅਧਿਕਾਰ ਕਮੇਟੀ ਵਿਚ ਇਕ ਪ੍ਰਸਤਾਵ ਪੇਸ਼ ਕੀਤਾ। ਇਸ ਪ੍ਰਸਤਾਵ 'ਤੇ 14 ਨਵੰਬਰ ਨੂੰ ਵੋਟਿੰਗ ਹੋਵੇਗੀ ਅਤੇ ਇਕ ਮਹੀਨੇ ਬਾਅਦ ਮਹਾਸਭਾ ਵਿਚ ਇਸ 'ਤੇ ਚਰਚਾ ਹੋਵੇਗੀ।