ਪਾਕਿ ''ਚ ਘੱਟ ਗਿਣਤੀਆਂ ''ਤੇ ਤਸ਼ੱਦਦ: ਫ਼ਿਰੌਤੀ ਨਾ ਦੇਣ ''ਤੇ ਹਿੰਦੂ ਵਪਾਰੀ ’ਤੇ ਫਾਇਰਿੰਗ, 5 ਸਾਲਾ ਬੱਚਾ ਵੀ ਅਗਵਾ
Friday, May 26, 2023 - 10:37 PM (IST)
ਸਿੰਧ (ਵਿਸ਼ੇਸ਼)- ਸਿੰਧ ਦੇ ਕਸ਼ਮੋਰ ਜ਼ਿਲ੍ਹੇ ਦੀ ਕੰਧਕੋਟ ਤਹਿਸੀਲ ਦੇ ਬਦਾਨੀ ਇਲਾਕੇ ’ਚ ਸ਼ਾਹੀਨ ਰਾਈਸ ਮਿੱਲ ਦੇ ਮਾਲਕ ਹਿੰਦੂ ਵਪਾਰੀ ਸੇਠ ਰਨੋਮਲ ’ਤੇ ਅਗਵਾ ਕਰਨ ਦੇ ਇਰਾਦੇ ਨਾਲ ਹਤਿਆਰਬੰਦ ਲੋਕਾਂ ਨੇ ਹਮਲਾ ਕੀਤਾ। ਹਾਲਾਂਕਿ ਉਸ ਨੇ ਵਿਰੋਧ ਕੀਤਾ ਅਤੇ ਮਦਦ ਲਈ ਰੌਲਾ ਪਾਇਆ। ਇਸ ਕਾਰਨ ਉਸ ਦੀ ਰਾਈਸ ਮਿੱਲ ਦੇ 15-20 ਮਜ਼ਦੂਰ ਉਸ ਦੇ ਬਚਾਅ ਵਿਚ ਆਏ ਅਤੇ ਹਮਲਾਵਰਾਂ ਨੂੰ ਪਿੱਛੇ ਹਟਣ ’ਤੇ ਮਜਬੂਰ ਹੋਣਾ ਪਿਆ। ਗ੍ਰੇ ਰੰਗ ਦੀ ਆਲਟੋ (600 ਸੀ. ਸੀ.) ਵਿਚ ਮੌਕੇ ਤੋਂ ਭੱਜਣ ਤੋਂ ਪਹਿਲਾਂ ਹਮਲਾਵਰਾਂ ’ਚੋਂ ਇਕ ਨੇ ਉਨ੍ਹਾਂ ’ਤੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਵਪਾਰੀ ਦੇ ਢਿੱਡ ’ਚ ਸੱਟ ਲੱਗ ਗਈ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਉਨ੍ਹਾਂ ਦੇ ਬੇਟੇ ਭਾਨੁਮਲ ਦੇ ਮੁਤਾਬਕ ਉਨ੍ਹਾਂ ਦੇ ਪਿਤਾ ਨੂੰ ਅਣਪਛਾਤੇ ਨੰਬਰਾਂ ਤੋਂ ਧਮਕੀ ਮਿਲੀ ਸੀ ਕਿ 50 ਲੱਖ ਰੁਪਏ ਨਾ ਦੇਣ ’ਤੇ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਉਸਦੇ ਪਿਤਾ ਨੇ ਫਿਰੌਤੀ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ ਅਤੇ ਇਸ ਸਬੰਧ ’ਚ ਪੁਲਸ ’ਚ ਸ਼ਿਕਾਇਤ ਵੀ ਦਰਜ ਕਰਾਵਾਈ ਸੀ। ਹਾਲਾਂਕਿ ਸਥਾਨਕ ਪੁਲਸ ਵੱਲੋਂ ਕੋਈ ਅਹਿਤਿਆਤੀ ਕਦਮ ਨਹੀਂ ਚੁੱਕਿਆ ਗਿਆ।
ਓਧਰ ਕੰਧਕੋਟ ਤਹਿਸੀਲ ਦੇ ਮਿਰਜ਼ਾਪੁਰ ਇਲਾਕੇ ’ਚ ਆਪਣੇ ਘਰ ਦੇ ਬਾਹਰ ਖੇਡ ਰਹੇ ਇਕ ਹਿੰਦੂ ਵਪਾਰੀ ਅਜੀਤ ਕੁਮਾਰ ਦੇ 5 ਸਾਲਾ ਲੜਕੇ ਸਿਮਰਿਤ ਕੁਮਾਰ ਨੂੰ ਮੋਟਰਸਾਈਕਲ ਸਵਾਰ 2 ਹਥਿਆਰਬੰਦ ਲੋਕਾਂ ਨੇ ਅਗਵਾ ਕਰ ਲਿਆ। ਅਜੀਤ ਕੁਮਾਰ ਦੇ ਦੋਸਤਾਂ, ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਤੁਰੰਤ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਅਤੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਟਾਇਰ ਫੂਕ ਕੇ ਕਰਾਚੀ, ਕਾਸ਼ਮੋਰ ਅਤੇ ਪੇਸ਼ਾਵਰ ਨੂੰ ਜੋਡ਼ਨ ਵਾਲੀ ਬਾਈਪਾਸ ਸੜਕ ਨੂੰ ਬੰਦ ਕਰ ਦਿੱਤਾ, ਜਿਸ ਨਾਲ ਭਾਰੀ ਜਾਮ ਲੱਗ ਗਿਆ ਅਤੇ ਆਵਾਜਾਈ ਰੁਕ ਗਈ। ਅਜੇ ਤੱਕ ਪਰਿਵਾਰ ਕੋਲ ਫਿਰੌਤੀ ਦੀ ਕੋਈ ਕਾਲ ਨਹੀਂ ਆਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।