ਸਿਨਸਿਨਾਟੀ ਦੇ ਸਿੱਖ ਯੂਥ ਸੀਮਪੋਜ਼ੀਅਮ 2022 ''ਚ ਬੱਚਿਆਂ ਨੇ ਸਿੱਖੀ ਪ੍ਰਤੀ ਉਤਸ਼ਾਹ ਦਿਖਾਇਆ

Thursday, May 12, 2022 - 12:16 PM (IST)

ਸਿਨਸਿਨਾਟੀ ਦੇ ਸਿੱਖ ਯੂਥ ਸੀਮਪੋਜ਼ੀਅਮ 2022 ''ਚ ਬੱਚਿਆਂ ਨੇ ਸਿੱਖੀ ਪ੍ਰਤੀ ਉਤਸ਼ਾਹ ਦਿਖਾਇਆ

ਸਿਨਸਿਨਾਟੀ,(ਰਾਜ ਗੋਗਨਾ): ਗੁਰੂ ਨਾਨਕ ਸੋਸਾਇਟੀ ਗੁਰਦੁਆਰਾ ਸਿਨਸਿਨਾਟੀ, ਓਹਾਇੳ ਸੂਬੇ ਵਿਖੇ ਸਾਲ- 2022 ਅੰਤਰਰਾਸ਼ਟਰੀ ਸਿੱਖ ਯੂਥ ਸਿਮਪੋਜ਼ੀਅਮ ਸੰਬੰਧੀ ਸਥਾਨਕ ਮੁਕਾਬਲੇ ਕਰਵਾਏ ਗਏ। ਇਸ ਵਿਚ 6 ਸਾਲ ਤੋਂ 17 ਸਾਲ ਦੇ ਬੱਚਿਆਂ ਨੇ ਭਾਗ ਲਿਆ ਜਿਨ੍ਹਾਂ ਨੂੰ ਉਮਰ ਅਨੁਸਾਰ ਚਾਰ ਗਰੁੱਪਾਂ ਵਿਚ ਵੰਡਿਆ ਗਿਆ ਸੀ। ਹਰੇਕ ਗਰੁੱਪ ਨੂੰ ਕੁੱਝ ਮਹੀਨੇ ਪਹਿਲਾਂ ਇਕ ਕਿਤਾਬ ਦਿੱਤੀ ਜਾਂਦੀ ਹੈ ਤੇ ਬੱਚਿਆਂ ਨੇ ਉਸ ਦੇ ਵਿਚੋਂ ਦਿੱਤੇ ਗਏ ਤਿੰਨ ਸਵਾਲਾਂ ਦੇ ਜਵਾਬ 5 ਤੋਂ 7 ਮਿੰਟ ਵਿਚ ਭਾਸ਼ਣ ਦੇ ਰੂਪ ਵਿਚ ਦੇਣੇ ਹੁੰਦੇ ਹਨ। ਸਿਨਸਿਨਾਟੀ ਤੋਂ ਇਲਾਵਾ ਨਾਲ ਲਗਦੇ ਸ਼ਹਿਰ ਡੇਟਨ ਦੇ ਬੱਚਿਆਂ ਨੇ ਵੀ ਇਸ ਵਿਚ ਉਤਸ਼ਾਹ ਨਾਲ ਭਾਗ ਲਿਆ। 

ਹਰੇਕ ਗਰੁਪ ਦੇ ਜੇਤੂ ਬੱਚੇ 20 ਮਈ ਨੂੰ ਪਿਟਸਬਰਗ ਵਿਖੇ ਹੋਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣਗੇ।ਸਿਮਪੋਜ਼ੀਅਮ ਦੀ ਅਰੰਭਤਾਂ ਅਤੇ ਸਮਾਪਤੀ ਅਰਦਾਸ ਅਤੇ ਹੁਕਮਨਾਮਾ ਲੈ ਕੇ ਹੋਈ। ਮੰਚ ਦਾ ਸੰਚਾਲਨ ਅਤੇ ਹੋਰ ਸੇਵਾਵਾਂ ਉਹਨਾਂ ਨੋਜਵਾਨਾਂ ਵਲੋਂ ਵੀ ਕੀਤੀਆਂ ਗਈਆਂ ਜੋ ਪਹਿਲਾਂ ਇਹਨਾਂ ਵਿੱਚ ਭਾਗ ਲੈਂਦੇ ਰਹੇ ਹਨ। ਹਰੇਕ ਗਰੁੱਪ ਨੂੰ ਇਕ ਕਿਤਾਬ ਦਿੱਤੀ ਜਾਂਦੀ ਹੈ ਤੇ ਬੱਚਿਆਂ ਨੇ ਉਸ ਦੇ ਵਿਚੋਂ ਤਿੰਨ ਸਵਾਲਾਂ ਦੇ ਜਵਾਬ 5 ਤੋਂ 7 ਮਿੰਟ ਵਿਚ ਭਾਸ਼ਣ ਦੇ ਰੂਪ ਵਿਚ ਦੇਣੇ ਹੁੰਦੇ ਹਨ। ਇਸ ਸਾਲ ਪਹਿਲੇ ਗਰੁੱਪ ਨੂੰ “ਮੇਰੇ ਗੁਰੂ ਦੀਆਂ ਅਸੀਸਾਂ”, ਦੂਜੇ ਨੂੰ ਸਿੱਖ ਸਾਖੀਆਂ, ਤੀਜੇ ਨੂੰ ਸਿੱਖ ਗੁਰੂਆਂ ਦਾ ਇਤਿਹਾਸ ਅਤੇ ਚੌਥੇ ਨੂੰ “ਦਿ ਵੈਲੀਅੰਟ – ਜਸਵੰਤ ਸਿੰਘ ਖਾਲੜਾ” ਕਿਤਾਬ ਦਿੱਤੀ ਗਈ, ਜਿਸ ਵਿੱਚੋਂ ਉਹਨਾਂ ਦਿੱਤੇ ਗਏ ਤਿੰਨ ਸਵਾਲਾਂ ਦੇ ਜਵਾਬ ਵਿੱਚ ਭਾਸ਼ਣ ਦਿੱਤੇ।

PunjabKesari

ਸਿਮਪੋਜ਼ੀਅਮ ਅਤੇ ਸਿੱਖ ਯੂਥ ਅਲਾਇੰਸ ਆਫ ਨਾਰਥ ਅਮਰੀਕਾ (ਸਿਆਨਾ) ਸੰਸਥਾ ਦੇ ਨੈਸ਼ਨਲ ਕਨਵੀਨਰ ਸ. ਕੁਲਦੀਪ ਸਿੰਘ ਅਨੁਸਾਰ ਸੰਸਥਾ ਵਲੋਂ ਸੰਨ 2000 ਤੋਂ ਹਰ ਸਾਲ ਮਾਰਚ-ਅਪਰੈਲ ਦੇ ਮਹੀਨੇ ਵਿਚ ਇਹ ਮੁਕਾਬਲੇ ਪਹਿਲਾਂ ਅਮਰੀਕਾ ਤੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਕਰਵਾਏ ਜਾਂਦੇ ਹਨ, ਫਿਰ ਰਾਜ ਪੱਧਰੀ ਤੇ ਅੰਤ ਵਿਚ ਅਗਸਤ ਦੇ ਮਹੀਨੇ ਵਿਚ ਅੰਤਰ-ਰਾਸ਼ਟਕੀ ਪੱਧਰ ਦੇ ਮੁਕਾਬਲੇ ਕਰਵਾਏ ਜਾਂਦੇ ਹਨ।ਇਸ ਵਿਚ ਰਾਜ ਪੱਧਰੀ ਮੁਕਾਬਲਿਆਂ ਦੇ ਜੇਤੂ ਬੱਚੇ ਭਾਗ ਲੈਂਦੇ ਹਨ। ਰਾਜ ਪੱਧਰੀ ਮੁਕਾਬਲਿਆਂ ਲਈ ਅਮਰੀਕਾ ਅਤੇ ਕੈਨੇਡਾ ਨੂੰ 13 ਹਿੱਸਿਆਂ ਵਿਚ ਵੰਡਿਆ ਗਿਆ ਹੈ ਤੇ ਹਰ ਖਿੱਤੇ ਤੋਂ ਜੇਤੂ ਬੱਚੇ ਫਾਈਨਲ ਮੁਕਾਬਲਿਆਂ ਵਿਚ ਜਾਂਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਸਮੇਂ ਦੋ ਬੱਚੇ ਦਰਿਆ 'ਚ ਡੁੱਬੇ, ਇਕ ਦੀ ਲਾਸ਼ ਬਰਾਮਦ

ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਬੱਚਿਆਂ ਨੇ ਇਸ ਸਮਾਗਮ ਵਿਚ ਭਾਗ ਲੈਂਦੇ ਹੋਏ ਆਪਣੇ ਵਲੋਂ ਵਧੀਆ ਤੋ ਵਧੀਆ ਭਾਸ਼ਣ ਤਿਆਰ ਕੀਤੇ ਅਤੇ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਕਿਸੇ ਪ੍ਰਤੀਯੋਗਤਾ ਵਿਚ ਭਾਗ ਲੈ ਰਹੇ ਹਨ। ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਅਮਰੀਕ ਸਿੰਘ ਨੇ ਇਸ ਸਮਾਗਮ ਨੂੰ ਸਫਲਤਾਪੂਰਵਕ ਆਯੋਜਤ ਕਰਣ ਲਈ ਸਾਰੇ ਵਲੰਟੀਅਰਾਂ, ਬੱਚਿਆਂ, ਉਹਨਾਂ ਦੇ ਮਾਤਾ ਪਿਤਾ, ਸਮੂਹ ਸੰਗਤ ਅਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਇਸ ਸਿਮਪੋਜ਼ੀਅਮ ਦੀ ਤਿਆਰੀ ਨਾਲ ਬੱਚਿਆਂ ਨੂੰ ਜਿੱਥੇ ਸਿੱਖ ਇਤਿਹਾਸ ਤੇ ਵਿਰਸੇ ਬਾਰੇ ਜਾਣਕਾਰੀ ਮਿਲਦੀ ਹੈ ਨਾਲ ਹੀ ਉਹਨਾਂ ਨੂੰ ਭਾਸ਼ਣ ਲਿਖਣ ਤੇ ਬੋਲਣ ਦਾ ਵੀ ਪਤਾ ਲਗਦਾ ਹੈ। ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਟਰੋਫੀ ਅਤੇ ਸਰਟੀਫਿਕੇਟ ਵੀ ਦਿੱਤੇ ਗਏ।


author

Vandana

Content Editor

Related News