ਪਾਕਿਸਤਾਨ ''ਚ ਵੱਖ-ਵੱਖ ਅੱਤਵਾਦੀ ਹਮਲਿਆਂ ''ਚ 3 ਲੋਕਾਂ ਦੀ ਮੌਤ
Wednesday, Jan 01, 2025 - 02:14 PM (IST)
ਪੇਸ਼ਾਵਰ (ਏਜੰਸੀ)- ਪਾਕਿਸਤਾਨ ਦੇ ਅਸ਼ਾਂਤ ਉੱਤਰੀ ਪੱਛਮ ਵਿਚ ਬੁੱਧਵਾਰ ਨੂੰ 3 ਵੱਖ-ਵੱਖ ਅੱਤਵਾਦੀ ਘਟਨਾਵਾਂ ਵਿਚ 1 ਬੱਚੇ ਸਮੇਤ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਰਾਤ 1 ਵਜੇ ਅੱਤਵਾਦੀਆਂ ਨੇ ਖੈਬਰ ਪਖਤੂਨਖਵਾ ਦੇ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਦੇ ਦਰਬਾਨ ਖੇਤਰ 'ਚ ਇਕ ਪੁਲਸ ਚੌਕੀ 'ਤੇ ਹਮਲਾ ਕੀਤਾ, ਜਿਸ 'ਚ ਇਕ ਪੁਲਸ ਕਾਂਸਟੇਬਲ ਅਤੇ ਇਕ ਮਜ਼ਦੂਰ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ।
ਪੁਲਸ ਨੇ ਦੱਸਿਆ ਕਿ ਦੂਜੀ ਘਟਨਾ ਦੱਖਣੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਆਜ਼ਮ ਵਾਰਸਕ ਇਲਾਕੇ ਵਿੱਚ ਵਾਪਰੀ, ਜਿੱਥੇ ਇੱਕ ਮੋਟਰਸਾਈਕਲ ਵਿੱਚ ਰੱਖੇ ਬੰਬ ਦੇ ਫਟਣ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਪੁਲਸ ਮੁਤਾਬਕ ਇੱਕ ਹੋਰ ਘਟਨਾ ਬੰਨੂ ਜ਼ਿਲ੍ਹੇ ਦੇ ਮਾਮਾਖੇਲ ਇਲਾਕੇ ਵਿੱਚ ਵਾਪਰੀ, ਜਿੱਥੇ ਸੜਕ ਕਿਨਾਰੇ ਇੱਕ ਬੰਬ ਫਟਣ ਕਾਰਨ ਘੱਟੋ-ਘੱਟ 5 ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ।